19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਪੰਜਾਬ ਮੰਤਰੀ ਮੰਡਲ ਵਲੋਂ ਗੰਨੇ 'ਤੇ 68.50 ਰੁਪਏ ਪ੍ਰਤੀ ਕੁਇੰਟਲ ਸਬਸਿਡੀ ਨੂੰ ਮਨਜ਼ੂਰੀ

ਅਜੀਤ ਡੈਸਕ 21-01-2026

1,000 ਯੋਗਾ ਇੰਸਟ੍ਰਕਟਰਾਂ ਦੀਆਂ ਅਸਾਮੀਆਂ ਨੂੰ ਪ੍ਰਵਾਨਗੀ
ਹਰਕਵਲਜੀਤ ਸਿੰਘ

ਚੰਡੀਗੜ੍ਹ, 20 ਜਨਵਰੀ-ਪੰਜਾਬ ਮੰਤਰੀ ਮੰਡਲ ਦੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਨਿਵਾਸ ਅਸਥਾਨ 'ਤੇ ਹੀ ਹੋਈ ਬੈਠਕ ਦੌਰਾਨ ਗੰਨੇ ਦੀ ਸਾਲ 2025-26 ਦੀ ਫ਼ਸਲ ਲਈ ਨਿੱਜੀ ਮਿਲਾਂ ਵਲੋਂ ਖ਼ਰੀਦੇ ਗੰਨੇ 'ਤੇ 68.50 ਰੁਪਏ ਪ੍ਰਤੀ ਕੁਇੰਟਲ ਸਬਸਿਡੀ ਦੇਣ ਨੂੰ ਪ੍ਰਵਾਨਗੀ ਦੇ ਦਿੱਤੀ ਗਈ | ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਜਿਨ੍ਹਾਂ ਮੀਟਿੰਗ ਤੋਂ ਬਾਅਦ ਫ਼ੈਸਲਿਆਂ ਸੰਬੰਧੀ ਜਾਣਕਾਰੀ ਦਿੱਤੀ, ਨੇ ਪਰ ਇਹ ਸਪੱਸ਼ਟ ਨਹੀਂ ਕੀਤਾ ਕਿ ਇਸ ਨਾਲ ਸਰਕਾਰੀ ਖ਼ਜ਼ਾਨੇ 'ਤੇ ਕਿੰਨਾ ਕੁ ਬੋਝ ਪਵੇਗਾ | ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਕਿਸਾਨ ਨੂੰ ਇਸ ਵੇਲੇ ਦੇਸ਼ 'ਚੋਂ ਸਭ ਤੋਂ ਵੱਧ ਗੰਨੇ ਦਾ ਮੁੱਲ ਮਿਲ ਰਿਹਾ ਹੈ ਤੇ ਮਗਰਲੇ ਸਾਲ ਨਾਲੋਂ ਖ਼ਰੀਦ ਮੁੱਲ 'ਚ 15 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਹੋਇਆ ਹੈ | ਉਨ੍ਹਾਂ ਦੱਸਿਆ ਕਿ ਮੰਤਰੀ ਮੰਡਲ ਵਲੋਂ ਮੁੱਖ ਮੰਤਰੀ ਯੋਗਸ਼ਾਲਾ ਸਕੀਮ ਅਧੀਨ ਇਕ ਹਜ਼ਾਰ ਹੋਰ ਯੋਗਾ ਅਧਿਆਪਕ ਭਰਤੀ ਕਰਨ ਲਈ ਪ੍ਰਵਾਨਗੀ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਚੁਣੇ ਜਾਣ ਵਾਲੇ ਯੋਗਾ ਅਧਿਆਪਕਾਂ ਨੂੰ ਪਹਿਲਾਂ 8 ਮਹੀਨੇ ਸਿਖਲਾਈ ਦਿੱਤੀ ਜਾਵੇਗੀ ਅਤੇ ਇਸ ਦੌਰਾਨ ਪ੍ਰਤੀ ਮਹੀਨਾ 8 ਹਜ਼ਾਰ ਰੁਪਏ ਭੱਤਾ ਵੀ ਦਿੱਤਾ ਜਾਵੇਗਾ, ਪਰ ਬਾਅਦ ਵਿਚ ਨਿਯੁਕਤੀ 'ਤੇ 25 ਹਜ਼ਾਰ ਰੁਪਏ ਮਹੀਨਾ ਦਿੱਤੇ ਜਾਣਗੇ | ਇਸ ਵੇਲੇ ਸੂਬੇ 'ਚ 635 ਯੋਗਾ ਅਧਿਆਪਕ ਹਨ ਅਤੇ ਸਰਕਾਰ ਵਲੋਂ ਨਵੇਂ ਅਧਿਆਪਕਾਂ ਲਈ ਬਜਟ 'ਚ 35 ਕਰੋੜ ਰੁਪਏ ਰੱਖੇ ਜਾ ਰਹੇ ਹਨ | ਸ. ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਮੰਤਰੀ ਮੰਡਲ ਵਲੋਂ ਪਿੰਡ ਬਾਦਲ, ਖਡੂਰ ਸਾਹਿਬ, ਫਾਜ਼ਿਲਕਾ ਅਤੇ ਜਲਾਲਾਬਾਦ ਦੇ ਹਸਪਤਾਲ ਬਾਬਾ ਫਰੀਦ ਯੂਨੀਵਰਸਿਟੀ ਨੂੰ ਸੌਂਪੇ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ ਤਾਂ ਜੋ ਇਨ੍ਹਾਂ ਹਸਪਤਾਲਾਂ 'ਚ ਬਿਹਤਰ ਇਲਾਜ ਤੇ ਸੇਵਾਵਾਂ ਮਿਲ ਸਕਣ | ਸ. ਚੀਮਾ ਨੇ ਦੱਸਿਆ ਕਿ ਮਿਊਾਸੀਪਲ ਕਮੇਟੀਆਂ ਦੀਆਂ ਜ਼ਮੀਨਾਂ ਜਨਤਕ ਕੰਮਾਂ ਅਤੇ ਦੂਜੇ ਸਰਕਾਰੀ ਵਿਭਾਗਾਂ ਨੂੰ ਤਬਦੀਲ ਕਰਨ ਲਈ ਨਿਯਮਾਂ 'ਚ ਤਬਦੀਲੀ ਨੂੰ ਪ੍ਰਵਾਨਗੀ ਦਿੱਤੀ ਗਈ ਤੇ ਹੁਣ ਡਿਪਟੀ ਕਮਿਸ਼ਨਰ ਦੀ ਅਗਵਾਈ 'ਚ ਕਮੇਟੀ ਨੂੰ ਇਨ੍ਹਾਂ ਜ਼ਮੀਨਾਂ ਦੀ ਟਰਾਂਸਫਰ, ਨਿਲਾਮੀ, ਵਿਕਰੀ ਜਾਂ ਲੀਜ਼ 'ਤੇ ਦੇਣ ਸੰਬੰਧੀ ਫ਼ੈਸਲਾ ਲੈਣ ਦੇ ਅਧਿਕਾਰ ਦਿੱਤੇ ਜਾਣਗੇ ਤਾਂ ਜੋ ਬੇਲੋੜੀ ਦੇਰੀ ਤੋਂ ਬਚਿਆ ਜਾ ਸਕੇ | ਉਨ੍ਹਾਂ ਦੱਸਿਆ ਕਿ ਸਥਾਨਕ ਸਰਕਾਰਾਂ ਨਾਲ ਸੰਬੰਧਿਤ ਅਦਾਰਿਆਂ ਦੇ ਖੇਤਰਾਂ ਵਿਚਲੇ ਸਰਕਾਰੀ ਰਸਤੇ ਜਾਂ ਖ਼ਾਲ਼ੇ, ਜੋ ਕਈ ਵਾਰ ਕਾਲੋਨੀਆਂ ਜਾਂ ਹੋਰ ਇਮਾਰਤਾਂ ਹੇਠ ਆ ਜਾਂਦੇ ਹਨ, ਹੁਣ ਉਨ੍ਹਾਂ ਲਈ ਪੈਸਾ ਵੀ ਸਰਕਾਰ ਨੂੰ ਹੀ ਮਿਲੇਗਾ ਅਤੇ ਇਸ ਲਈ ਨਿਯਮਾਂ 'ਚ ਸੋਧ ਨੂੰ ਪ੍ਰਵਾਨਗੀ ਦਿੱਤੀ ਗਈ | ਇਸੇ ਤਰ੍ਹਾਂ ਪੈਪਰਾ ਐਕਟ ਅਧੀਨ ਹੁਣ ਕਾਲੋਨਾਈਜ਼ਰਾਂ ਨੂੰ ਉਨ੍ਹਾਂ ਦੇ ਪ੍ਰਾਜੈਕਟਾਂ ਨੂੰ ਪੂਰਾ ਕਰਨ ਲਈ ਕੇਵਲ 3 ਸਾਲ ਦਾ ਵਾਧਾ ਮਿਲੇਗਾ, ਜਿਸ ਲਈ ਉਨ੍ਹਾਂ ਨੂੰ ਸਾਲਾਨਾ 25 ਹਜ਼ਾਰ ਰੁਪਏ ਪ੍ਰਤੀ ਏਕੜ ਦੀ ਅਦਾਇਗੀ ਕਰਨੀ ਪਵੇਗੀ | ਜਦੋਂ ਕਿ ਪਹਿਲਾਂ 10 ਹਜ਼ਾਰ ਪ੍ਰਤੀ ਏਕੜ ਦੀ ਅਦਾਇਗੀ ਨਾਲ ਲਗਾਤਾਰ ਵਾਧਾ ਲੈ ਸਕਦੇ ਸਨ, ਜਿਸ ਕਾਰਨ ਪ੍ਰਾਜੈਕਟ ਲਟਕਦੇ ਰਹਿੰਦੇ ਸਨ | ਉਨ੍ਹਾਂ ਕਿਹਾ ਕਿ ਪਹਿਲਾਂ ਫਲੋਰ ਏਰੀਆ ਦੇ ਵਾਧੇ ਲਈ ਜੋ 50 ਪ੍ਰਤੀਸ਼ਤ ਫ਼ੀਸ ਸੀ, ਉਸ ਨੂੰ ਘਟਾ ਕੇ 25 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ | ਮੰਤਰੀ ਮੰਡਲ ਵਲੋਂ ਸੂਬੇ 'ਚ ਬਾਗ਼ਬਾਨੀ ਹੇਠਲੀ ਜ਼ਮੀਨ ਨੂੰ 6 ਪ੍ਰਤੀਸ਼ਤ ਤੋਂ ਵਧਾ ਕੇ 15 ਪ੍ਰਤੀਸ਼ਤ ਕਰਨ ਅਤੇ ਜਪਾਨੀ ਤਕਨਾਲੋਜੀ ਅਪਣਾਉਣ ਲਈ ਜਪਾਨ ਇੰਟਰਨੈਸ਼ਨਲ ਏਜੰਸੀ ਨਾਲ ਸਮਝੌਤੇ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ | ਮੰਤਰੀ ਮੰਡਲ ਵਲੋਂ ਪੰਜਾਬ ਸਿਵਲ ਸੇਵਾਵਾਂ ਦੇ ਇਮਤਿਹਾਨਾਂ ਲਈ ਅਰਜ਼ੀਕਰਤਾ ਲਈ ਇਹ ਲਾਜ਼ਮੀ ਬਣਾਉਣ ਦਾ ਫ਼ੈਸਲਾ ਲਿਆ ਗਿਆ ਕਿ ਬਿਨੈ ਪੱਤਰ ਦੇਣ ਦੀ ਆਖ਼ਰੀ ਤਰੀਕ ਤੱਕ ਉਨ੍ਹਾਂ ਨੂੰ ਡਿਗਰੀ ਮਿਲ ਚੁੱਕੀ ਹੋਣੀ ਚਾਹੀਦੀ ਹੈ | ਮੰਤਰੀ ਮੰਡਲ ਨੇ ਕਰ ਤੇ ਆਬਕਾਰੀ ਵਿਭਾਗ 'ਚ ਸੁਪਰਡੈਂਟ ਗਰੇਡ ਲਈ ਸੇਵਾ ਨਿਯਮਾਂ ਨੂੰ ਵੀ ਪ੍ਰਵਾਨਗੀ ਦਿੱਤੀ | ਮੰਤਰੀ ਮੰਡਲ ਨੇ ਭਗਵਾਨ ਰਾਮ ਦੇ ਜੀਵਨ 'ਤੇ ਬਣਾਏ ਗਏ ਸ਼ੋਅ ਦੇ ਸੂਬੇ 'ਚ 40 ਪ੍ਰੋਗਰਾਮ ਕਰਵਾਉਣ ਲਈ ਵੀ ਹਰੀ ਝੰਡੀ ਦਿੱਤੀ |

ਪਿਛਲੀ ਖ਼ਬਰ ਲਾਵਾਰਸ ਕੁੱਤਿਆਂ ਦੇ ਮੁੱਦੇ 'ਤੇ ਮੇਨਕਾ ਗਾਂਧੀ ਵਲੋਂ ਕੀਤੀ ਆਲੋਚਨਾ ਤੋਂ ਸੁਪਰੀਮ ਕੋਰਟ ਨਾਰਾਜ਼ ਅਗਲੀ ਖ਼ਬਰ ਈਰਾਨ 'ਚ ਪ੍ਰਦਰਸ਼ਨਕਾਰੀਆਂ 'ਤੇ ਕਾਰਵਾਈ 'ਚ 4,029 ਤੋਂ ਵੱਧ ਹਲਾਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।