15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਅੰਡਰ-19 ਏਸ਼ੀਆ ਕੱਪ: ਭਾਰਤ 9ਵੀਂ ਵਾਰ ਬਣਿਆ ਚੈਂਪੀਅਨ

ਅਲ ਅਮੀਰਾਤ (ਓਮਾਨ), 14 ਨਵੰਬਰ (ਏਜੰਸੀ)-ਅੰਡਰ-19 ਏਸ਼ੀਆ ਕੱਪ 2026 ਦੇ ਖਿਤਾਬੀ ਮੁਕਾਬਲੇ ’ਚ ਮੋਹਿਤ ਉਲਵਾ ਤੇ ਮਨਲ ਚੌਹਾਨ ਦੇ ਦਮ ’ਤੇ ਭਾਰਤ ਦੀ ਯੁਵਾ ਬ੍ਰਿਗੇਡ ਨੇ ਕ੍ਰਿਸ਼ਮਈ ਪ੍ਰਦਰਸ਼ਨ ਕਰਦੇ ਵਿਰੋਧੀ ਪਾਕਿਸਤਾਨ ਨੂੰ 1 ਵਿਕਟ ਨਾਲ ਹਰਾ ਦਿੱਤਾ।...

ਅਜੀਤ ਡੈਸਕ 15-11-2026

ਅਲ ਅਮੀਰਾਤ (ਓਮਾਨ), 14 ਨਵੰਬਰ (ਏਜੰਸੀ)-ਅੰਡਰ-19 ਏਸ਼ੀਆ ਕੱਪ 2026 ਦੇ ਖਿਤਾਬੀ ਮੁਕਾਬਲੇ ’ਚ ਮੋਹਿਤ ਉਲਵਾ ਤੇ ਮਨਲ ਚੌਹਾਨ ਦੇ ਦਮ ’ਤੇ ਭਾਰਤ ਦੀ ਯੁਵਾ ਬ੍ਰਿਗੇਡ ਨੇ ਕ੍ਰਿਸ਼ਮਈ ਪ੍ਰਦਰਸ਼ਨ ਕਰਦੇ ਵਿਰੋਧੀ ਪਾਕਿਸਤਾਨ ਨੂੰ 1 ਵਿਕਟ ਨਾਲ ਹਰਾ ਦਿੱਤਾ। ਅਲ ਅਮੀਰਾਤ ’ਚ ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ ਰਿਕਾਰਡ 9ਵੀਂ ਵਾਰ ਅੰਡਰ-19 ਏਸ਼ੀਆ ਕੱਪ ਦੀ ਟਰਾਫ਼ੀ ’ਤੇ ਕਬਜ਼ਾ ਜਮਾ ਲਿਆ। ਪਾਕਿਸਤਾਨ ਵਲੋਂ ਮਿਲੇ 338 ਦੌੜਾਂ ਦੇ ਵੱਡੇ ਸਕੋਰ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੂੰ ਸਲਾਮੀ ਬੱਲੇਬਾਜ਼ਾਂ ਨੇ ਬਿਹਤਰੀਨ ਸ਼ੁਰੂਆਤ ਦਿਵਾਈ। ਸੱਟ ਨਾਲ ਜੂਝਦੇ ਹੋਏ ਖੇਡ ਰਹੇ ਆਰਿਆਵੀਰ ਸਹਿਵਾਗ (61 ਗੇਂਦਾਂ ’ਤੇ 58 ਦੌੜਾਂ) ਤੇ ਕਪਤਾਨ ਲਕਸ਼ ਰਾਏਚੰਦਾਨੀ (101 ਗੇਂਦਾਂ ’ਤੇ 80 ਦੌੜਾਂ) ਨੇ ਪਹਿਲੇ ਵਿਕਟ 
’ਤੇ 47 ਦੌੜਾਂ ਦੀ ਬੇਸ਼ਕੀਮਤੀ ਪਾਰੀ ਖੇਡੀ ਤੇ ਮੈਚ ਨੂੰ ਜਿੱਤ ਦੀ ਦਹਿਲੀਜ਼ ਤੱਕ ਪਹੁੰਚਾਇਆ। ਚੌਹਾਨ ਦੇ ਆਊਟ ਹੋਣ ਬਾਅਦ ਵੀ ਮੋਹਿਤ ਉਲਵਾ ਨੇ ਹਿੰਮਤ ਨਹੀਂ ਹਾਰੀ ਤੇ ਆਖਰੀ ਬੱਲੇਬਾਜ਼ ਚਿਗੁਰੂਪਤੀ ਵੈਂਕਟ ਨਾਲ ਮਿਲ ਕੇ 10ਵੇਂ ਵਿਕਟ ਲਈ ਮਹਿਜ਼ 16 ਗੇਂਦਾਂ ’ਤੇ 30 ਦੌੜਾਂ ਦੀ ਕਰਿਸ਼ਮਈ ਸਾਂਝੇਦਾਰੀ ਕੀਤੀ ਤੇ ਭਾਰਤੀ ਟੀਮ ਨੂੰ ਇਕ ਵਿਕਟ ਨਾਲ ਯਾਦਗਾਰ ਜਿੱਤ ਦਿਵਾ ਦਿੱਤੀ। ਜਿੱਤ ਦੇ ਸਭ ਤੋਂ ਵੱਡੇ ਮਹਾਨਾਇਕ ਰਹੇ ਮੋਹਿਤ ਉਲਵਾ ਨੇ ਮਹਿਜ਼ 26 ਗੇਂਦਾਂ ’ਤੇ ਨਾਬਾਦ 49 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ ਅਤੇ 5 ਸ਼ਾਨਦਾਰ ਚੌਕੇ ਤੇ 3 ਛੱਕੇ ਲਗਾਏ। ਮੋਹਿਤ ਤੇ ਮਨਲ ਦੀਆਂ ਜਾਂਬਾਜ਼ ਪਾਰੀਆਂ ਬਦੌਲਤ ਹੀ ਭਾਰਤ ਨੇ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਮੁਕਾਬਲੇ ’ਚ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਪਾਕਿਸਤਾਨ ਨੇ ਨਿਰਧਾਰਿਤ 50 ਓਵਰਾਂ ’ਚ 9 ਵਿਕਟਾਂ ਗੁਆ ਕੇ 337 ਦੌੜਾਂ ਦਾ ਵੱਡਾ ਸਕੋਰ ਖੜਾ ਕੀਤਾ। ਟੀਮ ਵਲੋਂ ਉਸਮਾਨ ਖਾਨ ਨੇ ਸਭ ਤੋਂ ਵੱਡੀ ਪਾਰੀ ਖੇਡਦੇ ਹੋਏ 111 ਗੇਂਦਾਂ ’ਤੇ 107 ਦੌੜਾਂ ਬਣਾਈਆਂ। ਅਬਦੁਲ ਕਾਦਿਰ ਨੇ 54 ਗੇਂਦਾਂ ’ਤੇ 80 ਦੌੜਾਂ ਦੀ ਪਾਰੀ ਖੇਡੀ, ਜਦੋਂ ਕਿ ਕਪਤਾਨ ਫਰਹਾਨ ਯੂਸਫ ਨੇ ਵੀ 60 ਗੇਂਦਾਂ ’ਤੇ 63 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਵਲੋਂ ਗੇਂਦਬਾਜ਼ੀ ’ਚ ਕਾਵਿਆ ਪਟੇਲ ਨੇ 10 ਓਵਰਾਂ ’ਚ 68 ਦੌੜਾਂ ਦੇ ਕੇ 4 ਵਿਕਟਾਂ ਹਾਸਿਲ ਕੀਤੀਆਂ। ਉਥੇ ਹੀ ਚਿਗੁਰੂਪਤੀ ਵੈਂਕਟ ਨੇ 5 ਓਵਰਾਂ ’ਚ 40 ਦੌੜਾਂ ਦੇ ਕੇ 3 ਵਿਕਟਾਂ ਆਪਣੇ ਨਾਂਅ ਕੀਤੀਆਂ।
ਪੂਰਾ ਭਰੋਸਾ ਸੀ ਕਿ ਟੀਮ ਨੂੰ ਜਿੱਤ ਤੱਕ ਪਹੁੰਚਾਵਾਂਗਾ-ਮੋਹਿਤ
ਅਲ ਅਮੀਰਾਤ, (ਏਜੰਸੀ)-ਪਾਕਿਸਤਾਨ ਵਿਰੁੱਧ ਭਾਰਤ ਨੂੰ ਜਿੱਤ ਦਿਵਾਉਣ ਤੋਂ ਬਾਅਦ ਮੋਹਿਤ ਉਲਵਾ ਨੇ ਕਿਹਾ ਕਿ ਉਸ ਨੂੰ ਹਮੇਸ਼ਾ ਆਪਣੇ ਆਪ ’ਤੇ ਭਰੋਸਾ ਸੀ ਕਿ ਉਹ ਇਸ ਔਖੇ ਟੀਚੇ ਦਾ ਸਫਲਤਾਪੂਰਵਕ ਪਿੱਛਾ ਕਰ ਸਕਦਾ ਹੈ। ਮੈਚ ਤੋਂ ਬਾਅਦ ਹੋਏ ਸਮਾਗਮ ’ਚ ਮੋਹਿਤ ਨੇ ਕਿਹਾ ਕਿ ਆਖਰੀ ਓਵਰ ’ਚ ਮੈਨੂੰ ਰੱਬ ’ਤੇ ਪੂਰਾ ਭਰੋਸਾ ਸੀ। ਮੈਂ ਆਪਣੇ ਆਪ ਨੂੰ ਇਕ ਆਲ-ਰਾਊਂਡਰ ਮੰਨਦਾ ਹਾਂ। ਇਹ ਟੂਰਨਾਮੈਂਟ ਮੇਰੇ ਲਈ ਬਹੁਤਾ ਵਧੀਆ ਨਹੀਂ ਰਿਹਾ ਸੀ, ਪਰ ਮੈਨੂੰ ਵਿਸ਼ਵਾਸ ਸੀ ਕਿ ਅੱਜ ਮੈਂ ਟੀਮ ਲਈ ਕੁਝ ਖਾਸ ਕਰ ਸਕਾਂਗਾ। ਮੋਹਿਤ ਨੇ ਆਖਰੀ ਗੇਂਦ ’ਤੇ ਚੌਕਾ ਲਗਾ ਕੇ ਭਾਰਤ ਦੀ ਜਿੱਤ ਪੱਕੀ ਕੀਤੀ। ਉਸ ਨੇ ਅੱਗੇ ਕਿਹਾ ਕਿ ਮੈਨੂੰ ਪਤਾ ਸੀ ਕਿ ਅੱਜ ਦਾ ਦਿਨ ਮੇਰਾ ਹੈ ਅਤੇ ਮੈਂ ਆਪਣੀ ਟੀਮ ਨੂੰ ਜਿੱਤ ਤੱਕ ਪਹੁੰਚਾਵਾਂਗਾ।
ਪ੍ਰਧਾਨ ਮੰਤਰੀ ਵਲੋਂ ਟੀਮ ਨੂੰ ਵਧਾਈ
ਨਵੀਂ ਦਿੱਲੀ, (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਮਾਨ ’ਚ ਅੰਡਰ-19 ਏਸ਼ੀਆ ਕੱਪ ਜਿੱਤਣ ’ਤੇ ਭਾਰਤੀ ਕ੍ਰਿਕਟ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਨੌਜਵਾਨਾਂ ਨੂੰ ਪ੍ਰੇਰਿਤ ਕਰੇਗਾ। ‘ਐਕਸ’ ’ਤੇ ਇਕ ਪੋਸਟ ’ਚ ਮੋਦੀ ਨੇ ਕਿਹਾ ਕਿ ਭਾਰਤੀ ਕ੍ਰਿਕਟ ਲਈ ਇਕ ਬਹੁਤ ਵਧੀਆ ਦਿਨ! ਅੱਜ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਪੁਰਸ਼ ਅੰਡਰ-19 ਏਸ਼ੀਆ ਕੱਪ ਜਿੱਤਣ ਲਈ ਸਾਡੇ ਨੌਜਵਾਨ ਕ੍ਰਿਕਟਰਾਂ ’ਤੇ ਬਹੁਤ ਮਾਣ ਹੈ। ਟੀਮ ਨੂੰ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ।

ਪਿਛਲੀ ਖ਼ਬਰ ਮੁੱਖ ਮੰਤਰੀ ਵਲੋਂ ‘ਪੰਜਾਬ ਦਾ ਕਰੋੜਪਤੀ’ ਮੁਕਾਬਲੇ ਦੀ ਸ਼ੁਰੂਆਤ ਅਗਲੀ ਖ਼ਬਰ ‘ਭਾਰਤ-ਅਮਰੀਕਾ ਵਪਾਰ ਸਮਝੌਤਾ ਜਲਦ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।