ਭੁਲੱਥ, 24 ਦਸੰਬਰ (ਮਨਜੀਤ ਸਿੰਘ ਰਤਨ)-ਸੀਵਰੇਜ ਪਾਉਣ ਕਰਕੇ ਭੁਲੱਥ ਕਰਤਾਰਪੁਰ ਸੜਕ 2 ਮਹੀਨੇ ਬੰਦ ਰਹਿਣ ਨਾਲ ਹਲਕਾ ਭੁਲੱਥ ਦੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ | ਇਹ ਪ੍ਰਗਟਾਵਾ ਸੁਖਵੰਤ ਸਿੰਘ ਤੱਖਰ ਸੀਨੀਅਰ ਅਕਾਲੀ ਆਗੂ ਨੇ ਇੱਕ ਬਿਆਨ ਰਾਹੀਂ ਕੀਤਾ | ਉਨ੍ਹਾਂ ਕਿਹਾ ਕਿ ਜਦੋਂ ਭੁਲੱਥ ਤੋਂ ਕਰਤਾਰਪੁਰ ਜਾਣਾ ਹੁੰਦਾ ਹੈ ਤਾਂ ਇਹੋ ਹੀ ਇੱਕ ਰੋਡ ਹੈ ਜਿਹੜਾ ਬਣਿਆ ਹੋਇਆ ਹੈ, ਬਾਕੀ ਸਾਰੇ ਟੁੱਟੇ ਪਏ ਹਨ | ਭੁਲੱਥ, ਨਡਾਲਾ, ਸੁਭਾਨਪੁਰ ਰਸਤੇ ਕਰਤਾਰਪੁਰ ਜਾਣਾ ਹੋਵੇ ਤਾਂ ਇਹ ਤਕਰੀਬਨ 30 ਕਿੱਲੋਮੀਟਰ ਸਫ਼ਰ ਪੈਂਦਾ ਹੈ | ਜਦਕਿ ਭੁਲੱਥ ਤੋਂ ਕਰਤਾਰਪੁਰ ਸਿਰਫ਼ 12 ਕਿੱਲੋਮੀਟਰ ਹੈ | ਜਿਹੜਾ ਰੋਡ ਛੋਟੀਆਂ ਗੱਡੀਆਂ ਵਾਸਤੇ ਦਿੱਤਾ ਗਿਆ ਹੈ, ਉਹ ਵੀ ਤਕਰੀਬਨ 25 ਕਿੱਲੋਮੀਟਰ ਦੇ ਕਰੀਬ ਹੈ | ਇਸ ਦੇ ਨਾਲ ਭੁਲੱਥ ਦਾ ਵਪਾਰ ਤਾਂ ਪ੍ਰਭਾਵਿਤ ਹੋਵੇਗਾ ਹੀ ਨਾਲ ਜਿਹੜੇ ਬੱਚੇ ਸਕੂਲਾਂ ਕਾਲਜਾਂ ਨੂੰ ਜਾਂਦੇ ਹਨ ਉਨ੍ਹਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ | ਉਨ੍ਹਾਂ ਕਿਹਾ ਇਹ ਵੀ ਪਤਾ ਲਗਾ ਹੈ ਕਿ ਉੱਥੋਂ ਸੜਕ ਦੀ ਚੌੜਾਈ 66 ਫੁੱਟ ਦੀ ਹੈ ਜਦਕਿ ਸੈਂਟਰ ਵਿਚ 22 ਫੁੱਟ ਸੜਕ ਬਣੀ ਹੋਈ ਹੈ ਤੇ ਦੋਵਾਂ ਪਾਸੇ 22-22 ਫੁੱਟ ਵਿਹਲੀ ਜਗ੍ਹਾ ਪਈ ਹੋਈ ਹੈ | ਉਨ੍ਹਾਂ ਮੰਗ ਕਰਦੇ ਹੋਏ ਕਿਹਾ ਕਿ ਸੜਕ ਨਾ ਪੱਟੀ ਜਾਵੇ ਤੇ ਕੱਚੇ ਰਸਤੇ 'ਤੇ ਹੀ ਸੀਵਰੇਜ ਪਾਇਆ ਜਾਵੇ | ਜੇਕਰ ਸਰਕਾਰ ਇਹ ਗੱਲ ਨਹੀਂ ਮੰਨਦੀ ਤਾਂ ਇਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ |