15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਈ. ਡੀ. ਵਲੋਂ ਖਰੜ, ਚੰਡੀਗੜ੍ਹ• ਤੇ ਮੁਹਾਲੀ ਦੇ 12 ਟਿਕਾਣਿਆਂ 'ਤੇ ਛਾਪੇਮਾਰੀ

ਅਜੀਤ ਡੈਸਕ 08-05-2026

ਕਾਰਵਾਈ ਦੌਰਾਨ ਵੈਸਟਰਨ ਟਾਵਰ ਤੋਂ ਨੋਟਾਂ ਨਾਲ ਭਰੇ 2 ਬੈਗ ਸੁੱਟੇ, ਨੋਟ ਖਿੱਲਰੇ
ਤਰਸੇਮ ਸਿੰਘ ਜੰਡਪੁਰੀ/ਕਪਿਲ ਵਧਵਾ

ਖਰੜ/ਚੰਡੀਗੜ੍ਹ, 7 ਮਈ-ਖਰੜ ਦੇ ਨਿੱਝਰ ਚੌਕ ਨੇੜੇ ਸਥਿਤ ਵੈਸਟਰਨ ਟਾਵਰ ਦੀ ਨੌਵੀਂ ਮੰਜ਼ਿਲ 'ਤੇ ਰਹਿੰਦੇ ਨਿਤਿਨ ਗੋਹਲ ਨਾਮਕ ਵਿਅਕਤੀ ਦੇ ਫਲੈਟ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਛਾਪੇਮਾਰੀ ਕੀਤੀ ਗਈ | ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਇਹ ਛਾਪੇਮਾਰੀ ਹੋਈ ਤਾਂ ਵੈਸਟਰਨ ਟਾਵਰ 'ਤੋਂ ਨੋਟਾਂ ਨਾਲ ਭਰੇ 2 ਬੈਗ ਕਿਸੇ ਵਲੋਂ ਥੱਲ੍ਹੇ ਸੁੱਟੇ ਗਏ ਤੇ ਉਚਾਈ ਤੋਂ ਡਿੱਗਣ ਕਾਰਨ ਬੈਗ ਨੇੜੇ ਨੋਟ ਖਿੱਲਰ ਗਏ | ਈ.ਡੀ. ਨੇ ਬਾਅਦ 'ਚ ਦੱਸਿਆ ਕਿ 2 ਥੱਲੇ ਸੁੱਟੇ ਬੈਗਾਂ ਵਿਚੋਂ ਮਿਲੇ 21 ਲੱਖ ਸਮੇਤ ਹੁਣ ਤੱਕ 1 ਕਰੋੜ ਰੁਪਏ ਦੀ ਨਕਦੀ ਜਬਤੀ ਕੀਤੀ ਗਈ ਹੈ | ਜਾਣਕਾਰੀ ਮੁਤਾਬਿਕ ਗਮਾਡਾ 'ਚ ਨਿਤਿਨ ਗੋਹਲ ਵਲੋਂ ਰੀਅਲ ਸਟੇਟ ਦੀਆਂ ਕੰਪਨੀਆਂ ਦੇ ਸੀ. ਐਲ. ਯੂ. ਪਾਸ ਕਰਵਾਏ ਜਾਂਦੇ ਸਨ ਅਤੇ ਜਦੋਂ ਕੋਈ ਗੜਬੜੀ ਹੋ ਜਾਂਦੀ ਸੀ ਤਾਂ ਇਹ ਵਿਅਕਤੀ ਸੰਬੰਧਿਤ ਕੰਪਨੀ ਨਾਲ ਪੈਸਿਆਂ ਦਾ ਲੈਣ-ਦੇਣ ਕਰਦਾ ਸੀ | ਇਸ ਸੰਬੰਧੀ ਈ. ਡੀ. ਨੂੰ ਸੂਚਨਾ ਮਿਲਣ 'ਤੇ ਇਹ ਛਾਪੇਮਾਰੀ ਕੀਤੀ ਗਈ | ਇਹ ਵੀ ਪਤਾ ਲੱਗਾ ਹੈ ਕਿ ਇਹ ਛਾਪੇਮਾਰੀ ਈ. ਡੀ. ਵਲੋਂ ਖਰੜ ਸ਼ਹਿਰ ਦੇ ਨੇੜੇ 12 ਹੋਰ ਖੇਤਰਾਂ 'ਚ ਕੀਤੀ ਗਈ | ਖ਼ਬਰ ਲਿਖੇ ਜਾਣ ਤੱਕ ਈ. ਡੀ. ਆਪਣੀ ਜਾਂਚ 'ਚ ਲੱਗੀ ਹੋਈ ਸੀ, ਪਰ ਇਸ ਦੌਰਾਨ ਨਾ ਤਾਂ ਕਿਸੇ ਨੂੰ ਫਲੈਟਾਂ ਦੇ ਅੰਦਰ ਜਾਣ ਦਿੱਤਾ ਜਾ ਰਿਹਾ ਸੀ ਅਤੇ ਨਾ ਹੀ ਕਿਸੇ ਨੂੰ ਬਾਹਰ ਆਉਣ ਦਿੱਤਾ ਜਾ ਰਿਹਾ ਸੀ ਕਿਉਂਕਿ ਹਰ ਪਾਸੇ ਪੁਲਿਸ ਕਰਮਚਾਰੀ ਅਤੇ ਕੇਂਦਰੀ ਸੁਰੱਖਿਆ ਬਲ ਦੀਆਂ ਟੀਮਾਂ ਤਾਇਨਾਤ ਸਨ | ਇਸ ਛਾਪੇਮਾਰੀ ਸੰਬੰਧੀ ਭਾਵੇਂ ਕਿਸੇ ਵਲੋਂ ਪੁਸ਼ਟੀ ਨਹੀਂ ਕੀਤੀ ਗਈ, ਪਰ ਇਸ ਕਾਰਵਾਈ ਨੂੰ ਲੈ ਕੇ ਕਈ ਤਰ੍ਹਾਂ ਦੇ ਚਰਚਿਆਂ ਦਾ ਬਾਜ਼ਾਰ ਗਰਮ ਹੈ | ਦੱਸਿਆ ਜਾ ਰਿਹਾ ਹੈ ਕਿ ਨਿਤਿਨ ਗੋਹਲ ਆਈ. ਟੀ. ਸੈਕਟਰ 'ਚ ਕੰਮ ਕਰਦਾ ਹੈ | ਇਸੇ ਤਰ੍ਹਾਂ ਈ. ਡੀ. ਵਲੋਂ ਹਵਾਲਾ ਮਾਮਲੇ ਨਾਲ ਸੰਬੰਧਿਤ ਜਾਂਚ ਲਈ ਸਨਟੈੱਕ ਸਿਟੀ ਪ੍ਰਾਜੈਕਟ ਨਾਲ ਜੁੜੀਆਂ ਫਰਮਾਂ/ ਵਿਅਕਤੀਆਂ ਦੇ ਕਰੀਬ 12 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ | ਸੂਤਰਾਂ ਅਨੁਸਾਰ ਇਹ ਕਾਰਵਾਈ ਉਕਤ ਪ੍ਰਾਜੈਕਟ ਨਾਲ ਜੁੜੇ ਅਜੇ ਸਹਿਗਲ, ਏ. ਬੀ. ਐਸ. ਟਾਊਨਸ਼ਿਪ ਪ੍ਰਾ. ਲਿ., ਅਲਟਸ ਬਿਲਡਰਜ਼, ਧੀਰ ਕੰਸਟਰੱਕਸ਼ਨ ਅਤੇ ਹੋਰ ਸੰਬੰਧਿਤ ਵਿਅਕਤੀਆਂ ਤੇ ਕੰਪਨੀਆਂ ਖ਼ਿਲਾਫ਼ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ | ਪ੍ਰਾਪਤ ਜਾਣਕਾਰੀ ਅਨੁਸਾਰ ਇਹ ਛਾਪੇਮਾਰੀ ਗਮਾਡਾ ਤੋਂ ਸੀ. ਐਲ. ਯੂ./ ਲਾਇਸੰਸ ਹਾਸਿਲ ਕਰਨ 'ਚ ਹੋਈ ਵਿਆਪਕ ਪੱਧਰ ਦੀ ਧੋਖਾਧੜੀ ਅਤੇ ਆਮ ਜਨਤਾ ਦੇ ਕਰੋੜਾਂ ਰੁਪਏ ਇਕੱਠੇ ਕਰਕੇ ਹਵਾਲਾ ਰਾਹੀਂ ਪੈਸੇ ਘੁਮਾਉਣ ਦੇ ਮਾਮਲੇ 'ਚ ਕੀਤੀ ਗਈ | ਜਾਂਚ ਏਜੰਸੀ ਨੂੰ ਇਕ ਗੁਪਤ ਸ਼ਿਕਾਇਤ ਪ੍ਰਾਪਤ ਹੋਈ ਸੀ, ਜਿਸ 'ਚ ਸੰਬੰਧਿਤ ਵਿਅਕਤੀਆਂ 'ਤੇ ਆਪਣੀਆਂ ਕੰਪਨੀਆਂ ਰਾਹੀਂ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਨਾਜਾਇਜ਼ ਤਰੀਕੇ ਨਾਲ ਪ੍ਰਸ਼ਾਸਨਿਕ ਮਨਜ਼ੂਰੀਆਂ ਹਾਸਿਲ ਕਰਨ ਦੇ ਦੋਸ਼ ਲਗਾਏ ਗਏ ਸਨ | ਨਾਲ ਹੀ ਲੋਕਾਂ ਨੂੰ ਲਾਲਚ ਦੇ ਕੇ ਵੱਡੇ ਨਿਵੇਸ਼ ਕਰਨ ਲਈ ਪ੍ਰੇਰਿਤ ਕਰਨ ਦੇ ਦੋਸ਼ ਵੀ ਲਗਾਏ ਗਏ ਸਨ | ਇਹ ਕਾਰਵਾਈ ਈ. ਡੀ. ਦੀਆਂ 6 ਟੀਮਾਂ ਵਲੋਂ ਸਥਾਨਕ ਪੁਲਿਸ ਦੀ ਸਹਾਇਤਾ ਨਾਲ ਕੀਤੀ ਗਈ | ਜਾਣਕਾਰੀ ਅਨੁਸਾਰ ਈ. ਡੀ. ਦੀ ਇਕ ਟੀਮ ਵਲੋਂ ਨਿਊ ਚੰਡੀਗੜ• ਸਥਿਤ ਸਨਟੈੱਕ ਸਿਟੀ ਦੇ ਦਫ਼ਤਰ ਵਿਖੇ ਵੀ ਛਾਪੇਮਾਰੀ ਕੀਤੀ ਗਈ |

ਪਿਛਲੀ ਖ਼ਬਰ 'ਆਪ੍ਰੇਸ਼ਨ ਸੰਧੂਰ' ਅਜੇ ਵੀ ਜਾਰੀ-ਫ਼ੌਜ ਅਗਲੀ ਖ਼ਬਰ ਜੇਕਰ ਅਦਾਲਤਾਂ ਹਰ ਧਾਰਮਿਕ ਵਿਵਾਦ 'ਚ ਦਖ਼ਲ ਦੇਣਗੀਆਂ ਤਾਂ ਟੁੱਟ ਜਾਣਗੇ 'ਧਰਮ'-ਸੁਪਰੀਮ ਕੋਰਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।