ਜਲੰਧਰ, 21 ਅਕਤੂਬਰ (ਸ਼ਿਵ)- ਤਿਉਹਾਰਾਂ ਦੇ ਦਿਨਾਂ ਵਿਚ ਨਿਗਮ ਪ੍ਰਸ਼ਾਸਨ ਨੇ ਸ਼ਹਿਰ ਵਿਚ ਕੂੜਾ ਚੁੱਕਣ ਲਈ ਸਰਕਾਰੀ ਅਤੇ ਠੇਕੇਦਾਰਾਂ ਦੀਆਂ ਗੱਡੀਆਂ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਸੀ ਤੇ ਦੀਵਾਲੀ ਕਰਕੇ ਵੀ ਸ਼ਹਿਰ ਵਿਚ 500 ਟਨ ਤੋਂ ਜ਼ਿਆਦਾ ਕੂੜਾ ਵਧ ਗਿਆ ਹੈ ਜਿਸ ਨੂੰ ਚੱੁਕਣ ਲਈ ਸਰਕਾਰੀ ਅਤੇ ਗੈਰ ਸਰਕਾਰੀ ਗੱਡੀਆਂ ਨੂੰ ਕੁੱਝ ਸਮਾਂ ਲੱਗ ਸਕਦਾ ਹੈ | ਦੀਵਾਲੀ ਤੋਂ ਪਹਿਲਾਂ ਹੀ ਸ਼ਹਿਰ ਵਿਚ ਕੂੜਾ ਵਧਣਾ ਸ਼ੁਰੂ ਹੋ ਗਿਆ ਸੀ ਕਿਉਂਕਿ ਦੀਵਾਲੀ ਕਰਕੇ ਲੋਕਾਂ ਅਤੇ ਅਦਾਰਿਆਂ ਵੱਲੋਂ ਸਾਫ਼ ਸਫ਼ਾਈ ਦਾ ਕੰਮ ਕੀਤਾ ਜਾਂਦਾ ਹੈ ਤਾਂ ਇਸ ਸਫ਼ਾਈ ਮੁਹਿੰਮ ਵਿਚ ਕਾਫੀ ਕੂੜਾ ਨਿਕਲਦਾ ਹੈ | ਕਈ ਲੋਕਾਂ ਅਤੇ ਵਪਾਰਕ ਅਦਾਰਿਆਂ ਵੱਲੋਂ ਆਪਣਾ ਕੂੜਾ ਗੱਡੀਆਂ ਤੋਂ ਚੁਕਾਉਣ ਦੀ ਜਗਾ ਡੰਪਾਂ 'ਤੇ ਹੀ ਕੂੜਾ ਸੁੱਟ ਦਿੱਤਾ ਜਾਂਦਾ ਹੈ ਜਿਸ ਕਰਕੇ ਨਿਗਮ ਦੇ ਸਟਾਫ਼ ਨੂੰ ਵੀ ਇਸ ਕੂੜੇ ਨੂੰ ਚੁੱਕਣ ਲਈ ਕਾਫੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਕਈ ਲੋਕ ਨਿਗਮ ਦੀਆਂ ਗੱਡੀਆਂ ਨੂੰ ਪੈਸੇ ਦੇਣ ਦੀ ਜਗਾ ਕੂੜਾ ਸਿੱਧਾ ਡੰਪਾਂ 'ਤੇ ਸੁੱਟਣ ਜਾਂਦੇ ਹਨ ਤਾਂ ਇਹ ਸੜਕ 'ਤੇ ਹੀ ਕੂੜਾ ਸੁੱਟ ਦਿੱਤਾ ਜਾਂਦਾ ਹੈ | ਉਧਰ ਕਈ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਕੂੜਾ ਲਗਾਤਾਰ ਵਧ ਰਿਹਾ ਹੈ ਤੇ ਕੂੜੇ ਵਿਚ ਜ਼ਿਆਦਾ ਪਲਾਸਟਿਕ ਆਉਣ ਕਰਕੇ ਹੀ ਕੂੜੇ ਦੀ ਸੰਭਾਲ ਕਰਨ ਦਾ ਕੰਮ ਨਿਗਮ ਨੂੰ ਮਹਿੰਗਾ ਪੈ ਰਿਹਾ ਹੈ | ਨਿਗਮ ਪ੍ਰਸ਼ਾਸਨ ਵੱਲੋਂ ਲੰਬੇ ਸਮੇਂ ਤੋਂ ਪਾਬੰਦੀ ਲੱਗੇ ਪਲਾਸਟਿਕ ਦੇ ਲਿਫ਼ਾਫ਼ੇ ਅਤੇ ਹੋਰ ਸਮਾਨ ਦੀ ਵਿੱਕਰੀ ਰੋਕਣ ਲਈ ਮੁਹਿੰਮ ਨੂੰ ਬੰਦ ਕੀਤਾ ਗਿਆ ਹੈ ਜਿਸ ਕਰਕੇ ਜਦੋਂ ਤੋਂ ਪਲਾਸਟਿਕ ਦੇ ਲਿਫ਼ਾਫ਼ੇ ਅਤੇ ਪਾਬੰਦੀ ਲੱਗੀਆਂ ਥਰਮੋਕੋਲ ਦੀਆਂ ਚੀਜ਼ਾਂ ਖ਼ਿਲਾਫ਼ ਕਾਰਵਾਈ ਦੀ ਮੁਹਿੰਮ ਬੰਦ ਕੀਤੀ ਗਈ ਹੈ, ਉਸ ਤੋਂ ਬਾਅਦ ਤਾਂ ਕੂੜੇ ਵਿਚ ਇਹ ਸਾਮਾਨ ਜ਼ਿਆਦਾ ਨਜ਼ਰ ਆ ਰਿਹਾ ਹੈ ਜਦਕਿ ਕਿਚਨ ਦਾ ਕੂੜਾ ਵੀ ਕੁੱਝ ਸਮੇਂ ਬਾਅਦ ਆਪ ਹੀ ਖਾਦ ਬਣ ਜਾਂਦਾ ਹੈ ਜਦਕਿ ਪਲਾਸਟਿਕ ਅਤੇ ਪਾਬੰਦੀ ਲੱਗੇ ਥਰਮੋਕੋਲ ਦਾ ਸਾਮਾਨ ਤਾਂ ਕਦੇ ਖ਼ਤਮ ਨਹੀਂ ਹੁੰਦਾ ਹੈ | ਨਿਗਮ ਦੀਆਂ ਸਰਕਾਰੀ ਅਤੇ ਗੈਰ ਸਰਕਾਰੀ ਗੱਡੀਆਂ ਵੱਲੋਂ ਉਂਜ ਰੋਜ਼ਾਨਾ 500 ਟਨ ਕੂੜਾ ਚੁੱਕਿਆ ਜਾਂਦਾ ਹੈ ਤੇ ਇਹ ਦਿਨਾਂ ਵਿਚ ਕਈ ਗੁਣਾ ਜ਼ਿਆਦਾ ਕੂੜਾ ਹੋ ਜਾਂਦਾ ਹੈ | ਡੰਪਾਂ 'ਤੇ ਘਰਾਂ ਅਤੇ ਅਦਾਰਿਆਂ ਦੀ ਸਫ਼ਾਈ ਕਰਕੇ ਕੱਢਿਆ ਕੂੜਾ ਤਾਂ ਕਾਫੀ ਗਿਣਤੀ ਵਿਚ ਆ ਜਾਂਦਾ ਹੈ ਸਗੋਂ ਸ਼ਹਿਰ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਵਿਕੇ ਪਟਾਕਿਆਂ ਦਾ ਕੂੜਾ ਵੀ ਕਾਫੀ ਮਾਤਰਾ ਵਿਚ ਸੜਕਾਂ ਅਤੇ ਗਲੀਆਂ ਵਿਚ ਪਿਆ ਹੈ | ਉਂਜ ਸਰਕਾਰੀ ਅਤੇ ਗੈਰ ਸਰਕਾਰੀ ਗੱਡੀਆਂ ਵੱਲੋਂ ਕੂੜਾ ਚੁੱਕਣ ਦਾ ਕੰਮ ਕੀਤਾ ਜਾ ਰਿਹਾ ਹੈ ਤੇ ਹੁਣ ਵਧਿਆ ਕੂੜਾ ਵੀ ਨਿਗਮ ਵੱਲੋਂ ਆਉਣ ਵਾਲੇ ਸਮੇਂ ਵਿਚ ਜ਼ਿਆਦਾ ਫੇਰੇ ਲਗਾ ਕੇ ਚੁਕਵਾਇਆ ਜਾ ਸਕਦਾ ਹੈ |