ਐਬਟਸਫੋਰਡ, 4 ਦਸੰਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਤਕਰੀਬਨ 18 ਹਜ਼ਾਰ ਡਾਕਟਰਾਂ, ਰੈਜ਼ੀਡੈਂਟ ਤੇ ਮੈਡੀਕਲ ਵਿਦਿਆਰਥੀਆਂ ਦੀ ਮੈਂਬਰਸ਼ਿਪ ਵਾਲੀ ਪ੍ਰਤੀਨਿਧ ਸੰਸਥਾ 'ਡਾਕਟਰਜ਼ ਆਫ਼ ਬੀ.ਸੀ.' ਦੀ ਹੋਈ ਪ੍ਰਧਾਨਗੀ ਚੋਣ ਲਈ ਬਰਨਬੀ ਦੇ ਨਾਮਵਰ ਫੈਮਲੀ ਫਿਜ਼ੀਸੀਅਨ ਡਾਕਟਰ ਬਲਦੇਵ ਸਿੰਘ ਸੰਘੇੜਾ ਐਮ.ਡੀ. ਪ੍ਰਧਾਨ ਚੁਣੇ ਗਏ ਹਨ | 1 ਜਨਵਰੀ 1900 ਨੂੰ ਹੋਂਦ 'ਚ ਆਈ 'ਡਾਕਟਰਜ਼ ਆਫ਼ ਬੀ.ਸੀ. ਦੇ 125 ਸਾਲਾਂ ਦੇ ਇਤਿਹਾਸ ਵਿਚ ਡਾ. ਬਲਦੇਵ ਸਿੰਘ ਸੰਘੇੜਾ ਇਸ ਵੱਕਾਰੀ ਅਹੁਦੇ 'ਤੇ ਪਹੁੰਚਣ ਵਾਲੇ ਪਹਿਲੇ ਦਸਤਾਰਧਾਰੀ ਪੰਜਾਬੀ ਡਾਕਟਰ ਹਨ | ਡਾ. ਬਲਦੇਵ ਸਿੰਘ ਸੰਘੇੜਾ ਦਾ ਜਨਮ ਪੰਜਾਬ 'ਚ ਹੋਇਆ ਸੀ ਤੇ 3 ਸਾਲ ਦੀ ਉਮਰ ਵਿਚ ਉਹ ਇੰਗਲੈਂਡ ਚਲੇ ਗਏ ਤੇ ਫਿਰ ਕੈਨੇਡਾ ਆ ਗਏ ਤੇ ਬੀਤੇ 28 ਸਾਲਾਂ ਤੋਂ ਬਰਨਬੀ ਵਿਖੇ ਫੈਮਲੀ ਫਿਜ਼ੀਸ਼ੀਅਨ ਵਜੋਂ ਸੇਵਾਵਾਂ ਨਿਭਾਅ ਰਹੇ ਹਨ | ਉਹ ਗੁਰੂ ਨਾਨਕ ਫ੍ਰੀ ਕਿਚਨ ਵਾਸਤੇ ਵੀ ਵਲੰਟੀਅਰ ਸੇਵਾਵਾਂ ਨਿਭਾਉਂਦੇ ਹਨ ਜਿੱਥੇ ਲੋੜਵੰਦਾਂ ਨੂੰ ਮੁਫ਼ਤ ਖਾਣਾ ਮੁਹੱਈਆ ਕਰਵਾਇਆ ਜਾਂਦਾ ਹੈ | ਡਾ. ਬਲਦੇਵ ਸਿੰਘ ਸੰਘੇੜਾ 1 ਜਨਵਰੀ 2026 ਨੂੰ ਆਪਣਾ ਅਹੁਦਾ ਸੰਭਾਲਣਗੇ |