05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਸਰਕਾਰ ਤੇ ਇਮਰਾਨ ਦੀ ਪਾਰਟੀ ਵਿਚਾਲੇ ਗੱਲਬਾਤ ਨਾਕਾਮ-ਪੀ.ਟੀ.ਆਈ. ਵਲੋਂ ਰੋਸ ਮਾਰਚ ਦੀ ਤਿਆਰੀ ਇਸਲਾਮਾਬਾਦ ’ਚ ਦਾਖ਼ਲੇ ’ਤੇ ਰੋਕ-3,000 ਰੇਂਜਰਜ਼ ਤਾਇਨਾਤ

ਸੁਰਿੰਦਰ ਕੋਛੜ ਅੰਮ੍ਰਿਤਸਰ, 4 ਅਕਤੂਬਰ-ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਲੰਬੀ ਚੱਲੀ ਗੱਲਬਾਤ ਬੇਸਿੱਟਾ ਰਹਿਣ ਤੋਂ ਬਾਅਦ ਖ਼ੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਸੋਹੇਲ ਅਫ਼ਰੀਦੀ ਨੇ ...

ਅਜੀਤ ਡੈਸਕ 05-10-2026

ਸੁਰਿੰਦਰ ਕੋਛੜ
ਅੰਮ੍ਰਿਤਸਰ, 4 ਅਕਤੂਬਰ-ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਲੰਬੀ ਚੱਲੀ ਗੱਲਬਾਤ ਬੇਸਿੱਟਾ ਰਹਿਣ ਤੋਂ ਬਾਅਦ ਖ਼ੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਸੋਹੇਲ ਅਫ਼ਰੀਦੀ ਨੇ ਅੱਜ ਦੁਪਹਿਰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਪਾਰਟੀ ਦੇ ਲਾਂਗ ਮਾਰਚ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਨੇ ਦੱਸਿਆ ਕਿ ਮਾਰਚ ਦਾ ਪਹਿਲਾ ਪੜਾਅ ਲੱਕੀ ਮਰਵਤ ਦੇ ਗਾਂਡੀ ਚੌਕ ਤੋਂ ਪਾਕਿਸਤਾਨੀ ਸਮੇਂ ਮੁਤਾਬਿਕ ਦੁਪਹਿਰ ਦੋ ਵਜੇ ਸ਼ੁਰੂ ਕੀਤਾ ਗਿਆ, ਜਿਸ ’ਚ ਟੈਂਕ, ਡੇਰਾ ਇਸਮਾਈਲ ਖ਼ਾਨ, ਦੱਖਣੀ ਵਜ਼ੀਰਿਸਤਾਨ, ਉੱਤਰੀ ਵਜ਼ੀਰਿਸਤਾਨ, ਬੰਨੂ ਅਤੇ ਲੱਕੀ ਮਰਵਤ ਦੇ ਕਾਫ਼ਲੇ ਸ਼ਾਮਿਲ ਹੋਏ। ਜਾਣਕਾਰੀ ਅਨੁਸਾਰ ਦੋਵਾਂ ਧਿਰਾਂ ਵਿਚਾਲੇ ਨੈਸ਼ਨਲ ਅਸੈਂਬਲੀ ਦੇ ਸਪੀਕਰ ਅਯਾਜ਼ ਸਾਦਿਕ ਦੀ ਪ੍ਰਧਾਨਗੀ ਹੇਠ ਹੋਈ ਕਈ ਘੰਟਿਆਂ ਦੀ ਗੱਲਬਾਤ ਪ੍ਰਸਤਾਵਿਤ ਮਾਰਚ ਅਤੇ ਅੱਤਵਾਦ ਵਿਰੋਧੀ ਕਦਮਾਂ ’ਤੇ ਕੇਂਦਰ ਤੇ ਖ਼ੈਬਰ ਪਖਤੂਨਖਵਾ ਸਰਕਾਰ ਵਿਚਾਲੇ ਤਾਲਮੇਲ ਨੂੰ ਲੈ ਕੇ ਬਿਨਾਂ ਕਿਸੇ ਸਮਝੌਤੇ ਦੇ ਖ਼ਤਮ ਹੋ ਗਈ। ਪੀ. ਟੀ. ਆਈ. ਦੇ ਚੇਅਰਮੈਨ ਬਰਿਸਟਰ ਗੋਹਰ ਖ਼ਾਨ ਨੇ ਸਪਸ਼ਟ ਕੀਤਾ ਕਿ ਮਾਰਚ ਅੱਗੇ ਵਧੇਗਾ, ਹਾਲਾਂਕਿ ਪਾਰਟੀ ਗੱਲਬਾਤ ਦੇ ਯਤਨ ਵੀ ਜਾਰੀ ਰੱਖੇਗੀ।ਦੱਸਿਆ ਜਾ ਰਿਹਾ ਹੈ ਕਿ ਲਾਂਗ ਮਾਰਚ ਦੇਰ ਰਾਤ ਨੂੰ ਕਰਕ ਨੇੜੇ ਰੁਕੇਗਾ। 5 ਅਕਤੂਬਰ ਨੂੰ ਕਾਫ਼ਲਾ 12:30 ਵਜੇ ਕੋਹਾਟ ਵੱਲ ਰਵਾਨਾ ਹੋਵੇਗਾ, 6 ਅਕਤੂਬਰ ਨੂੰ ਕੋਹਾਟ, ਹੰਗੂ, ਕੁਰਮ ਅਤੇ ਓਰਕਜ਼ਈ ਦੇ ਕਾਫ਼ਲੇ ਸ਼ਾਮਿਲ ਹੋਣਗੇ। 8 ਅਕਤੂਬਰ ਨੂੰ ਚਰਸੱਦਾ ਅਤੇ ਮੋਹਮੰਦ ਦੇ ਸਮਰਥਕਾਂ ਸਮੇਤ ਸਾਰਾ ਇਕੱਠ ਖ਼ੈਰਾਬਾਦ ਵਿਖੇ ਜੁੜੇਗਾ, ਜਿੱਥੋਂ ਇਸਲਾਮਾਬਾਦ ਵੱਲ ਅਗਲੇ ਪੜਾਅ ਦਾ ਐਲਾਨ ਕੀਤਾ ਜਾਵੇਗਾ। ਦੂਜੇ ਪਾਸੇ, ਪ੍ਰਧਾਨ ਮੰਤਰੀ ਦੇ ਸਿਆਸੀ ਸਲਾਹਕਾਰ ਰਾਣਾ ਸਨਾਉੱਲਾ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਪੀ. ਟੀ. ਆਈ. ਦੇ ਮਾਰਚ ਨੂੰ ਕਿਸੇ ਵੀ ਸੂਰਤ ’ਚ ਇਸਲਾਮਾਬਾਦ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਮਾਰਚ ਦੇ ਮੱਦੇਨਜ਼ਰ ਇਸਲਾਮਾਬਾਦ ’ਚ ਲਗਭਗ 3,000 ਰੇਂਜਰਜ਼ ਤਾਇਨਾਤ ਰਹਿਣਗੇ ਅਤੇ ਸੜਕਾਂ ’ਤੇ ਸ਼ਿਪਿੰਗ ਕੰਟੇਨਰ ਲਗਾਏ ਜਾ ਰਹੇ ਹਨ।

ਇਮਰਾਨ ਖ਼ਾਨ ਨਾਲ ਤੁਰੰਤ ਮੁਲਾਕਾਤ ਦੀ ਮੰਗ
ਪੀ. ਟੀ. ਆਈ. ਦੀ ਮੁੱਖ ਮੰਗ ਹੈ ਕਿ ਜੇਲ੍ਹ ’ਚ ਬੰਦ ਇਮਰਾਨ ਖ਼ਾਨ ਨਾਲ ਤੁਰੰਤ ਮੁਲਾਕਾਤ ਕਰਵਾਈ ਜਾਵੇ, ਉਨ੍ਹਾਂ ਦੇ ਨਿੱਜੀ ਡਾਕਟਰ ਨੂੰ ਜਾਂਚ ਦੀ ਇਜਾਜ਼ਤ ਮਿਲੇ। ਇਸ ਤੋਂ ਇਲਾਵਾ ਪਾਰਟੀ ਨੇ ਇਮਰਾਨ ਖ਼ਾਨ ਦੀਆਂ ਭੈਣਾਂ ਅਤੇ ਗ੍ਰਿਫ਼ਤਾਰ ਕੀਤੇ ਵਰਕਰਾਂ ਦੀ ਰਿਹਾਈ ਦੇ ਨਾਲ-ਨਾਲ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਦੀ ਸਹੀ ਡਾਕਟਰੀ ਜਾਂਚ ਅਤੇ ਮਾਮਲਿਆਂ ਦੀ ਨਿਰਪੱਖ ਸੁਣਵਾਈ ਦੀ ਮੰਗ ਵੀ ਰੱਖੀ ਹੈ।
ਪਿਛਲੀ ਖ਼ਬਰ ਪੰਜਾਬ ਮੰਤਰੀ ਮੰਡਲ ਦੀ ਬੈਠਕ ਅੱਜ ਅਗਲੀ ਖ਼ਬਰ ਹਰੇਕ ਮਾਂ ਤੇ ਭੈਣ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਬ੍ਰਾਂਡ ਅੰਬੈਸਡਰ-ਮੁੱਖ ਮੰਤਰੀ ਕਿਹਾ, ਔਰਤਾਂ ਦੇ ਖਾਤਿਆਂ ’ਚ ਸਨਮਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।