19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਪ੍ਰਵਾਸੀ ਨੇ ਨਾਜਾਇਜ਼ ਸੰਬੰਧਾਂ ਦਾ ਸ਼ੱਕ ਹੋਣ ਕਾਰਨ ਕੀਤਾ ਸੀ ਪਤਨੀ ਦਾ ਕਤਲ

ਅਜੀਤ ਡੈਸਕ 09-12-2025
ਸ਼ਾਹਕੋਟ, 8 ਦਸੰਬਰ (ਦਲਜੀਤ ਸਿੰਘ ਸਚਦੇਵਾ/ਸੁਖਦੀਪ ਸਿੰਘ, ਨਗਿੰਦਰ ਸਿੰਘ ਬਾਂਸਲ)-ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ ਮੁੱਖ ਅਫ਼ਸਰ ਥਾਣਾ ਸ਼ਾਹਕੋਟ ਦੀ ਪੁਲਿਸ ਪਾਰਟੀ ਵਲੋਂ ਪਿੰਡ ਕੋਟਲੀ ਗਾਜਰਾਂ (ਸ਼ਾਹਕੋਟ) ਵਿਖੇ ਪਤਨੀ ਦਾ ਕਤਲ ਕਰਕੇ ਫ਼ਰਾਰ ਹੋਏ ਪ੍ਰਵਾਸੀ ਪਤੀ ਨੂੰ 12 ਘੰਟਿਆਂ 'ਚ ਗਿ੍ਫ਼ਤਾਰ ਕਰਕੇ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ | ਪ੍ਰੈੱਸ ਕਾਨਫਰੰਸ ਦੌਰਾਨ ਡੀ.ਐੱਸ.ਪੀ ਸ਼ਾਹਕੋਟ ਸੁਖਪਾਲ ਸਿੰਘ ਨੇ ਦੱਸਿਆ ਕਿ 6 ਦਸੰਬਰ ਨੂੰ ਜਰਨੈਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਕੋਟਲੀ ਗਾਜਰਾਂ ਥਾਣਾ ਸ਼ਾਹਕੋਟ ਨੇ ਇਤਲਾਹ ਦਿੱਤੀ ਕਿ 4 ਦਸੰਬਰ ਨੂੰ ਕਰੀਬ ਸ਼ਾਮ 6 ਵਜੇ ਉਹ ਆਪਣੇ ਖੇਤਾਂ ਵੱਲ ਨੂੰ ਗੇੜਾ ਮਾਰਨ ਗਿਆ ਸੀ, ਜਿੱਥੇ ਪੱਕੀ ਸੜਕ 'ਤੇ ਇਕ ਪ੍ਰਵਾਸੀ ਮਜ਼ਦੂਰ ਆਪਣੀ ਪਤਨੀ ਤੇ 2 ਬੱਚਿਆਂ ਸਮੇਤ ਬੈਠੇ ਸੀ, ਜਿਨ੍ਹਾਂ ਪਾਸ ਰਹਿਣ ਵਾਸਤੇ ਕੋਈ ਜਗ੍ਹਾ ਨਹੀਂ ਸੀ | ਠੰਢ ਦਾ ਮੌਸਮ ਹੋਣ ਕਰਕੇ ਜਰਨੈਲ ਸਿੰਘ ਨੇ ਜ਼ਮੀਨ 'ਚ ਬਣੇ ਕਮਰੇ ਵਿੱਚ ਰਹਿਣ ਲਈ ਜਗ੍ਹਾ ਦੇ ਦਿੱਤੀ | 6 ਦਸੰਬਰ ਨੂੰ ਸਵੇਰੇ ਕਰੀਬ 8 ਵਜੇ ਉਹ ਆਪਣੇ ਖੂਹ 'ਤੇ ਗੇੜਾ ਮਾਰਨ ਗਿਆ ਤਾਂ ਜਾ ਕੇ ਦੇਖਿਆ ਤਾਂ ਕਮਰੇ ਵਿਚ ਪ੍ਰਵਾਸੀ ਔਰਤ, ਜਿਸ ਦੇ ਸੱਟਾਂ ਲੱਗੀਆਂ ਹੋਈਆਂ ਸਨ ਤੇ ਉਸ ਦੀ ਮੌਤ ਹੋ ਚੁੱਕੀ ਸੀ | ਔਰਤ ਦੀ ਲਾਸ਼ ਕਮਰੇ ਦੇ ਅੰਦਰ ਥੱਲੇ ਪਈ ਸੀ ਤੇ ਪ੍ਰਵਾਸੀ ਆਪਣੇ ਬੱਚਿਆਂ ਸਮੇਤ ਮੌਕੇ 'ਤੇ ਮੌਜੂਦ ਨਹੀਂ ਸੀ | ਪ੍ਰਵਾਸੀ ਆਪਣੀ ਪਤਨੀ ਦਾ ਕਤਲ ਕਰਕੇ ਮੌਕੇ ਤੋਂ ਫ਼ਰਾਰ ਹੋ ਗਿਆ ਸੀ, ਜਿਸ 'ਤੇ ਜਰਨੈਲ ਸਿੰਘ ਦੇ ਬਿਆਨਾਂ 'ਤੇ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਗਈ ਤੇ ਕਤਲ ਕਰਨ ਵਾਲੇ ਪ੍ਰਵਾਸੀ ਮੁੰਨਾ ਕਾਂਤੀ (30) ਪੁੱਤਰ ਸ਼ੰਭੂ ਕਾਂਤੀ ਵਾਸੀ ਕਿਸ਼ਨਪੁਰਾ ਸੁਰਮਾ ਜ਼ਿਲ੍ਹਾ ਸਾਰਸਾ ਸਟੇਟ ਬਿਹਾਰ ਨੂੰ ਗਿ੍ਫ਼ਤਾਰ ਕੀਤਾ ਗਿਆ | ਪੁੱਛਗਿੱਛ ਦੌਰਾਨ ਦੋਸ਼ੀ ਮੁੰਨਾ ਕਾਂਤੀ ਨੇ ਦੱਸਿਆ ਕਿ ਉਸ ਦੀ ਸ਼ਾਦੀ ਕਰੀਬ 15 ਸਾਲ ਪਹਿਲਾ ਰਾਣੀ ਕੁਮਾਰੀ ਨਾਲ ਹੋਈ ਸੀ ਤੇ ਉਸ ਦੇ ਦੋ ਬੱਚੇ ਸਨ | ਉਹ ਕੁਝ ਦਿਨ ਪਹਿਲਾ ਦਿੱਲੀ ਤੋਂ ਆਪਣੇ ਪਰਿਵਾਰ ਸਮੇਤ ਕੰਮਕਾਰ ਦੀ ਭਾਲ ਵਿਚ ਪੰਜਾਬ ਆਇਆ ਸੀ ਤੇ ਕੰਮ ਦੀ ਭਾਲ ਲਈ ਪਿੰਡ ਕੋਟਲੀ ਗਾਜਰਾਂ ਨਜ਼ਦੀਕ ਖੜ੍ਹਾ ਸੀ ਕਿ ਇਕ ਵਿਅਕਤੀ ਨੇ ਉਸ ਨੂੰ ਰਹਿਣ ਲਈ ਆਪਣੀ ਮੋਟਰ 'ਤੇ ਕਮਰਾ ਦੇ ਦਿੱਤਾ | ਕਮਰੇ ਵਿਚ ਰਾਤ ਸਮੇਂ ਉਸ ਦਾ ਆਪਣੀ ਪਤਨੀ ਰਾਣੀ ਕੁਮਾਰੀ ਨਾਲ ਝਗੜਾ ਹੋ ਗਿਆ ਸੀ, ਉਸ ਨੇ ਆਪਣੀ ਪਤਨੀ ਰਾਣੀ ਕੁਮਾਰੀ ਦੇ ਸੱਟਾਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ, ਉਪਰੰਤ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਫ਼ਰਾਰ ਹੋ ਗਿਆ ਸੀ | ਡੀ. ਐੱਸ. ਪੀ. ਨੇ ਦੱਸਿਆ ਕਿ ਦੋਸ਼ੀ ਨੇ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਸੰਬੰਧਾਂ ਦਾ ਸ਼ੱਕ ਹੋਣ ਕਾਰਨ ਆਪਣੀ ਪਤਨੀ ਦਾ ਕਤਲ ਕੀਤਾ ਸੀ | ਇਸ ਮੌਕੇ ਮਲਸੀਆਂ ਚੌਕੀ ਇੰਚਾਰਜ ਏ. ਐੱਸ. ਆਈ. ਜਗਤਾਰ ਸਿੰਘ ਵੀ ਮੌਜੂਦ ਸਨ |
ਪਿਛਲੀ ਖ਼ਬਰ ਕਾਂਗਰਸ ਵਲੋਂ ਨਿਗਮ ਦਫ਼ਤਰ ਦੇ ਬਾਹਰ ਧਰਨਾ ਭਲਕੇ ਅਗਲੀ ਖ਼ਬਰ ਜੀ. ਜੀ. ਐਸ. ਐਵੀਨਿਊ 'ਚ ਲੱਗੇ ਗੇਟਾਂ ਨੂੰ ਲੈ ਕੇ ਨਿਗਮ ਵਲੋਂ ਕਾਰਨ ਦੱਸੋ ਨੋਟਿਸ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।