• ਜਲੰਧਰ ਤੇ ਅੰਮਿ੍ਤਸਰ 'ਚ ਘਟਨਾ ਸਥਾਨਾਂ ਦੇ ਕੀਤੇ ਦੌਰੇ
• ਧਮਾਕਿਆਂ 'ਚ ਹੋਈ ਆਈ.ਈ.ਡੀ. ਦੀ ਵਰਤੋਂ
ਅੰਮਿ੍ਤਸਰ, 6 ਮਈ (ਰੇਸ਼ਮ ਸਿੰਘ)ਬੀਤੀ ਰਾਤ ਇਥੇ ਸਰਹੱਦੀ ਖੇਤਰ ਖਾਸਾ ਛਾਉਣੀ ਨੇੜੇ ਬੀ.ਐੱਸ.ਐੱਫ. ਹੈੱਡਕੁਆਟਰ ਦੇ ਬਾਹਰ ਹੋਏ ਧਮਾਕੇ ਵਾਲੀ ਥਾਂ ਦਾ ਅੱਜ ਡੀ.ਜੀ.ਪੀ. ਗੌਰਵ ਯਾਦਵ ਨੇ ਜਾਇਜ਼ਾ ਲਿਆ ਤੇ ਇਸ ਉਪਰੰਤ ਫ਼ੌਜ, ਬੀ.ਐੱਸ.ਐੱਫ. ਤੇ ਪੁਲਿਸ ਦੇ ਅਧਿਕਾਰੀਆਂ ਨਾਲ ਸੁਰੱਖਿਆ ਸਮੀਖਿਆ ਸੰਬੰਧੀ ਮੀਟਿੰਗ ਵੀ ਕੀਤੀ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਪੁਲਿਸ ਤੇ ਕੌਮੀ ਸੁਰੱਖਿਆ ਏਜੰਸੀਆਂ ਵਲੋਂ ਕੀਤੀ ਜਾ ਰਹੀ ਹੈ ਅਤੇ ਫੋਰੈਂਸਿਕ ਟੀਮਾਂ ਵੀ ਸਰਗਰਮੀ ਨਾਲ ਜਾਂਚ ਕਰ ਰਹੀਆਂ ਹਨ | ਅੰਮਿ੍ਤਸਰ ਦੇ ਪੁਲਿਸ ਕਮਿਸ਼ਨਰ ਦਫ਼ਤਰ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਡੀ.ਜੀ.ਪੀ. ਗੌਰਵ ਯਾਦਵ ਨੇ ਦਾਅਵਾ ਕੀਤਾ ਕਿ ਇਹ ਘੱਟ ਤੀਬਰਤਾ ਵਾਲਾ ਧਮਾਕਾ ਸੀ ਅਤੇ ਧਮਾਕਾਖ਼ੇਜ਼ ਸਮੱਗਰੀ ਕਿਸੇ ਵਲੋਂ ਸੁੱਟੀ ਨਹੀਂ ਗਈ ਸਗੋਂ ਮੌਕੇ 'ਤੇ ਮਿਲੇ ਕੁਝ ਸਬੂਤਾਂ ਦੇ ਆਧਾਰ 'ਤੇ ਇਹ ਸੰਕੇਤ ਮਿਲਦੇ ਹਨ ਕਿ ਇਹ ਇਕ ਆਈ.ਈ.ਡੀ (ਇੰਪਰੋਵਾਈਜ਼ਡ ਡਿਵਾਈਸ) ਹੋ ਸਕਦਾ ਹੈ, ਜਿਸ ਨੂੰ ਟਾਈਮਰ ਜਾਂ ਰਿਮੋਟ ਦੇ ਜ਼ਰੀਏ ਚਲਾਇਆ ਗਿਆ ਹੋਵੇ | ਉਨ੍ਹਾਂ ਦਾਅਵਾ ਕੀਤਾ ਕਿ ਵਾਪਰੀ ਘਟਨਾ ਪਿੱਛੇ ਪਾਕਿਸਤਾਨ ਦੀ ਬਦਨਾਮ ਖ਼ੁਫ਼ੀਆ ਏਜੰਸੀ ਆਈ. ਐਸ. ਆਈ ਦਾ ਹੱਥ ਹੋ ਸਕਦਾ ਹੈ, ਕਿਉਂਕਿ ਭਾਰਤ ਆਪ੍ਰੇਸ਼ਨ ਸੰਧੂਰ ਦੀ ਵਰੇ੍ਹਗੰਢ ਮਨਾ ਰਿਹਾ ਹੈ ਅਤੇ ਇਹ ਪਾਕਿ ਦੀ ਕੋਝੀ ਸਾਜਿਸ਼ ਹੋ ਸਕਦੀ ਹੈ | ਉਨ੍ਹਾਂ ਦੱਸਿਆ ਕਿ ਇਥੇ ਛਾਉਣੀ ਦੀ ਦੀਵਾਰ ਨੇੜੇ ਹੋਏ ਧਮਾਕੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹੋ ਗਈਆਂ ਹਨ | ਉਨ੍ਹਾਂ ਦੱਸਿਆ ਕਿ ਇਹ ਧਮਾਕਾ ਕੱਲ੍ਹ ਰਾਤ 10 ਵਜੇ ਤੋਂ ਬਾਅਦ ਹੋਣ ਬਾਰੇ ਜਾਣਕਾਰੀ ਮਿਲੀ ਸੀ, ਜਿਸ ਉਪਰੰਤ ਤੁਰੰਤ ਕਾਰਵਾਈ ਕਰਦੇ ਹੋਏ ਐੱਸ.ਐੱਸ.ਪੀ. ਦਿਹਾਤੀ ਸੁਹੇਲ ਮੀਰ ਕਾਸਿਮ ਤੇ ਹੋਰ ਅਧਿਕਾਰੀ ਮੌਕੇ 'ਤੇ ਪੁੱਜ ਗਏ | ਇਸ ਦੌਰਾਨ ਬੀ.ਐੱਸ.ਐੱਫ. ਅਤੇ ਫੋਰੈਂਸਿਕ ਟੀਮਾਂ ਨੂੰ ਵੀ ਬੁਲਾਇਆ ਗਿਆ, ਜਿਨ੍ਹਾਂ ਵਲੋਂ ਲੋੜੀਂਦੇ ਸੈਂਪਲ ਇਕੱਠੇ ਕੀਤੇ ਗਏ ਹਨ | ਇਹ ਸੈਂਪਲ ਹੁਣ ਸਾਇੰਟਿਫਿਕ ਜਾਂਚ ਲਈ ਭੇਜੇ ਗਏ ਹਨ, ਜਿਸ ਤੋਂ ਬਾਅਦ ਧਮਾਕੇ ਦੀ ਅਸਲ ਕਿਸਮ ਅਤੇ ਵਰਤੇ ਗਏ ਡਿਵਾਈਸ ਬਾਰੇ ਸਪੱਸ਼ਟ ਜਾਣਕਾਰੀ ਮਿਲੇਗੀ | ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਹਿਊਮਨ ਇੰਟੈਲੀਜੈਂਸ, ਟੈਕਨੀਕਲ ਇੰਟੈਲੀਜੈਂਸ ਅਤੇ ਫੋਰੈਂਸਿਕ ਜਾਂਚ ਦੀ ਮਦਦ ਨਾਲ ਇਕ ਸੁਚੱਜੇ ਤਰੀਕੇ ਨਾਲ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਜਲੰਧਰ ਵਿਖੇ ਹੋਏ ਧਮਾਕੇ ਦੀ ਕਿਸੇ ਖ਼ਾਲਿਸਤਾਨੀ ਜਥੇਬੰਦੀ ਵਲੋਂ ਜ਼ਿੰਮੇਵਾਰੀ ਲਈ ਗਈ ਹੈ ਪਰ ਅੰਮਿ੍ਤਸਰ 'ਚ ਹੋਏ ਧਮਾਕੇ ਦੀ ਅਜੇ ਤੱਕ ਕਿਸੇ ਵਲੋਂ ਜ਼ਿੰਮੇਵਾਰੀ ਨਹੀਂ ਲਈ ਗਈ ਹੈ | ਕੁਝ ਸੋਸ਼ਲ ਮੀਡੀਆ ਪੋਸਟਾਂ ਵਿਚ ਖ਼ਾਲਿਸਤਾਨ ਲਿਬਰੇਸ਼ਨ ਆਰਮੀ ਦੇ ਦਾਅਵੇ ਕੀਤੇ ਗਏ ਹਨ | ਡੀ.ਜੀ.ਪੀ. ਨੇ ਇਥੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਤੇ ਬਾਰਡਰ ਰੇਂਜ ਦੇ ਸੀਨੀਅਰ ਅਧਿਕਾਰੀਆਂ ਨਾਲ ਵੀ ਮੀਟਿੰਗ ਕਰਕੇ ਮੌਜੂਦਾ ਸੁਰੱਖਿਆ ਹਾਲਾਤ ਦੀ ਸਮੀਖਿਆ ਕੀਤੀ ਤੇ ਦੱਸਿਆ ਕਿ ਸੂਬੇ ਵਿਚ ਸੀ. ਸੀ. ਟੀ. ਵੀ. ਕੈਮਰਿਆਂ ਦੀ ਗਿਣਤੀ ਵਧਾਈ ਗਈ ਹੈ ਅਤੇ ਐਂਟੀ-ਡਰੋਨ ਪ੍ਰਣਾਲੀ ਵੀ ਲਾਗੂ ਕੀਤੀ ਗਈ ਹੈ | ਫ਼ੌਜ ਨਾਲ ਮਿਲ ਕੇ ਨਿਗਰਾਨੀ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਰਿਹਾ ਹੈ |
ਬੰਬ ਧਮਾਕਿਆਂ ਪਿੱਛੇ ਪਾਕਿਸਤਾਨ ਦਾ ਹੱਥ-ਡੀ.ਜੀ.ਪੀ.
ਅਜੀਤ ਡੈਸਕ
07-05-2026