ਸ਼ੁਕਰਾਨਾ ਯਾਤਰਾ ਦੌਰਾਨ ਮੁੱਖ ਮੰਤਰੀ ਦੇ ਸਵਾਗਤ ਲਈ ਮਾਝੇ ਦੀਆਂ ਸੜਕਾਂ 'ਤੇ ਉਮੜਿਆ ਲੋਕਾਂ ਦਾ ਇਕੱਠ
ਕਿਹਾ, ਹੁਣ ਕਾਨੂੰਨ 'ਚ ਸੋਧ ਨਾਲ ਕੋਈ ਦੋਸ਼ੀ ਮਾਨਸਿਕ ਰੋਗੀ ਜਾਂ ਦਿਮਾਗ਼ੀ ਤੌਰ 'ਤੇ ਪ੍ਰੇਸ਼ਾਨ ਕਹਿ ਕੇ ਬਚ ਨਹੀਂ ਸਕਦਾ
ਜਸਵੰਤ ਸਿੰਘ ਜੱਸ,
ਸੁਰਿੰਦਰਪਾਲ ਸਿੰਘ ਵਰਪਾਲ
ਅੰਮਿ੍ਤਸਰ, 7 ਮਈ-ਪਿਛਲੇ ਦਿਨੀਂ ਵਿਧਾਨ ਸਭਾ ਵਿਚ ਬੇਅਦਬੀ ਸੰਬੰਧੀ ਪਾਸ ਕੀਤੇ 'ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026' ਤੋਂ ਬਾਅਦ ਆਰੰਭ ਕੀਤੀ ਚਾਰ ਦਿਨਾ ਸ਼ੁਕਰਾਨਾ ਯਾਤਰਾ ਦੇ ਦੂਜੇ ਦਿਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਹਰਿਮੰਦਰ ਸਾਹਿਬ ਪੁੱਜੇ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ | ਇਸ ਤੋਂ ਪਹਿਲਾਂ ਗੁਰੂ ਨਗਰੀ ਵਿਚ ਪੁੱਜਣ 'ਤੇ ਮੁੱਖ ਮੰਤਰੀ ਦਾ 'ਆਪ' ਵਿਧਾਇਕਾਂ, ਆਗੂਆਂ ਅਤੇ ਵੱਡੀ ਗਿਣਤੀ 'ਚ ਸ਼ਹਿਰ ਵਾਸੀਆਂ ਵਲੋਂ ਗੋਲਡਨ ਗੇਟ ਵਿਖੇ ਫੁੱਲਾਂ ਦੀ ਵਰਖਾ ਕਰਕੇ ਤੇ ਸਿਰੋਪਾਓ ਆਦਿ ਭੇਟ ਕਰ ਕੇ ਨਿੱਘਾ ਸਵਾਗਤ ਕੀਤਾ ਗਿਆ | ਬਾਅਦ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਦੇ ਬਾਹਰ ਘੰਟਾ ਘਰ ਪਲਾਜ਼ਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬੀਤੀ 13 ਅਪ੍ਰੈਲ ਨੂੰ ਪੰਜਾਬ ਵਿਧਾਨ ਸਭਾ ਵਿਚ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਵਿਚ ਸੋਧ ਕਰਕੇ ਉਸ 'ਚ ਸਖ਼ਤ ਧਾਰਾਵਾਂ ਲਾਈਆਂ ਗਈਆਂ | ਉਸ ਤੋਂ ਬਾਅਦ ਸ਼ੁਕਰਾਨਾ ਯਾਤਰਾ ਸ਼ੁਰੂ ਕੀਤੀ ਗਈ ਹੈ ਤੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕੀਤੀ ਹੈ | ਉਨ੍ਹਾਂ ਕਿਹਾ ਕਿ ਹੁਣ ਬੇਅਦਬੀ ਸੰਬੰਧੀ ਧਾਰਾਵਾਂ ਬਹੁਤ ਸਖ਼ਤ ਹੋ ਗਈਆਂ ਹਨ | ਹੁਣ ਕੋਈ ਮਾਨਸਿਕ ਰੋਗੀ ਕਹਿ ਕੇ ਜਾਂ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਕਹਿ ਕੇ ਬਚ ਨਹੀਂ ਸਕਦਾ, ਉਸਦੇ ਕਸਟੋਡੀਅਨ ਜਾਂ ਗਾਰਡੀਅਨ ਜਾਂ ਉਸਦੇ ਮਾਪੇ, ਜਿਨ੍ਹਾਂ ਕੋਲ ਵੀ ਉਹ ਰਹਿੰਦਾ ਹੋਵੇ, ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਵਿਚ ਇਸ ਕਾਨੂੰਨ ਨੂੰ ਲੈ ਕੇ ਖੁਸ਼ੀ ਪਾਈ ਜਾ ਰਹੀ ਹੈ | ਨਵੇਂ ਕਾਨੂੰਨ ਨਾਲ 10 ਸਾਲ ਤੋਂ ਲੈ ਕੇ ਜਿੰਨਾ ਚਿਰ ਦੋਸ਼ੀ ਦੀ ਮੌਤ ਨਹੀਂ ਹੁੰਦੀ, ਓਨਾ ਚਿਰ ਉਮਰ ਕੈਦ ਦੌਰਾਨ ਉਹ ਜੇਲ੍ਹ ਵਿਚ ਰਹੇਗਾ | ਉਨ੍ਹਾਂ ਕਿਹਾ ਕਿ ਮੰਨੇ-ਪ੍ਰਮੰਨੇ ਸਿੱਖ ਵਕੀਲਾਂ ਤੇ ਦੇਸ਼ ਦੇ ਸੀਨੀਅਰ ਵਕੀਲਾਂ ਤੋਂ ਸਲਾਹਾਂ ਲੈ ਕੇ ਇਹ ਕਾਨੂੰਨ ਬਣਾਇਆ ਗਿਆ ਹੈ | ਸ਼ੋ੍ਰਮਣੀ ਕਮੇਟੀ ਵਲੋਂ ਨਵੇਂ ਕਾਨੂੰਨ ਦਾ ਵਿਰੋਧ ਕੀਤੇ ਜਾਣ ਦੇ ਸਵਾਲ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਦੀ ਚੋਣ ਹੋਈ ਨੂੰ 14 ਸਾਲ ਹੋ ਗਏ ਹਨ, ਉਹ ਸੰਵਿਧਾਨਕ ਬਾਡੀ ਤਾਂ ਹੁਣ ਰਹੀ ਨਹੀਂ | ਉਨ੍ਹਾਂ ਕਿਹਾ ਕਿ ਸਾਰੀ ਦੁਨੀਆ ਦੀ ਸੰਗਤ ਨੂੰ ਤਾਂ ਕਾਨੂੰਨ ਪ੍ਰਵਾਨ ਹੈ, ਸਿਰਫ਼ ਸਿੱਖਾਂ ਦੀ ਜੋ ਸਭ ਤੋਂ ਵੱਡੀ ਸੰਸਥਾ, ਉਸ ਨੂੰ ਪ੍ਰਵਾਨ ਕਿਉਂ ਨਹੀਂ | ਉਨ੍ਹਾਂ ਕਿਹਾ ਕਿ ਅਸਲ 'ਚ ਸ਼ੋ੍ਰਮਣੀ ਕਮੇਟੀ ਨੂੰ ਨਹੀਂ, ਬਲਕਿ ਉਸਦੇ ਦੇ ਆਕਾਵਾਂ ਨੂੰ ਨਵਾਂ ਕਾਨੂੰਨ ਪ੍ਰਵਾਨ ਨਹੀਂ, ਕਿਉਂਕਿ ਬੇਅਦਬੀ ਦੀਆਂ ਘਟਨਾਵਾਂ 'ਚ ਉਨ੍ਹਾਂ ਦੇ ਨਾਂਅ ਬੋਲਦੇ ਹਨ | ਇਸ ਕਰਕੇ ਤਾਂ ਸਰਕਾਰ ਨੇ ਕਾਨੂੰਨ ਬਣਾਇਆ ਹੈ | ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਜਥੇਦਾਰ ਵਲੋਂ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਕੱਲ੍ਹ ਬੁਲਾਏ ਜਾਣ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਇਹ ਸੋਧ ਕਾਨੂੰਨ ਕੈਬਨਿਟ ਵਿਚ ਪਾਸ ਅਤੇ ਡਰਾਫ਼ਟ ਹੋਇਆ ਹੈ ਤੇ ਵਿਧਾਨ ਸਭਾ ਨੇ ਸਰਬ ਸੰਮਤੀ ਨਾਲ ਪਾਸ ਕੀਤਾ ਹੈ | ਉਨ੍ਹਾਂ ਕਿਹਾ ਕਿ ਸਪੀਕਰ ਨੇ ਤਾਂ ਸਿਰਫ਼ ਪੜ੍ਹ ਕੇ ਸੁਣਾਇਆ | ਉਨ੍ਹਾਂ ਕਿਹਾ ਸ: ਸੰਧਵਾਂ ਕੱਲ੍ਹ ਨਤਮਸਤਕ ਹੋਣ ਆਉਣਗੇ ਤੇ ਜੋ ਉਨ੍ਹਾਂ ਨੂੰ ਵਿਚਾਰ-ਵਟਾਂਦਰੇ ਲਈ ਬੁਲਾਇਆ, ਉਹ ਆਪਣਾ ਪੱਖ ਦੱਸ ਦੇਣਗੇ | ਈ.ਡੀ ਵਲੋਂ ਕੀਤੀ ਗਈ ਕਾਰਵਾਈ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਦਾ ਸਾਡੇ ਨਾਲ ਕੋਈ ਸੰਬੰਧ ਨਹੀਂ, ਕਿਸੇ ਦੀ ਕੋਈ ਪੁਰਾਣੀ ਕੰਪਨੀ ਦੇ ਸਿਲਸਿਲੇ 'ਚ ਆਏ ਹੋਏ ਨੇ ਉਹ ਤੇ ਜਿੱਥੇ ਮਰਜ਼ੀ ਜਾਂਚ ਕਰ ਸਕਦੇ ਹਨ | ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਬਾਅਦ ਸ੍ਰੀ ਦਮਦਮਾ ਸਾਹਿਬ, ਸ੍ਰੀ ਫ਼ਤਹਿਗੜ੍ਹ ਸਾਹਿਬ ਅਤੇ ਸ੍ਰੀ ਦੂਖ ਨਿਵਾਰਣ ਸਾਹਿਬ ਵੀ ਜਾਵਾਂਗਾ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਾਂਗਾ | ਇਸ ਤੋਂ ਪਹਿਲਾਂ ਮੁੱਖ ਮੰਤਰੀ ਦੀ ਸ਼ੁਕਰਾਨਾ ਯਾਤਰਾ ਦੌਰਾਨ ਅੰਮਿ੍ਤਸਰ ਜ਼ਿਲ੍ਹੇ ਦੇ ਰਈਆ, ਜੰਡਿਆਲਾ ਗੁਰੂ ਅਤੇ ਗੋਲਡਨ ਗੇਟ ਆਦਿ ਥਾਵਾਂ 'ਤੇ ਵੀ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੀ ਸੀਨੀਅਰ ਆਗੂ ਬਲਤੇਜ ਸਿੰਘ ਪੰਨੂੰ, ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਡਾ: ਇੰਦਰਬੀਰ ਸਿੰਘ ਨਿੱਜਰ, ਡਾ: ਅਜੈ ਗੁਪਤਾ, ਜੀਵਨਜੋਤ ਕੌਰ, ਜਸਬੀਰ ਸਿੰਘ ਸੰਧੂ, ਵਾਈਸ ਚੇਅਰਮੈਨ ਜਸਕਰਨ ਸਿੰਘ ਬੰਦੇਸ਼ਾ, ਚੇਅਰਮੈਨ ਪ੍ਰਭਬੀਰ ਸਿੰਘ ਬਰਾੜ ਆਦਿ ਵੀ ਹਾਜ਼ਰ ਸਨ | ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਵੱਖ-ਵੱਖ ਥਾਵਾਂ 'ਤੇ ਬੋਲਦਿਆਂ ਭਾਜਪਾ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਕ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਲੋਕ ਸੇਵਾ ਦੀ ਸਿਆਸਤ ਕਰ ਰਹੀ ਹੈ ਅਤੇ ਦੂਜੇ ਪਾਸੇ ਭਾਜਪਾ ਪੰਜਾਬ ਵਿਰੋਧੀ ਸਿਆਸਤ ਖੇਡ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ 700 ਕਿਸਾਨਾਂ ਦੀ ਮੌਤ ਲਈ ਭਾਜਪਾ ਜ਼ਿੰਮੇਵਾਰ ਹੈ ਅਤੇ ਕੇਂਦਰ ਸਰਕਾਰ ਹਰ ਰੋਜ਼ ਪੰਜਾਬ ਵਿਰੋਧੀ ਫ਼ੈਸਲੇ ਲੈਂਦੀ ਹੈ | ਉਨ੍ਹਾਂ ਕਿਹਾ 'ਆਪ' ਸਰਕਾਰ ਨੇ ਸਿਰਫ਼ ਚਾਰ ਸਾਲਾਂ ਵਿਚ ਲੋਕਾਂ ਨੂੰ ਮੁਫ਼ਤ ਬਿਜਲੀ ਦਿੱਤੀ, 65000 ਸਰਕਾਰੀ ਨੌਕਰੀਆਂ ਦਿੱਤੀਆਂ, ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਇਆ, 10 ਲੱਖ ਰੁਪਏ ਦਾ ਕੈਸ਼ਲੈੱਸ ਇਲਾਜ ਅਤੇ ਮਹਿਲਾਵਾਂ ਲਈ 1000-1500 ਦੀ ਸਨਮਾਨ ਰਾਸ਼ੀ ਦਿੱਤੀ ਹੈ | ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਕੋਈ ਵੀ ਨਵਾਂ ਸਿਆਸੀ ਗੱਠਜੋੜ ਇਕ ਵਾਰ ਫਿਰ ਸਾਬਤ ਕਰੇਗਾ ਕਿ ਦੋਵੇਂ ਪਾਰਟੀਆਂ ਇੱਕੋ ਸਿੱਕੇ ਦੇ ਦੋ ਪਹਿਲੂ ਹਨ |
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸ਼ੁਕਰਾਨਾ <br/>
ਅਜੀਤ ਡੈਸਕ
08-05-2026