ਖਾੜੀ ਸਹਿਯੋਗ ਕੌਂਸਲ (ਜੀ.ਸੀ.ਸੀ.) ਦੇ ਮੁਖੀ ਜਾਸੇਮ ਮੁਹੰਮਦ ਅਲ-ਬੁਦਾਈਵੀ ਨੇ ਈਰਾਨ 'ਤੇ ਦੋਸ਼ ਲਗਾਇਆ ਕਿ ਉਹ ਫਾਰਸ ਦੀ ਖਾੜੀ ਤੋਂ ਖੁੱਲ੍ਹੇ ਸਮੁੰਦਰ ਵੱਲ ਜਾਂਦੇ ਲਾਂਘੇ (ਸਟ੍ਰੇਟ ਆਫ਼ ਹੋਰਮੁਜ਼) 'ਤੇ ਉਨ੍ਹਾਂ ਜਹਾਜ਼ਾਂ ਤੋਂ ਟੋਲ ਵਸੂਲ ਰਿਹਾ ਹੈ, ਜੋ ਉਸ ਨੂੰ ਲੱਗਦਾ ਹੈ ਕਿ ਉਹ ਅਮਰੀਕਾ ਅਤੇ ਇਜ਼ਰਾਈਲ ਨਾਲ ਸੰਬੰਧਿਤ ਹਨ | ਖਾੜੀ ਸਹਿਯੋਗ ਕੌਂਸਲ, ਜੋ ਕਿ 6 ਖਾੜੀ ਅਰਬ ਦੇਸ਼ਾਂ ਦਾ ਇਕ ਸਮੂਹ ਹੈ, ਵਿਚ ਬਹਿਰੀਨ, ਕੁਵੈਤ, ਓਮਾਨ, ਕਤਰ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਸ਼ਾਮਿਲ ਹਨ | ਦੂਜੇ ਪਾਸੇ, ਈਰਾਨ ਦੇ ਅਰਧ ਸੈਨਿਕ ਬਲ ਰੈਵੋਲਿਊਸ਼ਨਰੀ ਗਾਰਡ ਦੇ ਕਰੀਬੀ ਨਿਊਜ਼ ਏਜੰਸੀਆਂ ਫਾਰਸ ਤੇ ਤਸਨੀਮ ਨੇ ਸੰਸਦ ਮੈਂਬਰ ਮੁਹੰਮਦਰੇਜ਼ਾ ਰੇਜ਼ਾਈ ਕੌਚੀ ਦੇ ਹਵਾਲੇ ਨਾਲ ਕਿਹਾ ਕਿ ਈਰਾਨੀ ਸੰਸਦ ਜਹਾਜ਼ਾਂ ਨੂੰ ਲੰਘਣ ਦੇਣ ਲਈ ਟੋਲ ਵਸੂਲਣ ਦੀ ਪ੍ਰਕਿਰਿਆ ਨੂੰ ਰਸਮੀ ਬਣਾਉਣ ਲਈ ਕੰਮ ਕਰ ਰਹੀ ਹੈ | ਕੌਚੀ ਨੇ ਕਿਹਾ ਕਿ ਅਸੀਂ 'ਹੋਰਮੁਜ਼' 'ਚ ਜਹਾਜ਼ਾਂ ਨੂੰ ਸੁਰੱਖਿਆ ਪ੍ਰਦਾਨ ਕਰਦੇ ਹਾਂ ਅਤੇ ਇਹ ਸੁਭਾਵਿਕ ਹੈ ਕਿ ਜਹਾਜ਼ਾਂ ਅਤੇ ਤੇਲ ਟੈਂਕਰਾਂ ਨੂੰ ਅਜਿਹੀਆਂ ਫੀਸਾਂ ਅਦਾ ਕਰਨੀਆਂ ਚਾਹੀਦੀਆਂ ਹਨ | ਸ਼ਿਪਿੰਗ ਇੰਟੈਲੀਜੈਂਸ ਫਰਮ ਨੇ ਕਿਹਾ ਕਿ ਜਹਾਜ਼ਾਂ ਨੂੰ ਈਰਾਨ ਦੇ ਗਾਰਡਾਂ ਨੂੰ ਜਹਾਜ਼ਾਂ ਦੀ ਜਾਂਚ (ਜਿਸ 'ਚ ਵਿਸ਼ੇਸ਼ ਰੂਪ 'ਚ ਤੇਲ ਦੀ ਜਾਂਚ), ਜਿਸ ਨੂੰ ਭੂ-ਰਾਜਨੀਤਿਕ ਜਾਂਚ ਕਿਹਾ ਜਾਂਦਾ ਹੈ, ਲਈ ਚਾਲਕ ਦਲ ਦੇ ਵੇਰਵੇ ਅਤੇ ਮੰਜ਼ਿਲ ਦਾ ਵੇਰਵਾ ਪ੍ਰਦਾਨ ਕਰਨਾ ਹੁੰਦਾ ਹੈ |
ਹੋਰਮੁਜ਼ 'ਚ ਜਹਾਜ਼ਾਂ ਤੋਂ ਟੋਲ ਵਸੂਲ ਰਿਹਾ ਈਰਾਨ
ਅਜੀਤ ਡੈਸਕ
27-03-2026