15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਤਰੁਣ ਚੁੱਘ ਨੇ ਭਗਵੰਤ ਮਾਨ ਨੂੰ ਭੇਜਿਆ ਕਾਨੂੰਨੀ ਨੋਟਿਸ

ਅਜੀਤ ਡੈਸਕ 08-05-2026
ਚੰਡੀਗੜ੍ਹ, 7 ਮਈ (ਸੰਦੀਪ ਕੁਮਾਰ ਮਾਹਨਾ)-ਪੰਜਾਬ 'ਚ ਹੋਏ ਬੰਬ ਧਮਾਕਿਆਂ ਦੇ ਮਾਮਲੇ 'ਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਭਾਜਪਾ 'ਤੇ ਲਗਾਏ ਗਏ ਦੋਸ਼ਾਂ ਮਗਰੋਂ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ | ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਮੁੱਖ ਮੰਤਰੀ ਨੂੰ ਮਾਣਹਾਨੀ ਦਾ ਨੋਟਿਸ ਭੇਜਦਿਆਂ ਕਿਹਾ ਕਿ ਬਿਨਾਂ ਸਬੂਤ ਅਜਿਹੇ ਇਲਜ਼ਾਮ ਲਗਾਉਣਾ ਨਾ ਸਿਰਫ਼ ਗੈਰ-ਜ਼ਿੰਮੇਵਾਰਾਨਾ ਹੈ, ਸਗੋਂ ਪੰਜਾਬ ਵਿਚ ਭੰਬਲਭੂਸਾ ਪੈਦਾ ਕਰਨ ਵਾਲਾ ਵੀ ਹੈ | ਤਰੁਣ ਚੁੱਘ ਨੇ ਕਿਹਾ ਕਿ ਭਗਵੰਤ ਮਾਨ ਨੇ ਮੁੱਖ ਮੰਤਰੀ ਦੇ ਅਹੁਦੇ ਦੀ ਮਰਿਆਦਾ ਨੂੰ ਨਜ਼ਰਅੰਦਾਜ਼ ਕਰਦਿਆਂ ਭਾਜਪਾ ਵਰਗੀ ਰਾਸ਼ਟਰਵਾਦੀ ਪਾਰਟੀ ਨੂੰ ਬੰਬ ਧਮਾਕਿਆਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ | ਉਨ੍ਹਾਂ ਕਿਹਾ ਕਿ ਇਸ ਸੰਬੰਧੀ ਮੁੱਖ ਮੰਤਰੀ ਖ਼ਿਲਾਫ਼ ਅਪਰਾਧਿਕ ਮਾਣਹਾਨੀ, ਝੂਠੀ ਜਾਣਕਾਰੀ ਫੈਲਾਉਣ ਅਤੇ ਜਨਤਕ ਅਸ਼ਾਂਤੀ ਭੜਕਾਉਣ ਦੀ ਕੋਸ਼ਿਸ਼ ਦੇ ਤਹਿਤ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ | ਚੁੱਘ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਦਾ ਬਿਆਨ ਪੰਜਾਬ ਪੁਲਿਸ ਦੇ ਡੀ.ਜੀ.ਪੀ ਦੇ ਬਿਆਨਾਂ ਨਾਲ ਵੀ ਮੇਲ ਨਹੀਂ ਖਾਂਦਾ | ਜਿਥੇ ਪੰਜਾਬ ਪੁਲਿਸ ਵਲੋਂ ਧਮਾਕਿਆਂ ਪਿੱਛੇ ਆਈ.ਐਸ.ਆਈ ਅਤੇ ਵਿਦੇਸ਼ੀ ਨੈੱਟਵਰਕ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਉਥੇ ਮੁੱਖ ਮੰਤਰੀ ਸਿਆਸੀ ਲਾਭ ਲਈ ਭਾਜਪਾ ਨੂੰ ਨਿਸ਼ਾਨਾ ਬਣਾ ਰਹੇ ਹਨ | ਉਨ੍ਹਾਂ ਸਵਾਲ ਕੀਤਾ ਕਿ ਕੀ ਮੁੱਖ ਮੰਤਰੀ ਪੰਜਾਬ ਦੀ ਸੁਰੱਖਿਆ ਨੂੰ ਤਰਜੀਹ ਦੇ ਰਹੇ ਹਨ ਜਾਂ ਸਿਆਸੀ ਏਜੰਡਾ ਚਲਾ ਰਹੇ ਹਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਰਾਸ਼ਟਰੀ ਸੁਰੱਖਿਆ ਵਰਗੇ ਸੰਵੇਦਨਸ਼ੀਲ ਮਾਮਲਿਆਂ 'ਤੇ ਬੇਬੁਨਿਆਦ ਸਿਆਸਤ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ | ਤਰੁਣ ਚੁੱਘ ਨੇ ਚਿਤਾਵਨੀ ਦਿੱਤੀ ਕਿ ਜੇਕਰ ਭਗਵੰਤ ਮਾਨ 7 ਦਿਨਾਂ ਦੇ ਅੰਦਰ ਆਪਣਾ ਬਿਆਨ ਵਾਪਸ ਲੈ ਕੇ ਜਨਤਕ ਤੌਰ 'ਤੇ ਮੁਆਫ਼ੀ ਨਹੀਂ ਮੰਗਦੇ ਤਾਂ ਉਨ੍ਹਾਂ ਖ਼ਿਲਾਫ਼ ਅਪਰਾਧਿਕ ਅਤੇ ਸਿਵਲ ਦੋਵੇਂ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਇਹ ਜਾਣਨਾ ਚਾਹੁੰਦੀ ਹੈ ਕਿ ਮੁੱਖ ਮੰਤਰੀ ਕੋਲ ਆਪਣੇ ਦੋਸ਼ਾਂ ਦੇ ਸਮਰਥਨ ਵਿਚ ਕਿਹੜੇ ਸਬੂਤ ਹਨ |

ਪਿਛਲੀ ਖ਼ਬਰ ਅੱਤਵਾਦ ਖ਼ਿਲਾਫ਼ ਭਾਰਤ ਦੇ ਸੰਕਲਪ ਦਾ ਇਕ ਫ਼ੈਸਲਾਕੁੰਨ ਸਬੂਤ ਹੈ 'ਆਪ੍ਰੇਸ਼ਨ ਸੰਧੂਰ'-ਰਾਸ਼ਟਰਪਤੀ ਅਗਲੀ ਖ਼ਬਰ ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ 'ਤੇ 'ਆਪ੍ਰੇਸ਼ਨ ਸੰਧੂਰ' ਦਾ ਲਾਇਆ ਲੋਗੋ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।