ਜਲੰਧਰ, 4 ਦਸੰਬਰ (ਜਸਪਾਲ ਸਿੰਘ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ.ਪੀ.ਯੂ.) ਨੇ ਇੱਕ ਵਾਰ ਫਿਰ ਪੰਜਾਬ ਸਟੇਟ ਯੂਥ ਫੈਸਟੀਵਲ 2025 'ਚ ਓਵਰਆਲ ਚੈਂਪੀਅਨਸ਼ਿਪ ਜਿੱਤ ਕੇ ਆਪਣੀ ਸੱਭਿਆਚਾਰਕ ਮੁਹਾਰਤ ਦਾ ਸਬੂਤ ਦਿੱਤਾ | ਪੰਜਾਬ ਦੇ ਮੁੱਖ ਮੰਤਰੀ ਦੀ ਅਗਵਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਿਖੇ ਕਰਵਾਏ ਚਾਰ ਦਿਨਾਂ ਫੈਸਟੀਵਲ 'ਚ ਰਾਜ ਭਰ ਦੀਆਂ ਯੂਨੀਵਰਸਿਟੀਆਂ ਨੇ ਪੰਜਾਬ ਦੀ ਪ੍ਰਤਿਭਾ, ਰਚਨਾਤਮਕਤਾ ਅਤੇ ਅਮੀਰ ਵਿਰਾਸਤ ਦਾ ਪ੍ਰਦਰਸ਼ਨ ਕੀਤਾ | ਇਹ ਯੁਵਾ ਸੇਵਾਵਾਂ ਵਿਭਾਗ ਪੰਜਾਬ ਸਰਕਾਰ ਦੁਆਰਾ ਕਰਵਾਇਆ ਗਿਆ ਸੀ, ਜਿਸ ਵਿਚ ਐਲ.ਪੀ.ਯੂ. ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 12 ਪਹਿਲੇ, 13 ਦੂਜੇ ਅਤੇ 12 ਤੀਜੇ ਸਥਾਨ ਪ੍ਰਾਪਤ ਕੀਤੇ | ਐਲਪੀਯੂ ਨੇ 51 ਵਿੱਚੋਂ 37 ਮੁਕਾਬਲੇ ਜਿੱਤੇ, ਜਿਸ ਨਾਲ ਇਹ ਇੱਕ ਰਿਕਾਰਡਤੋੜ ਜਿੱਤ ਬਣ ਗਈ | ਐਲਪੀਯੂ ਦੀਆਂ ਪ੍ਰਮੁੱਖ ਪ੍ਰਾਪਤੀਆਂ ਵਿੱਚ ਵਨ ਐਕਟ ਪਝਲੇ, ਸਕਿਟ, ਪੱਖੀ ਬਣਾਉਣਾ, ਨਾਲਾ ਬੁਣਾਈ, ਗੁੜੀਆ-ਪਟੋਲੇ ਬਣਾਉਣਾ, ਪਰਾਂਦਾ ਬਣਾਉਣਾ, ਇਨੂ/ਬਿੰਨੂ, ਮੁਹਾਵਰੇ ਦਰ ਬਰਤਾਲਬ, ਸਟਿਲ ਲਾਈਫ ਪੇਂਟਿੰਗ, ਆਰਕੈਸਟਰਾ, ਕਲੀ ਅਤੇ ਲੰਬੀ ਹੇਕ ਵਾਲੇ ਗੀਤ ਵਿੱਚ ਸੋਨੇ ਦੇ ਤਗਮੇ ਸ਼ਾਮਿਲ ਸਨ | ਐਲ.ਪੀ.ਯੂ. ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੇ ਓਵਰਆਲ ਟਰਾਫੀ ਪ੍ਰਾਪਤ ਕੀਤੀ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਐਲਪੀਯੂ ਹਮੇਸ਼ਾ ਵਿਦਿਆਰਥੀਆਂ ਨੂੰ ਹਰ ਤਰੀਕੇ ਨਾਲ ਆਤਮਵਿਸ਼ਵਾਸੀ, ਰਚਨਾਤਮਕ ਅਤੇ ਬਿਹਤਰ ਇਨਸਾਨ ਬਣਨ ਲਈ ਉਤਸ਼ਾਹਿਤ ਕਰਦਾ ਹੈ |