05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਲੋਕ ਪੱਖੀ ਹੋਵੇਗਾ 'ਆਪ' ਸਰਕਾਰ ਦਾ 5ਵਾਂ ਬਜਟ-ਮੁੱਖ ਮੰਤਰੀ

ਅਜੀਤ ਡੈਸਕ 22-02-2026

ਕਿਹਾ, ਮੁਢਲੀਆਂ ਸਹੂਲਤਾਂ ਲਈ ਸੰਘਰਸ਼ ਕਰ ਰਹੇ ਹਨ ਗੁਜਰਾਤ ਦੇ ਲੋਕ
ਅਹਿਮਦਾਬਾਦ, 21 ਫਰਵਰੀ (ਅਜੀਤ ਬਿਊਰੋ)-ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਮਾਰਚ 'ਚ ਆਪਣਾ ਪੰਜਵਾਂ ਲੋਕ-ਪੱਖੀ ਬਜਟ ਪੇਸ਼ ਕਰੇਗੀ, ਜੋ ਪਹਿਲਾਂ ਵਾਂਗ ਸਮਾਜ ਦੇ ਹਰ ਵਰਗ ਦੀ ਭਲਾਈ 'ਤੇ ਕੇਂਦਰਿਤ ਹੋਵੇਗਾ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਨੇ ਲਗਾਤਾਰ ਲੋਕ-ਪੱਖੀ ਅਤੇ ਨਾਗਰਿਕ-ਕੇਂਦਰਿਤ ਫ਼ੈਸਲੇ ਲਏ ਹਨ, ਜਿਨ੍ਹਾਂ ਨੇ ਸੂਬੇ ਦੀ ਦਿਸ਼ਾ ਬਦਲ ਦਿੱਤੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮਾਰਚ ਮਹੀਨੇ ਵਿਚ ਆਪਣਾ ਪੰਜਵਾਂ ਬਜਟ ਪੇਸ਼ ਕਰੇਗੀ ਅਤੇ ਅਸੀਂ ਸਾਰਿਆਂ ਦੀ ਭਲਾਈ ਦੇ ਉਦੇਸ਼ ਨਾਲ ਲੋਕ-ਪੱਖੀ ਬਜਟ ਪੇਸ਼ ਕਰਨ ਦੀ ਆਪਣੀ ਰਵਾਇਤ ਨੂੰ ਜਾਰੀ ਰੱਖਾਂਗੇ | ਸਾਡਾ ਇੱਕੋ-ਇੱਕ ਉਦੇਸ਼ ਆਮ ਆਦਮੀ ਦੀ ਭਲਾਈ ਯਕੀਨੀ ਬਣਾਉਣਾ ਹੈ ਅਤੇ ਅਸੀਂ ਇਸ ਨੂੰ ਪ੍ਰਾਪਤ ਕਰਨ ਲਈ ਸਖ਼ਤ ਯਤਨ ਕਰ ਰਹੇ ਹਾਂ | ਆਉਣ ਵਾਲਾ ਬਜਟ ਫਿਰ ਤੋਂ ਪੰਜਾਬ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਲਾਭ ਮੁਹੱਈਆ ਕਰੇਗਾ | ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਲਗਾਤਾਰ ਕਈ ਸਾਲਾਂ ਤੋਂ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਦੁਆਰਾ ਪੇਸ਼ ਕੀਤਾ ਗਿਆ ਕੇਂਦਰੀ ਬਜਟ ਦਿਸ਼ਾਹੀਣ ਅਤੇ ਸਮਾਜ ਦੇ ਅਮੀਰ ਵਰਗਾਂ ਵੱਲ ਝੁਕਾਅ ਵਾਲਾ ਰਿਹਾ ਹੈ | ਉਨ੍ਹਾਂ ਕਿਹਾ ਕਿ ਗੁਜਰਾਤ ਵਿਚ ਜਿੱਥੇ ਅਸਲ ਵਿਚ ਕੋਈ ਵਿਰੋਧੀ ਧਿਰ ਨਹੀਂ ਹੈ, ਆਮ ਆਦਮੀ ਦੀਆਂ ਤਕਲੀਫ਼ਾਂ ਵਧੀਆਂ ਹਨ ਅਤੇ ਲੋਕ ਦੁੱਖ ਝੱਲ ਰਹੇ ਹਨ | ਕਾਂਗਰਸ ਤੇ ਭਾਜਪਾ ਉੱਥੇ ਦੋਸਤਾਨਾ ਮੈਚ ਖੇਡ ਰਹੇ ਹਨ ਅਤੇ ਆਮ ਆਦਮੀ ਦੀ ਆਵਾਜ਼ ਨੂੰ ਦਬਾ ਦਿੱਤਾ ਗਿਆ ਹੈ | ਮੁੱਖ ਮੰਤਰੀ ਨੇ ਟਿੱਪਣੀ ਕੀਤੀ ਕਿ ਜਦੋਂ ਪ੍ਰਧਾਨ ਮੰਤਰੀ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਦੇ ਗ੍ਰਹਿ ਰਾਜ ਦੇ ਲੋਕ ਮੁਢਲੀਆਂ ਜ਼ਰੂਰਤਾਂ ਲਈ ਸੰਘਰਸ਼ ਕਰ ਰਹੇ ਹਨ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਡੀ ਸਰਕਾਰ ਵਿਕਾਸ ਲਈ ਫੰਡ ਵੰਡਦੇ ਸਮੇਂ ਕਿਸੇ ਨਾਲ ਵਿਤਕਰਾ ਨਹੀਂ ਕਰਦੀ | ਉਨ੍ਹਾਂ ਕਿਹਾ ਕਿ ਜਿੱਥੇ ਵੀ 'ਆਪ' ਨੇ ਸਰਕਾਰ ਬਣਾਈ ਹੈ, ਉੱਥੇ ਕਰਦਾਤਾਵਾਂ ਦੇ ਪੈਸੇ ਦੀ ਵਰਤੋਂ ਆਮ ਆਦਮੀ ਦੀ ਭਲਾਈ ਲਈ ਸਮਝਦਾਰੀ ਨਾਲ ਕੀਤੀ ਗਈ ਹੈ | ਦਿੱਲੀ ਤੋਂ ਬਾਅਦ ਪੰਜਾਬ ਵਿੱਚ 'ਆਪ' ਸਰਕਾਰ ਨੇ ਜਨਤਕ ਭਲਾਈ ਲਈ ਇੱਕ-ਇੱਕ ਰੁਪਏ ਦੀ ਤਰਕਸੰਗਤ ਵਰਤੋਂ ਯਕੀਨੀ ਬਣਾਈ ਹੈ | ਇਸ ਮੌਕੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਤੇ 'ਆਪ' ਆਗੂ ਗੋਪਾਲ ਰਾਏ ਸਮੇਤ ਗੁਜਰਾਤ ਦੇ ਸੀਨੀਅਰ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਭਾਰਤ ਨਿਰਮਿਤ ਟੈਟਨਸ ਤੇ ਬਾਲਗ ਡਿਪਥੀਰੀਆ ਦਾ ਟੀਕਾ ਲਾਂਚ ਅਗਲੀ ਖ਼ਬਰ ਅਗਲੇ 5 ਸਾਲਾਂ 'ਚ ਦੁਵੱਲਾ ਵਪਾਰ 30 ਅਰਬ ਡਾਲਰ ਕਰਨਗੇ ਭਾਰਤ ਤੇ ਬ੍ਰਾਜ਼ੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।