15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

'ਆਪ੍ਰੇਸ਼ਨ ਸੰਧੂਰ' ਅਜੇ ਵੀ ਜਾਰੀ-ਫ਼ੌਜ

ਅਜੀਤ ਡੈਸਕ 08-05-2026

• ਪਹਿਲੀ ਵਰ੍ਹੇਗੰਢ ਮੌਕੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਫ਼ੌਜ ਦੀ ਬਹਾਦਰੀ ਨੂੰ ਸਲਾਮ • ਕਾਂਗਰਸ ਨੇ ਅੰਤਰਰਾਸ਼ਟਰੀ ਮੰਚ 'ਤੇ ਪਾਕਿਸਤਾਨ ਦੀ ਤਾਰੀਫ਼ ਨੂੰ ਲੈ ਕੇ ਸਰਕਾਰ ਨੂੰ ਚੇਤਾਇਆ
ਉਪਮਾ ਡਾਗਾ ਪਾਰਥ

ਨਵੀਂ ਦਿੱਲੀ/ਜੈਪੁਰ, 7 ਮਈ- 'ਆਪ੍ਰੇਸ਼ਨ ਸੰਧੂਰ' ਦੀ ਪਹਿਲੀ ਵਰ੍ਹੇਗੰਢ ਮੌਕੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਨੇ ਫ਼ੌਜ ਦੀ ਬਹਾਦਰੀ ਅਤੇ ਜਜ਼ਬੇ ਨੂੰ ਸਲਾਮ ਕੀਤਾ | ਨਾਲ ਹੀ ਇਸ ਮੌਕੇ ਤਿੰਨੋਂ ਫ਼ੌਜਾਂ ਦੇ ਅਧਿਕਾਰੀਆਂ ਨੇ ਸਾਂਝੀ ਪ੍ਰੈੱਸ ਕਾਨਫ਼ਰੰਸ ਕਰ ਕੇ ਇਕ ਵਾਰ ਫਿਰ ਅੱਤਵਾਦ ਖ਼ਿਲਾਫ਼ ਭਾਰਤ ਦੀ ਲੜਾਈ ਜਾਰੀ ਰਹਿਣ ਦਾ ਅਹਿਦ ਕਰਦਿਆਂ ਅਤੇ ਮੁੜ ਦੁਹਰਾਉਂਦਿਆਂ ਕਿਹਾ ਕਿ 'ਆਪ੍ਰੇਸ਼ਨ ਸੰਧੂਰ' ਕੋਈ ਅੰਤ ਨਹੀਂ ਸੀ ਸਗੋਂ ਇਹ ਸ਼ੁਰੂਆਤ ਸੀ | ਤਿੰਨੋਂ ਫ਼ੌਜਾਂ ਦੇ ਰੱਖਿਆ ਅਧਿਕਾਰੀਆਂ ਨੇ ਸਾਂਝੀ ਪ੍ਰੈੱਸ ਕਾਨਫ਼ਰੰਸ ਕਰ ਕੇ ਕਿਹਾ ਕਿ ਇਹ 'ਆਪ੍ਰੇਸ਼ਨ ਸੰਧੂਰ' ਅੰਤ ਨਹੀਂ ਸਗੋਂ ਅੱਤਵਾਦ ਨਾਲ ਲੰਬੀ ਲੜਾਈ ਦਾ ਨਵਾਂ ਅਧਿਆਇ ਹੈ | ਲੈਫਟੀਨੈਂਟ ਜਨਰਲ ਰਾਜੀਵ ਘਈ, ਲੈਫਟੀਨੈਂਟ ਜਨਰਲ ਜੁਬਿਨ ਏ. ਮਿਨਵਾਲਾ, ਏਅਰ ਮਾਰਸ਼ਲ ਅਵਧੇਸ਼ ਕੁਮਾਰ ਅਤੇ ਵਾਈਸ ਐਡਮਿਰਲ ਏ.ਐੱਲ. ਪ੍ਰਮੋਦ ਨੇ ਆਪ੍ਰੇਸ਼ਨ ਦੇ ਕਈ ਪਹਿਲੂਆਂ, ਰਣਨੀਤੀ ਅਤੇ ਉਪਲਬਧੀਆਂ 'ਤੇ ਚਰਚਾ ਕੀਤੀ | ਏਅਰ ਮਾਰਸ਼ਲ ਅਵਧੇਸ਼ ਕੁਮਾਰ ਨੇ ਕਿਹਾ ਕਿ ਪਾਕਿਸਤਾਨ ਵਲੋਂ ਅਪੀਲ ਕੀਤੀ ਗਈ ਸੀ ਕਿ ਅਸੀਂ 'ਆਪ੍ਰੇਸ਼ਨ ਸੰਧੂਰ' ਰੋਕ ਦਈਏ | ਉਸ ਤੋਂ ਬਾਅਦ ਡੀ.ਜੀ.ਐਮ.ਓ. ਪੱਧਰ ਦੀ ਗੱਲਬਾਤ 'ਚ ਇਸ ਆਪ੍ਰੇਸ਼ਨ ਨੂੰ ਰੋਕਿਆ ਗਿਆ | ਉਨ੍ਹਾਂ ਕਿਹਾ ਕਿ 'ਆਪ੍ਰੇਸ਼ਨ ਸੰਧੂਰ' ਭਾਵੇਂ ਰੋਕ ਦਿੱਤਾ ਗਿਆ ਹੈ ਪਰ ਇਹ ਖ਼ਤਮ ਨਹੀਂ ਹੋਇਆ ਅਤੇ ਹਾਲੇ ਜਾਰੀ ਹੈ | ਲੈਫਟੀਨੈਂਟ ਜਨਰਲ ਘਈ ਨੇ ਕਿਹਾ ਕਿ ਮੌਜੂਦਾ ਦੌਰ 'ਚ ਜਿਥੇ ਸੰਘਰਸ਼ ਲੰਬੇ ਚਲਦੇ ਹਨ ਉਥੇ ਭਾਰਤ ਨੇ ਤੇਜ਼ ਅਤੇ ਸਟੀਕ ਹਮਲਾ ਕੀਤਾ | ਆਪਣੇ ਰਣਨੀਤਕ ਟੀਚੇ ਹਾਸਿਲ ਕੀਤੇ ਅਤੇ ਫਿਰ ਪਾਕਿਸਤਾਨ ਦੀ ਅਪੀਲ 'ਤੇ ਆਪ੍ਰੇਸ਼ਨ ਰੋਕ ਦਿੱਤਾ | ਉਨ੍ਹਾਂ ਕਿਹਾ ਕਿ 'ਆਪ੍ਰੇਸ਼ਨ ਸੰਧੂਰ' ਕਿਸੇ ਮੁਹਿੰਮ ਦਾ ਅੰਤ ਨਹੀਂ ਸਗੋਂ ਅੱਤਵਾਦ ਖ਼ਿਲਾਫ਼ ਭਾਰਤ ਦੀ ਲੰਬੀ ਲੜਾਈ ਦਾ ਨਵਾਂ ਅਧਿਆਇ ਹੈ |
ਹਰ ਚੁਣੌਤੀ ਨਾਲ ਨਜਿੱਠਣ ਲਈ ਤਿਆਰ ਹਨ ਸਾਡੇ ਜਵਾਨ - ਰਾਜਨਾਥ ਸਿੰਘ
ਰੱਖਿਆ ਮੰਤਰੀ ਨੇ 'ਆਪ੍ਰੇਸ਼ਨ ਸੰਧੂਰ' ਨੂੰ ਰਾਸ਼ਟਰੀ ਸੰਕਲਪ, ਤਿਆਰੀ ਅਤੇ ਫ਼ੌਜੀ ਸਮਰੱਥਾ ਦਾ ਸ਼ਕਤੀਸ਼ਾਲੀ ਪ੍ਰਤੀਕ ਕਰਾਰ ਦਿੰਦਿਆਂ ਕਿਹਾ ਕਿ 'ਆਪ੍ਰੇਸ਼ਨ ਸੰਧੂਰ' ਵਿਖਾਉਂਦਾ ਹੈ ਕਿ ਭਾਰਤੀ ਹਥਿਆਰਬੰਦ ਫ਼ੌਜਾਂ ਹਰ ਚੁਣੌਤੀਪੂਰਨ ਹਾਲਾਤ 'ਚ ਫ਼ੈਸਲਾਕੁੰਨ ਕਾਰਵਾਈ ਲਈ ਪੂਰੀ ਤਰ੍ਹਾਂ ਤਿਆਰ ਹੈ | ਉਨ੍ਹਾਂ ਕਿਹਾ ਕਿ 'ਆਪ੍ਰੇਸ਼ਨ ਸੰਧੂਰ' ਭਾਰਤ ਦੀ ਆਤਮਨਿਰਭਰਤਾ ਕਵਾਇਦ ਦੀ ਦਿਸ਼ਾ 'ਚ ਲਗਾਤਾਰ ਵਧਦੇ ਕਦਮਾਂ ਦਾ ਸਬੂਤ ਹੈ | ਉਨ੍ਹਾਂ ਇਸ ਸੰਬੰਧ 'ਚ 59 ਸੈਕਿੰਡ ਦਾ ਵੀਡੀਓ ਵੀ ਸਾਂਝਾ ਕਰਦਿਆਂ ਚਿਤਾਵਨੀ ਦਿੱਤੀ ਕਿ ਭਾਰਤ ਅੱਤਵਾਦ ਖ਼ਿਲਾਫ਼ ਜਦੋਂ ਵੀ ਕੋਈ ਕਾਰਵਾਈ ਕਰੇਗਾ ਤਾਂ ਅੱਤਵਾਦੀਆਂ ਅਤੇ ਉਨ੍ਹਾਂ ਦੇ ਆਕਾਵਾਂ ਦੀ ਸਰਹੱਦ ਪਾਰ ਦੀ ਜ਼ਮੀਨ ਵੀ ਸੁਰੱਖਿਅਤ ਨਹੀਂ ਰਹੇਗੀ |
ਕਾਂਗਰਸ ਨੇ ਸਰਕਾਰ ਨੂੰ ਬਣਾਇਆ ਨਿਸ਼ਾਨਾ-ਜੈਰਾਮ ਰਮੇਸ਼
'ਆਪ੍ਰੇਸ਼ਨ ਸੰਧੂਰ' ਦੀ ਪਹਿਲੀ ਵਰ੍ਹੇਗੰਢ ਮੌਕੇ ਮੁੱਖ ਵਿਰੋਧੀ ਧਿਰ ਕਾਂਗਰਸ ਨੇ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ 'ਆਪ੍ਰੇਸ਼ਨ ਸੰਧੂਰ' ਦੇ ਬਾਅਦ ਭਾਰਤ ਵਲੋਂ ਵਿਆਪਕ ਸਫਾਰਤੀ ਕੋਸ਼ਿਸ਼ਾਂ ਦੇ ਬਾਵਜੂਦ ਪਾਕਿਸਤਾਨ 2008 ਦੇ ਮੁੰਬਈ ਅੱਤਵਾਦੀ ਹਮਲੇ ਦੇ ਬਾਅਦ ਵਾਂਗ ਅਲੱਗ-ਥਲੱਗ ਨਹੀਂ ਪਿਆ, ਸਗੋਂ ਉਸਨੂੰ ਅਮਰੀਕੀ ਫ਼ੌਜੀ ਸੰਸਥਾ ਤੋਂ ਪ੍ਰਸੰਸਾ ਮਿਲੀ ਹੈ | ਕਾਂਗਰਸ ਨੇ ਯਾਦ ਦਿਵਾਉਂਦੇ ਹੋਏ ਇਹ ਵੀ ਕਿਹਾ ਕਿ ਆਪ੍ਰੇਸ਼ਨ ਨੂੰ ਅਚਾਨਕ ਰੋਕਣ ਵਾਲੀ ਜੰਗਬੰਦੀ ਦਾ ਪਹਿਲਾ ਐਲਾਨ 10 ਮਈ 2025 ਨੂੰ ਭਾਰਤੀ ਸਮੇਂ ਮੁਤਾਬਿਕ ਸ਼ਾਮ 5 ਵੱਜ ਕੇ 37 ਮਿੰਟ 'ਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਕੀਤਾ ਸੀ | ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ 'ਆਪ੍ਰੇਸ਼ਨ ਸੰਧੂਰ' ਦੀ ਪਹਿਲੀ ਵਰ੍ਹੇਗੰਢ ਮਨਾਉਂਦੇ ਹੋਏ ਅਤੇ ਸਾਡੀਆਂ ਹਥਿਆਰਬੰਦ ਫ਼ੌਜਾਂ ਦੀਆਂ ਉਪਲਬਧੀਆਂ ਨੂੰ ਸਲਾਮ ਕਰਦਿਆਂ ਇਹ ਯਾਦ ਕਰਨਾ ਮੁਫੀਦ ਹੋਵੇਗਾ ਕਿ 'ਆਪ੍ਰੇਸ਼ਨ ਸੰਧੂਰ' ਨੂੰ ਅਚਾਨਕ ਰੋਕਣ ਲਈ ਜੰਗਬੰਦੀ ਦਾ ਪਹਿਲਾ ਐਲਾਨ ਅਮਰੀਕੀ ਵਿਦੇਸ਼ ਮੰਤਰੀ ਨੇ ਕੀਤਾ ਸੀ ਅਤੇ ਉਨ੍ਹਾਂ ਦਾਅਵਾ ਕੀਤਾ ਸੀ ਕਿ ਇਹ ਰਾਸ਼ਟਰਪਤੀ ਟਰੰਪ ਦੀ ਦਖ਼ਲਅੰਦਾਜ਼ੀ ਕਾਰਨ ਸੰਭਵ ਹੋਇਆ ਸੀ | ਕਾਂਗਰਸੀ ਨੇਤਾ ਨੇ ਇਹ ਵੀ ਕਿਹਾ ਕਿ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ ਨੇ 30 ਮਈ 2025 ਨੂੰ ਸਿੰਗਾਪੁਰ 'ਚ ਬਿਆਨ ਦਿੱਤਾ ਸੀ ਕਿ ਸਫ਼ਾਰਤੀ ਖਾਮੀਆਂ ਕਾਰਨ ਭਾਰਤ ਨੂੰ ਸ਼ੁਰੂਆਤੀ ਨੁਕਸਾਨ ਚੁੱਕਣਾ ਪਿਆ ਪਰ ਸਮੀਖਿਆ ਅਤੇ ਸੁਧਾਰ ਤੋਂ ਬਾਅਦ ਭਾਰਤ ਗ਼ਲਤੀਆਂ ਨੂੰ ਸਮਝਣ ਅਤੇ ਪਾਕਿਸਤਾਨ ਦੇ ਅੰਦਰ ਸਟੀਕ ਹਮਲੇ ਕਰਨ ਦੇ ਸਮਰਥਨ ਰਿਹਾ | ਜੈਰਾਮ ਰਮੇਸ਼ ਨੇ ਲਗਾਤਾਰ ਦਿੱਤੇ ਹਵਾਲਿਆਂ 'ਚ ਜਕਾਰਤਾ ਦੇ ਸੰਮੇਲਨ 'ਚ 10 ਜੂਨ 2025 'ਚ ਇੰਡੋਨੇਸ਼ੀਆ ਸਥਿਤ ਭਾਰਤੀ ਦੂਤਘਰ ਦੇ ਰੱਖਿਆ ਅਧਿਕਾਰੀ ਅਤੇ ਫ਼ੌਜ ਦੇ ਉਪ ਮੁਖੀ ਲੈਫਟੀਨੈਂਟ ਜਨਰਲ ਰਾਹੁਲ ਸਿੰਘ ਵਲੋਂ ਦਿੱਤੇ 4 ਜੁਲਾਈ 2025 ਦੇ ਬਿਆਨ ਦਾ ਵੀ ਹਵਾਲਾ ਦਿੱਤਾ, ਜਿਥੇ ਰੱਖਿਆ ਅਧਿਕਾਰੀ ਨੇ ਜਕਾਰਤਾ 'ਚ ਸਵੀਕਾਰ ਕੀਤਾ ਕਿ ਭਾਰਤ ਨੇ 7 ਮਈ 2025 ਨੂੰ ਆਪਣੇ ਸਿਆਸੀ ਲੀਡਰਸ਼ਿਪ ਵਲੋਂ ਲਾਈਆਂ ਪਾਬੰਦੀਆਂ ਕਾਰਨ ਜਹਾਜ਼ ਗੁਆ ਦਿੱਤੇ | ਜੈਰਾਮ ਰਮੇਸ਼ ਨੇ ਕਿਹਾ ਕਿ ਭਾਰਤ ਵਲੋਂ ਵਿਆਪਕ ਕੋਸ਼ਿਸ਼ਾਂ ਦੇ ਬਾਵਜੂਦ ਪਾਕਿਸਤਾਨ ਨਵੰਬਰ 2008 ਦੇ ਮੁੰਬਈ ਅੱਤਵਾਦੀ ਹਮਲਿਆਂ ਤੋਂ ਬਾਅਦ ਵਾਂਗ ਅਲੱਗ-ਥਲੱਗ ਨਹੀਂ ਪਿਆ | ਸਗੋਂ ਜੂਨ 2025 ਤੋਂ ਰਾਸ਼ਟਰਪਤੀ ਟਰੰਪ ਨੇ ਉਸਦੇ ਫ਼ੌਜ ਮੁਖੀ ਫੀਲਡ ਮਾਰਸ਼ਲ ਅਸੀਮ ਮੁਨੀਰ ਦਾ ਬੜੀ ਗਰਮਜ਼ੋਸ਼ੀ ਨਾਲ ਸਵਾਗਤ ਕੀਤਾ ਅਤੇ ਸਰਹੱਦ ਪਾਰੋਂ ਅੱਤਵਾਦ ਦੇ ਵਿਸ਼ਵ ਦੇ ਸਭ ਤੋਂ ਅੱਗੇ ਰਹਿਣ ਵਾਲੇ ਪ੍ਰਯੋਜਕ ਪਾਕਿਸਤਾਨ ਨੂੰ ਅਮਰੀਕੀ ਫ਼ੌਜੀ ਸੰਸਥਾ ਵਲੋਂ ਪ੍ਰਸੰਸਾ ਵੀ ਮਿਲੀ |

ਪਿਛਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸ਼ੁਕਰਾਨਾ <br/> ਅਗਲੀ ਖ਼ਬਰ ਈ. ਡੀ. ਵਲੋਂ ਖਰੜ, ਚੰਡੀਗੜ੍ਹ• ਤੇ ਮੁਹਾਲੀ ਦੇ 12 ਟਿਕਾਣਿਆਂ 'ਤੇ ਛਾਪੇਮਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।