15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਜੇਕਰ ਅਦਾਲਤਾਂ ਹਰ ਧਾਰਮਿਕ ਵਿਵਾਦ 'ਚ ਦਖ਼ਲ ਦੇਣਗੀਆਂ ਤਾਂ ਟੁੱਟ ਜਾਣਗੇ 'ਧਰਮ'-ਸੁਪਰੀਮ ਕੋਰਟ

ਅਜੀਤ ਡੈਸਕ 08-05-2026

ਨਵੀਂ ਦਿੱਲੀ, 7 ਮਈ (ਜਗਤਾਰ ਸਿੰਘ)-ਸਬਰੀਮਾਲਾ ਮੰਦਰ 'ਚ ਔਰਤਾਂ ਦੇ ਦਾਖ਼ਲੇ ਅਤੇ ਵੱਖ-ਵੱਖ ਧਰਮਾਂ 'ਚ ਧਾਰਮਿਕ ਵਿਤਕਰੇ ਨਾਲ ਜੁੜੀਆਂ ਪਟੀਸ਼ਨਾਂ 'ਤੇ ਸੁਪਰੀਮ ਕੋਰਟ ਦੀ 9 ਜੱਜਾਂ ਦੀ ਸੰਵਿਧਾਨਕ ਬੈਂਚ ਵਲੋਂ ਲਗਾਤਾਰ 13ਵੇਂ ਦਿਨ ਵੀ ਸੁਣਵਾਈ ਜਾਰੀ ਰਹੀ | ਵੀਰਵਾਰ ਨੂੰ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਧਾਰਮਿਕ ਮਾਮਲਿਆਂ 'ਚ ਨਿਆਇਕ ਦਖ਼ਲ ਨੂੰ ਲੈ ਕੇ ਗੰਭੀਰ ਚਿੰਤਾ ਜਤਾਈ ਤੇ ਕਿਹਾ ਕਿ ਜੇਕਰ ਅਦਾਲਤਾਂ ਹਰ ਧਾਰਮਿਕ ਵਿਵਾਦ 'ਚ ਦਖ਼ਲ ਦੇਣਗੀਆਂ ਤਾਂ ਧਰਮ ਟੁੱਟ ਜਾਣਗੇ | ਅਦਾਲਤ ਨੇ ਕਿਹਾ ਕਿ ਜੇਕਰ ਹਰ ਧਾਰਮਿਕ ਪ੍ਰਥਾ ਅਤੇ ਵਿਵਾਦ ਨੂੰ ਸੰਵਿਧਾਨਕ ਅਦਾਲਤਾਂ 'ਚ ਚੁਣੌਤੀ ਦਿੱਤੀ ਜਾਣ ਲੱਗੀ ਤਾਂ ਭਾਰਤ ਦੀ ਸੱਭਿਅਤਾ ਅਤੇ ਸਮਾਜਿਕ ਸੰਤੁਲਨ 'ਤੇ ਅਸਰ ਪੈ ਸਕਦਾ ਹੈ | 9 ਜੱਜਾਂ ਦੀ ਸੰਵਿਧਾਨਕ ਬੈਂਚ ਵਲੋਂ, ਦਾਊਦੀ ਬੋਹਰਾ ਭਾਈਚਾਰੇ ਦੇ ਧਾਰਮਿਕ ਮੁਖੀ 'ਦਾਈ' ਦੀ ਬਾਈਕਾਟ ਦੀ ਸ਼ਕਤੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੀ ਸੁਣਵਾਈ ਕੀਤੀ ਜਾ ਰਹੀ ਸੀ | ਸੀਨੀਅਰ ਵਕੀਲ ਰਾਜੂ ਰਾਮਚੰਦਰਨ ਨੇ ਦਲੀਲ ਦਿੱਤੀ ਕਿ ਇਸ ਸ਼ਕਤੀ ਦੀ ਵਰਤੋਂ ਮਨਮਾਨੇ ਢੰਗ ਨਾਲ ਕੀਤੀ ਗਈ ਹੈ, ਜਿਸ ਨਾਲ ਭਾਈਚਾਰੇ ਦੇ ਮੈਂਬਰਾਂ ਦੇ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ | ਸੁਣਵਾਈ ਦੌਰਾਨ, ਜਸਟਿਸ ਬੀ.ਵੀ. ਨਾਗਰਤਨਾ ਨੇ ਕਿਹਾ ਕਿ ਭਾਰਤ ਇਕ ਅਜਿਹੀ ਸੱਭਿਅਤਾ ਹੈ ਜਿਥੇ ਧਰਮ ਸਮਾਜ ਨਾਲ ਡੂੰਘਾਈ ਨਾਲ ਜੁੜਿਆ ਹੋਇਆ ਹੈ | ਉਨ੍ਹਾਂ ਅੱਗੇ ਕਿਹਾ ਕਿ ਜੇਕਰ ਹਰ ਧਾਰਮਿਕ ਪ੍ਰਥਾ ਨੂੰ ਅਦਾਲਤ 'ਚ ਚੁਣੌਤੀ ਦਿੱਤੀ ਜਾਂਦੀ ਹੈ ਤਾਂ ਇਹ ਸਭਿਅਤਾ ਕਿਸ ਦਿਸ਼ਾ ਵੱਲ ਜਾਵੇਗੀ, ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ | ਜਸਟਿਸ ਐੱਮ.ਐੱਮ. ਸੁੰਦਰੇਸ਼ ਨੇ ਇਹ ਵੀ ਕਿਹਾ ਕਿ ਜੇਕਰ ਅਦਾਲਤਾਂ ਹਰ ਧਾਰਮਿਕ ਵਿਵਾਦ 'ਚ ਦਖ਼ਲ ਦੇਣਗੀਆਂ ਤਾਂ ਧਰਮ ਟੁੱਟ ਜਾਣਗੇ | ਸੀਨੀਅਰ ਵਕੀਲ ਰਾਮਚੰਦਰਨ ਨੇ ਜਵਾਬ ਦਿੱਤਾ ਕਿ ਭਾਰਤ ਇਕ ਸੰਵਿਧਾਨ ਦੁਆਰਾ ਸੰਚਾਲਿਤ ਸੱਭਿਅਤਾ ਹੈ ਅਤੇ ਜੋ ਵੀ ਪ੍ਰਥਾ ਸੰਵਿਧਾਨ ਦੀਆਂ ਕਦਰਾਂ-ਕੀਮਤਾਂ ਦੇ ਖ਼ਿਲਾਫ਼ ਹੋਵੇਗੀ ਉਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਕਿਹਾ ਕਿ ਅਦਾਲਤਾਂ ਦਾ ਫ਼ਰਜ਼ ਹੈ ਕਿ ਉਹ ਮੌਲਿਕ ਅਧਿਕਾਰਾਂ ਦੀ ਉਲੰਘਣਾ ਦੀ ਸਥਿਤੀ 'ਚ ਦਖ਼ਲ ਦੇਣ |


ਪਿਛਲੀ ਖ਼ਬਰ ਈ. ਡੀ. ਵਲੋਂ ਖਰੜ, ਚੰਡੀਗੜ੍ਹ• ਤੇ ਮੁਹਾਲੀ ਦੇ 12 ਟਿਕਾਣਿਆਂ 'ਤੇ ਛਾਪੇਮਾਰੀ ਅਗਲੀ ਖ਼ਬਰ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ 'ਆਪ'-ਜਾਖੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।