25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

ਰੰਗਮੰਚ, ਅਕਾਸ਼ਵਾਣੀ, ਦੂਰਦਰਸ਼ਨ ਅਤੇ ਫ਼ਿਲਮਾਂ ਦੀ ਨਾਮਵਰ ਅਭਿਨੇਤਰੀ -ਡੌਲੀ ਸੱਡਲ

ਅਜੀਤ ਡੈਸਕ 26-11-2025

ਸ. ਅਮਰੀਕ ਸਿੰਘ ਤੇ ਸ੍ਰੀਮਤੀ ਸ਼ਰਨਜੀਤ ਕੌਰ ਦੇ ਵਿਹੜੇ ਵਿਚ ਕਲੀ ਬਣ ਖਿੜੀ ਤਿੰਨ ਭੈਣਾਂ ਤੇ ਇਕ ਭਰਾ ਦੀ ਮੰਝਲੀ ਭੈਣ ਗੁਰਜੀਤ ਕੌਰ ਉਰਫ ਡੌਲੀ ਸੱਡਲ ਦੇ ਮਾਤਾ ਪਿਤਾ ਨੂੰ ਵੀ ਪਤਾ ਨਹੀਂ ਸੀ ਕਿ ਇਹ ਬੱਚੀ ਵੱਡੀ ਹੋ ਕੇ ਮਾਪਿਆਂ ਦਾ ਨਾਂ ਰੌਸ਼ਨ ਕਰੇਗੀ ।
ਡੌਲੀ ਨੂੰ ਬਚਪਨ ਤੋਂ ਹੀ ਉੱਚੇ ਅੰਬਰਾਂ ਵਿਚ ਉਡਾਰੀਆਂ ਭਰਨ ਦਾ ਚਾਅ ਸੀ, ਇਹੋ ਕਾਰਨ ਸੀ ਕਿ ਉਹ ਕੁਝ ਵੱਖਰਾ ਕਰਨ ਦੀ ਇੱਛਾ ਨਾਲ ਸਕੂਲ ਅਤੇ ਦਿੱਲੀ ਯੂਨੀਵਰਸਿਟੀ ਦੀਆਂ ਵੱਖ-ਵੱਖ ਸਰਗਰਮੀਆਂ ਵਿਚ ਹਿੱਸਾ ਲੈਂਦੀ ਰਹੀ। ਸੋਨੇ 'ਤੇ ਸੁਹਾਗੇ ਵਾਲੀ ਗੱਲ ਤਾਂ ਇਹ ਵੀ ਸੀ ਕਿ ਉਨ੍ਹਾਂ ਨੂੰ ਪਤੀ ਵੀ ਕਲਾ ਪ੍ਰੇਮੀ ਮਿਲ ਗਏ, ਜਿਨਾਂ ਹਰ ਪਲ ਉਸ ਦਾ ਸਾਥ ਦਿੱਤਾ। ਇਸੇ ਤਰ੍ਹਾਂ ਉਨ੍ਹਾਂ ਦੇ ਬੇਟੇ ਵੀ ਉਨ੍ਹਾਂ ਦੀ ਕਲਾ ਦੇ ਖੇਤਰ ਵਿਚ ਕਦੇ ਅੜਿੱਕਾ ਨਹੀਂ ਬਣੇ । ਡੌਲੀ ਸੱਡਲ ਨੇ ਸਭ ਤੋਂ ਵੱਧ ਕੰਮ ਸ਼੍ਰੋਮਣੀ ਨਾਟਕਕਾਰ ਕੇਵਲ਼ ਧਾਲੀਵਾਲ ਨਾਲ ਕਰਦਿਆਂ ਨਾਟਕ ਕਲਾ ਦੀਆਂ ਬਾਰੀਕੀਆਂ ਨੂੰ ਸਮਝਿਆ ਹੈ ਤੇ ਇਸ ਖੇਤਰ ਵਿਚ ਪੱਕੇ ਪੈਰ ਵੀ ਜਮਾਏ ਹਨ । ਦੂਰਦਰਸ਼ਨ ਕੇਂਦਰ ਜਲੰਧਰ, ਦੂਰਦਰਸ਼ਨ ਕੇਂਦਰ ਸ਼ਿਮਲਾ ਤੋਂ ਇਲਾਵਾ ਉਨ੍ਹਾਂ ਅਕਾਸ਼ਵਾਣੀ ਦੇ ਬਹੁਤ ਸਾਰੇ ਨਾਟਕਾਂ ਵਿਚ ਭਾਵਪੂਰਤ ਅਦਾਕਾਰੀ ਕੀਤੀ । ਪੰਜਾਬ ਨਾਟਸ਼ਾਲਾ ਵਿਚ ਉਨ੍ਹਾਂ ਵਲੋਂ ਮੰਚਤ ਕੀਤੇ ਗਏ ਨਾਟਕ 'ਕੁਦੇਸਣ', 'ਫਾਸਲੇ' ਅਤੇ 'ਸਾਕਾ ਜਲਿਆਂ ਵਾਲਾ ਬਾਗ' ਨੇ ਬਹੁਤ ਮਕਬੂਲੀਅਤ ਹਾਸਲ ਕੀਤੀ । ਛੋਟੇ ਪਰਦੇ 'ਤੇ ਲੜੀਵਾਰ 'ਮਹਾਰਾਜਾ ਰਣਜੀਤ ਸਿੰਘ', 'ਇਹ ਕੇਹੀ ਰੁੱਤ ਆਈ', 'ਬੋਝ', 'ਬਾਗ਼ੀ', 'ਯੁੱਗ ਪਲਟ ਗਿਆ' ਅਤੇ 'ਤੀਸਰੀ ਜੰਗ' ਵਿਚ ਉਨ੍ਹਾਂ ਵਲੋਂ ਕੀਤੀ ਗਈ ਅਦਾਕਾਰੀ ਨੂੰ ਦਰਸ਼ਕਾਂ ਨੇ ਮਣਾਂਮੂੰਹੀ ਪਿਆਰ ਦਿੱਤਾ ਹੈ । ਵੱਡੇ ਪਰਦੇ 'ਤੇ ਉਨ੍ਹਾਂ 'ਸਰਦਾਰ ਜੀ', 'ਵਾਹਗਾ', 'ਇਹ ਜਨਮ ਤੁਮਹਾਰੇ ਲੇਖੇ', 'ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ', 'ਚੇਤਾ ਸਿੰਘ', 'ਖਿਡਾਰੀ', 'ਮੌਸਮ', 'ਗੋਲਡ', ' ਮਨਮਰਜ਼ੀਆਂ', 'ਖਾਨਦਾਨੀ ਸ਼ਫ਼ਾਖਾਨਾ', 'ਪੰਜਾਬ' ਅਤੇ 'ਡਾਇਰੀ' ਆਦਿ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਵਿਚ ਆਪਣੀ ਦਮਦਾਰ ਅਦਾਕਾਰੀ ਦੇ ਜੌਹਰ ਵਿਖਾਏ ਹਨ ।
ਡੌਲੀ ਸੱਡਲ ਅਦਾਕਾਰ ਹੋਣ ਦੇ ਨਾਲ ਨਾਲ ਨਾਟ ਪ੍ਰਵੇਸ਼ ਵੇਰਕਾ ਦੇ ਪ੍ਰਧਾਨ ਅਤੇ ਆਰਟ ਨਾਟ ਮੰਚ ਵੇਰਕਾ ਦੇ ਆਰਗੇਨਾਈਜ਼ਰ ਵੀ ਹਨ । ਤੱਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹੱਥੋਂ 'ਬੈਸਟ ਐਕਟਰ' ਦਾ ਐਵਾਰਡ ਹਾਸਲ ਕਰ ਚੁੱਕੀ ਡੌਲੀ ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵਲੋਂ 'ਰੰਗਮੰਚ ਪ੍ਰਤੀਬੱਧਤਾ' ਪੁਰਸਕਾਰ, ਮੰਚ ਲੋਕ ਅੰਮ੍ਰਿਤਸਰ ਵਲੋਂ ਕਰਵਾਏ ਗਏ 31ਵੇਂ ਸ. ਗੁਰਦਿਆਲ ਸਿੰਘ ਫੁੱਲ ਬਾਲ ਮੇਲੇ ਦੌਰਾਨ 'ਕਲਾ ਰਤਨ ਐਵਾਰਡ' ਵੀ ਆਪਣੀ ਝੋਲੀ ਵਿਚ ਪਵਾ ਚੁੱਕੀ ਹੈ ।
ਕਲਾ ਦੇ ਖੇਤਰ ਵਿਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਬਦਲੇ ਪਿਛਲੇ ਦਿਨੀਂ ਪੰਜਾਬੀ ਸਾਹਿਤ ਸਭਾ ਚੋਗਾਵਾਂ ( ਰਜਿ.) ਅੰਮ੍ਰਿਤਸਰ ਵਲੋਂ ਇਸ ਹੋਣਹਾਰ ਅਦਾਕਾਰਾ ਡੌਲੀ ਸੱਡਲ ਨੂੰ 'ਹਰਭਜਨ ਸਿੰਘ ਜੱਬਲ ਪੁਰਸਕਾਰ' ਨਾਲ ਸਨਮਾਨਿਤ ਕੀਤਾ ਹੈ।

-ਪਿੰਡ ਤੇ ਡਾਕ.ਕੋਹਾਲੀ, ਰਾਮ ਤੀਰਥ ਰੋਡ, ਅੰਮ੍ਰਿਤਸਰ।

 

 

ਪਿਛਲੀ ਖ਼ਬਰ ਯੋਗਤਾਵਾਂ ਅਤੇ ਮਿਹਨਤ ਨਾਲ ਹੀ ਅਸੀਂ ਆਪਣੇ ਟੀਚੇ ਪ੍ਰਾਪਤ ਕਰ ਸਕਦੇ ਹਾਂ। -ਰਾਬਿੰਦਰ ਨਾਥ ਟੈਗੋਰ ਅਗਲੀ ਖ਼ਬਰ ਐਕਟਿੰਗ ਤੋਂ ਸੰਨਿਆਸ ਲੈਣਗੇ ਰਜਨੀਕਾਂਤ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।