ਜਲੰਧਰ, 4 ਦਸੰਬਰ (ਜਸਪਾਲ ਸਿੰਘ)-ਸੀ.ਟੀ. ਇੰਸਟੀਚਿਊਟ ਆਫ ਆਰਕੀਟੈਕਚਰ ਐਂਡ ਪਲਾਨਿੰਗ, ਸ਼ਾਹਪੁਰ ਜਲੰਧਰ ਨੇ ਹੜ੍ਹ ਪੀੜਤ ਪਰਿਵਾਰਾਂ ਦੇ ਪੁਨਰਵਾਸ ਲਈ ਗਲੋਬਲ ਸਿੱਖਸ ਪਟਿਆਲਾ ਅਤੇ ਸੀ.ਆਰ.ਸੀ.ਆਈ. ਇੰਡੀਆ ਨਵੀਂ ਦਿੱਲੀ ਨਾਲ ਮਿਲ ਕੇ ਕੰਮ ਕਰਨ ਦਾ ਫੈਸਲਾ ਕੀਤਾ ਹੈ | ਇਹ ਸਹਿਯੋਗ ਪੰਜਾਬ ਦੇ ਹੜ੍ਹ-ਪ੍ਰਭਾਵਿਤ ਲੋਕਾਂ ਦੇ ਪੁਨਰਵਾਸ ਲਈ ਸਿੱਖਿਆ, ਤਕਨਾਲੋਜੀ ਅਤੇ ਮਨੁੱਖੀ ਸੇਵਾ ਨੂੰ ਇਕ ਮੰਚ 'ਤੇ ਲਿਆਉਣ ਵੱਲ ਇਕ ਅਹਿਮ ਕਦਮ ਹੈ | ਇਸ ਮੁਹਿੰਮ ਦਾ ਮਕਸਦ ਵਿਦਿਆਰਥੀਆਂ ਨੂੰ ਮੈਦਾਨੀ ਹਾਲਾਤਾਂ ਵਿੱਚ ਸਿੱਖਣ ਦਾ ਮੌਕਾ ਪ੍ਰਦਾਨ ਕਰਨਾ ਅਤੇ ਪ੍ਰਭਾਵਿਤ ਪਰਿਵਾਰਾਂ ਦੇ ਜੀਵਨ ਨੂੰ ਮੁੜ ਵਸਾਉਣ ਵਿੱਚ ਉਨ੍ਹਾਂ ਦਾ ਜ਼ਰੂਰੀ ਯੋਗਦਾਨ ਯਕੀਨੀ ਬਣਾਉਣਾ ਹੈ | ਜਿਸ ਤਹਿਤ ਵਿਦਿਆਰਥੀ ਫ਼ਾਜ਼ਿਲਕਾ ਅਤੇ ਗੁਰਦਾਸਪੁਰ ਜ਼ਿਲਿ੍ਹਆਂ 'ਚ ਹੜ੍ਹਾਂ ਨਾਲ ਪ੍ਰਭਾਵਿਤ ਪਰਿਵਾਰਾਂ ਲਈ ਸੁਰੱਖਿਅਤ, ਟਿਕਾਊ ਅਤੇ ਲਾਗਤ-ਪ੍ਰਭਾਵੀ ਰਿਹਾਇਸ਼ੀ ਡਿਜ਼ਾਇਨ ਤਿਆਰ ਕਰਨਗੇ | ਸੀਟੀ ਗਰੁੱਪ ਦੀ ਗਲੋਬਲ ਸਿੱਖ ਤੇ ਸੀ.ਆਰ.ਸੀ.ਆਈ ਨਾਲ ਇਹ ਸਾਂਝ ਵਿਦਿਆਰਥੀਆਂ ਵਿੱਚ ਸਮਾਜਿਕ ਜਿੰਮੇਵਾਰੀ, ਸੂਝ-ਬੂਝ ਅਤੇ ਨਵੀਨਤਾ ਦੀ ਭਾਵਨਾ ਨੂੰ ਮਜ਼ਬੂਤ ਬਣਾਉਂਦੀ ਹੈ | ਸੰਸਥਾ ਦਾ ਮੰਨਣਾ ਹੈ ਕਿ ਆਰਕੀਟੈਕਚਰ ਸਿਰਫ਼ ਇਮਾਰਤਾਂ ਬਣਾਉਣ ਤੱਕ ਸੀਮਿਤ ਨਹੀਂ, ਸਗੋਂ ਸਮਾਜ ਨੂੰ ਦੁਬਾਰਾ ਖੜ੍ਹਾ ਕਰਨ ਦਾ ਇਕ ਸ਼ਕਤੀਸ਼ਾਲੀ ਸਾਧਨ ਹੈ | ਇਹ ਸਹਿਯੋਗ ਉਸੇ ਨਜ਼ਰੀਏ ਨੂੰ ਅੱਗੇ ਵਧਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ |