ਅੰਮਿ੍ਤਸਰ, 4 ਦਸੰਬਰ (ਸੁਰਿੰਦਰ ਕੋਛੜ)-ਵਾਲਡ ਸਿਟੀ ਲਾਹੌਰ ਅਥਾਰਿਟੀ ਵਲੋਂ ਪਾਕਿਸਤਾਨ ਦੇ ਜ਼ਿਲ੍ਹਾ ਕਸੂਰ ਦੇ ਪਿੰਡ ਕਾਦੀਵਿੰਡ ਦੇ ਨਜ਼ਦੀਕ ਪਿੰਡ ਤਰਗੇ ਵਿਚਲੇ ਖੰਡਰ 'ਚ ਤਬਦੀਲ ਹੋ ਚੁੱਕੇ ਗੁਰੂ ਅਮਰਦਾਸ ਜੀ ਨਾਲ ਸੰਬੰਧਿਤ ਗੁਰਦੁਆਰਾ ਝਾੜੀ ਸਾਹਿਬ ਦੀ ਮੁਰੰਮਤ ਕਰਵਾ ਕੇ ਇਮਾਰਤ ਨੂੰ ਸੁਰੱਖਿਅਤ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ | ਕਸੂਰ-ਫ਼ਿਰੋਜ਼ਪੁਰ ਰੋਡ 'ਤੇ ਬੀ. ਆਰ. ਬੀ. ਨਹਿਰ ਪਾਰ ਭਾਰਤੀ ਸਰਹੱਦ ਦੇ ਬਿਲਕੁਲ ਨਜ਼ਦੀਕ ਪਿੰਡ ਤਰਗੇ ਵਿਚ ਮੌਜੂਦ ਉਕਤ ਅਸਥਾਨ ਸੇਵਾ ਸੰਭਾਲ ਦੀ ਘਾਟ ਕਾਰਨ ਪੂਰੀ ਤਰ੍ਹਾਂ ਨਾਲ ਖੰਡਰ 'ਚ ਤਬਦੀਲ ਹੋ ਚੁੱਕਿਆ ਹੈ ਅਤੇ ਇਸ ਦੇ ਢਹਿ ਜਾਣ ਦਾ ਖ਼ਤਰਾ ਬਣਿਆ ਹੋਇਆ ਹੈ | ਹਾਲਾਂਕਿ, ਅਥਾਰਿਟੀ ਨੇ ਇਸ ਅਸਥਾਨ ਦੇ ਚੁਫੇਰੇ ਇੱਟਾਂ ਦਾ ਇਕ ਥੜ੍ਹਾ ਬਣਾ ਕੇ ਇਸ ਦੇ ਖੰਭਿਆਂ ਦੀ ਮੁਰੰਮਤ ਕਰਵਾ ਦਿੱਤੀ ਹੈ | ਜਦਕਿ ਬਾਕੀ ਇਮਾਰਤ ਆਪਣੀ ਪੁਰਾਣੀ ਹਾਲਤ 'ਚ ਹੀ ਮੌਜੂਦ ਹੈ | ਇਸ ਤੋਂ ਇਲਾਵਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਹਰੀ ਸਿੰਘ ਨਲਵਾ ਦੀ ਪਾਕਿ ਦੇ ਗੁੱਜਰਾਂਵਾਲਾ ਦੀ ਆਬਾਦੀ ਸਿਵਲ ਲਾਈਨ ਦੇ ਮੁਨੀਰ ਚੌਂਕ 'ਚ ਮੌਜੂਦ ਬਾਰਾਂਦਰੀ ਦੀ ਵੀ ਮੁਰੰਮਤ ਕਰਵਾਈ ਗਈ ਹੈ | ਇਸ 'ਚ ਮੌਜੂਦਾ ਸਮੇਂ ਸੈਂਟ ਮੇਰੀ ਕਾਨਵੈਂਟ ਗਰਲਜ਼ ਹਾਈ ਸਕੂਲ ਸੇਵਾਵਾਂ ਦੇ ਰਿਹਾ ਹੈ |