ਮੁੰਬਈ, 28 ਜਨਵਰੀ (ਪੀ.ਟੀ.ਆਈ.)-ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੇ ਜਹਾਜ਼ ਹਾਦਸੇ 'ਚ ਦਿਹਾਂਤ ਦੀ ਘਟਨਾ ਸੰਬੰਧੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਇਕ ਵਿਸਤਿ੍ਤ ਰਿਪੋਰਟ ਜਾਰੀ ਕੀਤੀ ਹੈ | ਇਸ ਰਿਪੋਰਟ 'ਚ ਉਸ ਚਾਰਟਡ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਪਹਿਲਾਂ ਦੀਆਂ ਘਟਨਾਵਾਂ ਦੀ ਮਿੰਟ-ਦਰ-ਮਿੰਟ ਵੇਰਵਾ ਦਿੱਤਾ ਗਿਆ ਹੈ | ਸ਼ੁੁਰੂਆਤੀ ਜਾਂਚ 'ਚ ਹਾਦਸੇ ਦਾ ਪਹਿਲਾ ਕਾਰਨ ਖ਼ਰਾਬ ਮੌਸਮ ਅਤੇ ਘੱਟ ਦਿ੍ਸ਼ਟੀ ਨੂੰ ਦੱਸਿਆ ਗਿਆ ਹੈ | ਕੇਂਦਰੀ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ ਨੇ ਹਾਦਸੇ 'ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਸ਼ੁਰੂਆਤੀ ਜਾਣਕਾਰੀ ਅਨੁਸਾਰ ਸਵੇਰੇ ਲਗਪਗ 8:48 ਵਜੇ ਲੈਂਡਿੰਗ ਸਮੇਂ ਬਹੁਤ ਘੱਟ ਦਿ੍ਸ਼ਟੀ ਸੀ | ਡੀ.ਜੀ.ਸੀ.ਏ. ਅਤੇ ਏ.ਏ.ਆਈ.ਬੀ. ਦੀ ਟੀਮ ਜਾਂਚ ਕਰ ਰਹੀ ਹੈ | ਲੈਂਡਿੰਗ ਤੋਂ ਪਹਿਲਾਂ ਏ.ਟੀ.ਸੀ. ਬਾਰਾਮਤੀ ਨਾਲ ਸੰਪਰਕ ਹੋਣ 'ਤੇ ਪਾਇਲਟ ਨੇ ਦੱਸਿਆ ਕਿ ਰਨਵੇਅ ਦਿਖਾਈ ਨਹੀਂ ਦੇ ਰਿਹਾ | ਰਨਵੇਅ ਸਾਫ਼ ਨਾ ਦਿਖਾਈ ਦੇਣ ਕਾਰਨ ਜਹਾਜ਼ ਹਵਾ 'ਚ ਚੱਕਰ ਲਗਾਉਂਦਾ ਰਿਹਾ | ਦੂਸਰੀ ਵਾਰ ਵੀ ਲੈਂਡਿੰਗ ਦੀ ਕੋਸ਼ਿਸ਼ ਕੀਤੀ ਗਈ ਪਰ ਦਿਖਾਈ ਨਹੀਂ ਦਿੱਤਾ | ਥੋੜੀ ਦੇਰ ਬਾਅਦ ਪਾਇਲਟ ਨੇ ਮੁੜ ਲੈਂਡਿੰਗ ਦੀ ਕੋਸ਼ਿਸ਼ ਕੀਤੀ | ਪਹਿਲਾਂ ਪਾਇਲਟ ਵਲੋਂ ਏ.ਟੀ.ਐਸ. ਦੇ ਸਵਾਲ ਦਾ ਜਵਾਬ ਨਹੀਂ ਆਇਆ ਪਰ ਕੁਝ ਸਮੇਂ ਬਾਅਦ ਪਾਇਲਟਾਂ ਨੇ ਰਨਵੇਅ ਸਾਫ਼ ਦਿਖਾਈ ਦੇਣ ਦੀ ਗੱਲ ਕਹੀ | ਇਸ ਤੋਂ ਬਾਅਦ ਏ.ਟੀ.ਐਸ. ਨੇ ਲੈਂਡਿੰਗ ਦੀ ਆਗਿਆ ਦੇ ਦਿੱਤੀ | ਹਾਲਾਂਕਿ ਥੋੜੀ ਹੀ ਦੇਰ ਬਾਅਦ ਜਹਾਜ਼ ਹਾਦਸਾਗ੍ਰਸਤ ਹੋਣ ਦੀ ਖ਼ਬਰ ਆ ਗਈ ਪੂਰੇ ਘਟਨਾਕ੍ਰਮ ਦੀ ਜਾਂਚ ਕੀਤੀ ਜਾ ਰਹੀ ਹੈ |