ਰੱਖੜਾ ਦੀ ਦੂਰਅੰਦੇਸ਼ੀ ਸੋਚ ਤੇ ਤਜਰਬੇ ਦਾ ਪਾਰਟੀ ਨੂੰ ਹੋਵੇਗਾ ਲਾਭ-ਮੁੱਖ ਮੰਤਰੀ
ਪਟਿਆਲਾ, 16 ਮਈ (ਮਨਦੀਪ ਸਿੰਘ ਖਰੌੜ)-ਨਾਭਾ ਰੋਡ 'ਤੇ ਸਥਿਤ ਕਰਤਾਰ ਵਿਲਾ 'ਚ ਅੱਜ ਵੱਡੀ ਗਿਣਤੀ ਸਮਰਥਕਾਂ ਦੀ ਮੌਜੂਦਗੀ ਵਿਚ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਤੇ ਚਰਨਜੀਤ ਸਿੰਘ ਰੱਖੜਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਰੋਪਾਓ ਭੇਟ ਕਰਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕੀਤਾ ਹੈ | ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਚੰਗੇ ਸੂਝਬੂਝ ਅਤੇ ਦੂਰਅੰਦੇਸ਼ੀ ਸੋਚ ਵਾਲੇ ਨੁਮਾਇੰਦਿਆਂ ਦੀ ਲੋੜ ਹੈ, ਕਿਉਂਕਿ ਚੰਗੀ ਟੀਮ ਨਾਲ ਹੀ ਸੂਬੇ ਦਾ ਸਰਬਪੱਖੀ ਵਿਕਾਸ ਹੋ ਸਕਦਾ ਹੈ, ਜਿਵੇਂ ਕਿ ਸੁਰਜੀਤ ਸਿੰਘ ਰੱਖੜਾ ਦੀ ਸਾਫ਼ ਛਵੀ ਦੂਰਅੰਦੇਸ਼ੀ, ਰਾਜਸੀ, ਸਮਾਜਿਕ ਸੂਝ-ਬੂਝ ਅਤੇ ਸੇਵਾ ਭਾਵਨਾ ਦੇ ਤਜਰਬੇ ਤੋਂ ਆਮ ਆਦਮੀ ਪਾਰਟੀ ਨੂੰ ਬਹੁਤ ਫ਼ਾਇਦਾ ਮਿਲੇਗਾ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਰੋਕਣ ਲਈ ਅਜਿਹਾ ਸਖ਼ਤ ਕਾਨੂੰਨ ਬਣਾਇਆ ਹੈ ਕਿ ਬੇਅਦਬੀ ਕਰਨ ਵਾਲੇ ਦੀਆਂ 7 ਪੁਸ਼ਤਾਂ ਵੀ ਮੁੜ ਅਜਿਹਾ ਕਰਨ ਬਾਰੇ ਕਦੇ ਵੀ ਨਹੀਂ ਸੋਚਣਗੀਆਂ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਵਲੋਂ ਸੂਬੇ ਵਿਚ 14 ਹਜ਼ਾਰ ਕਿੱਲੋਮੀਟਰ ਦੀਆਂ ਕੱਸੀਆਂ ਨੂੰ ਪੱਕੇ ਕਰਕੇ ਖੇਤਾਂ ਨੂੰ ਨਹਿਰੀ ਪਾਣੀ ਪਹੁੰਚਾਇਆ ਅਤੇ 43 ਹਜ਼ਾਰ ਕਿੱਲੋਮੀਟਰ ਦੀਆਂ ਸੜਕਾਂ ਪੱਕੀਆਂ ਕਰ ਦਿੱਤੀਆਂ ਹਨ | ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਛਵਾੜਾ ਕੋਲ ਖਾਨ ਨੂੰ ਚਾਲੂ ਕਰਨਾ ਅਤੇ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਖ਼ਰੀਦ ਕੇ ਸਰਕਾਰ ਨੇ ਇਤਿਹਾਸਿਕ ਕਦਮ ਚੁੱਕਿਆ ਹੈ | ਸੰਬੋਧਨ ਦੌਰਾਨ ਮੁੱਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ (ਬ) ਬਾਰੇ ਬੋਲਦਿਆਂ ਕਿਹਾ ਕਿ ਜਿਹੜੇ 25 ਸਾਲ ਰਾਜ ਕਰਨਾ ਚਾਹੁੰਦੇ ਸੀ ਉਨ੍ਹਾਂ ਦੀ ਪਾਰਟੀ ਨਾਲ ਹੁਣ ਕਮੇਟੀਆਂ ਬਣਾਉਣ ਲਈ 25 ਬੰਦੇ ਵੀ ਨਹੀਂ ਜੁੜ ਰਹੇ | ਉਨ੍ਹਾਂ ਨੇ ਕਾਂਗਰਸ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਕਾਂਗਰਸੀ ਪਾਰਟੀ ਵਿਚ ਹਰ ਇਕ ਮੁੱਖ ਮੰਤਰੀ ਹੈ ਜੇਕਰ ਹਨੇਰੇ ਵਿਚ ਇੱਟ ਮਾਰੀਏ ਤਾਂ ਇੱਟ ਮੁੱਖ ਮੰਤਰੀ ਦੇ ਜਾ ਕੇ ਲੱਗੇਗੀ | ਕਾਂਗਰਸ ਨੇ ਪੰਜਾਬ ਦਾ ਕੁਝ ਨਹੀਂ ਸਵਾਰਿਆ | ਉਨ੍ਹਾਂ ਕਿਹਾ ਕਿ ਭਾਜਪਾ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੀ ਵਿਰੋਧੀ ਰਹੀ ਹੈ | ਉਹ ਸੂਬੇ ਤੋਂ ਚੰਡੀਗੜ੍ਹ ਖੋਹਣਾ ਚਾਹੁੰਦੇ ਹਨ ਅਤੇ ਪੰਜਾਬ ਦੇ ਪਾਣੀਆਂ 'ਤੇ ਡਾਕਾ ਮਾਰਨ ਨੂੰ ਫਿਰਦੇ ਹਨ | ਅਜਿਹੀਆਂ ਪਾਰਟੀਆਂ ਪੰਜਾਬ ਦਾ ਕੀ ਸਵਾਰ ਸਕਦੀਆਂ ਹਨ | ਆਮ ਆਦਮੀ ਪਾਰਟੀ ਦਾ ਪੱਲਾ ਫੜਨ ਤੋਂ ਬਾਅਦ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਗੁਰੂ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਅਤੇ ਸਮਾਣਾ 'ਚ ਲੱਗੇ ਟਾਵਰ ਮੋਰਚੇ ਦੌਰਾਨ ਬੇਅਦਬੀ ਸੰਬੰਧੀ ਕਾਨੂੰਨ ਬਣਾਉਣ ਦੀ ਮੁੱਖ ਮੰਤਰੀ ਤੋਂ ਮੰਗ ਕੀਤੀ ਸੀ | ਉਸ ਵੇਲੇ ਸ. ਮਾਨ ਨੇ ਮੈਨੂੰ ਕਿਹਾ ਸੀ ਕਿ ਜੇਕਰ ਕਾਨੂੰਨ ਪਾਸ ਹੋ ਗਿਆ ਤਾਂ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣਗੇ | ਦੂਜਾ ਕਾਰਨ ਭਗਵੰਤ ਮਾਨ ਸਰਕਾਰ ਵਲੋਂ ਧਰਤੀ ਹੇਠਲੇ ਪਾਣੀ ਦਾ ਪੱਤਣ ਡਿੱਗਣ ਤੋਂ ਰੋਕਣ ਲਈ ਖੇਤਾਂ ਵਿਚ ਨਹਿਰੀ ਪਾਣੀ ਪਹੁੰਚਾਉਣ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਅੱਜ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਹਨ | ਸ. ਰੱਖੜਾ ਨੇ ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਿਚ ਉਹ ਸੂਬੇ ਦੇ ਵਿਕਾਸ ਲਈ ਸਾਰੇ ਇੱਕਜੁੱਟ ਹੋ ਕੇ ਕੰਮ ਕਰਨਗੇ | ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਓ.ਐੱਸ.ਡੀ. ਮੁੱਖ ਮੰਤਰੀ ਰਾਜਵੀਰ ਘੁੰਮਣ, ਚੇਤਨ ਸਿੰਘ ਜੌੜਾਮਾਜਰਾ ਵਿਧਾਇਕ, ਗੁਰਦੇਵ ਸਿੰਘ ਮਾਨ ਵਿਧਾਇਕ, ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਹਰੀ ਸਿੰਘ ਨਾਭਾ (ਪ੍ਰੀਤ ਕੰਬਾਈਨ), ਚਰਨਜੀਤ ਸਿੰਘ ਧਾਲੀਵਾਲ, ਸੁਖਵਿੰਦਰ ਸੁੱਖੀ ਰੱਖੜਾ, ਸੁੱਖੀ ਗਿੱਲ, ਦਿਲਸ਼ਾਦ ਸਿੱਧੂ, ਸਰਤਾਜ ਸਿੰਘ ਧਾਲੀਵਾਲ, ਜੋਗਾ ਸਿੰਘ ਚੱਠਾ, ਮਹਿਲ ਸਿੰਘ ਢੀਂਡਸਾ, ਅਮੀਰ ਸਿੰਘ, ਸੋਨੂੰ, ਮੁਹਤਬਰ ਸਾਥੀ ਅਤੇ ਹਜ਼ਾਰਾਂ ਦੀ ਗਿਣਤੀ 'ਚ ਰੱਖੜਾ ਪਰਿਵਾਰ ਦੇ ਸਮਰਥਕ ਹਜ਼ਾਰ ਸਨ |
ਸਮਾਣਾ ਦੀ ਸੜਕ ਨੂੰ ਚਾਰ ਮਾਰਗੀ ਕਰਨ ਦੀ ਮੰਗ
ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਪਟਿਆਲਾ ਸਮਾਣਾ ਮਾਰਗ ਨੂੰ ਚਾਰ ਮਾਰਗੀ ਅਤੇ ਸਿਵਲ ਹਸਪਤਾਲ ਨੂੰ ਜਲਦੀ ਅਪਗ੍ਰੇਡ ਕਰਵਾਉਣ ਦੀ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ | ਸ. ਮਾਨ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਦੋਨੋਂ ਮੰਗਾਂ ਜਲਦ ਹੀ ਪੂਰੀਆਂ ਕੀਤੀਆਂ ਜਾਣਗੀਆਂ |
ਅਕਾਲੀ ਆਗੂ ਸੁਰਜੀਤ ਸਿੰਘ ਰੱਖੜਾ 'ਆਪ' 'ਚ ਸ਼ਾਮਿਲ <br/>
ਅਜੀਤ ਡੈਸਕ
17-05-2026