25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

ਐਕਟਿੰਗ ਤੋਂ ਸੰਨਿਆਸ ਲੈਣਗੇ ਰਜਨੀਕਾਂਤ?

ਅਜੀਤ ਡੈਸਕ 26-11-2025

ਪਿਛਲੇ ਕੁਝ ਸਮੇਂ ਤੋਂ ਫ਼ਿਲਮ ਸਨਅਤ ਵਿਚ ਖ਼ਬਰਾਂ ਆ ਰਹੀਆਂ ਹਨ ਕਿ 75 ਸਾਲ ਦੇ ਹੋ ਚੁੱਕੇ ਮੈਗਾ ਸੁਪਰ ਸਟਾਰ ਰਜਨੀਕਾਂਤ ਐਕਟਿੰਗ ਤੋਂ ਸੰਨਿਆਸ ਲੈਣ ਦੀ ਯੋਜਨਾ ਬਣਾ ਚੁੱਕੇ ਹਨ।
ਇਸ ਤਰ੍ਹਾਂ ਦੀਆਂ ਵੀ ਖ਼ਬਰਾਂ ਆ ਰਹੀਆਂ ਹਨ ਕਿ ਮਸ਼ਹੂਰ ਨਿਰਦੇਸ਼ਕ ਨੈਲਸਨ ਦੇ ਨਿਰਦੇਸ਼ਨ ਵਿਚ ਸ਼ੁਰੂ ਹੋਣ ਵਾਲੀ ਇਕ ਫ਼ਿਲਮ ਕਰਨਗੇ ਜੋ ਕਥਿਤ ਤੌਰ 'ਤੇ ਉਸ ਦੇ ਕਰੀਅਰ ਦੀ ਆਖ਼ਰੀ ਫ਼ਿਲਮ ਹੋਵੇਗੀ।
ਕਿਹਾ ਜਾ ਰਿਹਾ ਹੈ ਕਿ ਰਜਨੀਕਾਂਤ ਇਸ ਫ਼ਿਲਮ ਵਿਚ ਕਮਲ ਹਸਨ ਦੇ ਨਾਲ ਨਜ਼ਰ ਆਉਣਗੇ। ਨੈਲਸਨ ਫਿਲਹਾਲ ਇਸ ਫ਼ਿਲਮ ਦੀ ਪਟਕਥਾ 'ਤੇ ਕੰਮ ਕਰ ਰਹੇ ਹਨ ਜਿਸ ਤੋਂ ਬਾਅਦ ਸਾਲ 2027 ਦੇ ਸ਼ੁਰੂਆਤ ਵਿਚ ਇਸ ਦੀ ਸ਼ੂਟਿੰਗ ਸ਼ੁਰੂ ਕੀਤੀ ਜਾ ਸਕਦੀ ਹੈ।
ਇਹ ਇਕ ਗੈਂਗਸਟਰ ਫ਼ਿਲਮ ਹੋਵੇਗੀ ਅਤੇ ਇਸ ਜ਼ਰੀਏ ਰਜਨੀਕਾਂਤ ਅਤੇ ਕਮਲ ਹਸਨ 1979 ਵਿਚ ਆਈ ਫ਼ਿਲਮ 'ਅਲਾਊਦੀਨਮ ਅਥਬੁਥਾ ਵਿਲਕੁਮ' ਤੋਂ ਬਾਅਦ ਇਕ ਵਾਰ ਫਿਰ ਪਰਦੇ 'ਤੇ ਇਕੱਠੇ ਨਜ਼ਰ ਆਉਣਗੇ।
ਬੇਸ਼ੱਕ ਰਜਨੀਕਾਂਤ ਐਕਟਿੰਗ ਤੋਂ ਸੰਨਿਆਸ ਦੀ ਯੋਜਨਾ ਬਣਾ ਚੁੱਕੇ ਹੋਣ, ਪਰ 75 ਸਾਲ ਦੀ ਉਮਰ ਵਿਚ ਵੀ ਉਹ ਨਾ ਸਿਰਫ਼ ਮਨੋਰੰਜਨ ਸਨਅਤ ਵਿਚ ਜ਼ਬਰਦਸਤ ਢੰਗ ਨਾਲ ਸਰਗਰਮ ਹਨ ਸਗੋਂ ਇਕ ਤੋਂ ਬਾਅਦ ਇਕ ਸੁਪਰਹਿਟ ਫ਼ਿਲਮਾਂ ਵੀ ਦੇ ਰਹੇ ਹਨ।
ਰਜਨੀਕਾਂਤ ਪਿਛਲੀ ਵਾਰ ਫ਼ਿਲਮ 'ਕੁਲੀ' ਵਿਚ ਨਜ਼ਰ ਆਏ ਸਨ। ਇਸ ਤੋਂ ਬਾਅਦ ਉਹ ਅਮਿਤਾਭ ਬੱਚਨ ਦੇ ਨਾਲ ਆਪਣੀ ਕਰੀਅਰ ਦੀ 170ਵੀਂ ਫ਼ਿਲਮ 'ਵੇਟੈਯਾਨ' ਵਿਚ ਸਨ। ਅਸਲ ਘਟਨਾਵਾਂ 'ਤੇ ਆਧਾਰਿਤ ਇਸ ਫ਼ਿਲਮ ਵਿਚ ਰਜਨੀਕਾਂਤ ਅਤੇ ਅਮਿਤਾਭ ਬੱਚਨ ਨੇ ਪੂਰੇ 33 ਸਾਲ ਬਾਅਦ ਇਕੱਠਿਆਂ ਵੱਡਾ ਪਰਦਾ ਸਾਂਝਾ ਕੀਤਾ ਸੀ।ਰਜਨੀਕਾਂਤ ਨੇ ਹਾਲ ਹੀ ਵਿਚ ਨੈਲਸਨ ਨਾਲ ਆਪਣੀ ਫ਼ਿਲਮ 'ਜੇਲਰ-2' ਦੇ ਇਕ ਸ਼ਡਿਊਲ ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਹ ਫ਼ਿਲਮ ਉਸ ਦੀ ਹੀ ਐਕਸ਼ਨ-ਕਾਮੇਡੀ ਫ਼ਿਲਮ 'ਜੇਲਰ' ਦਾ ਵਿਸਥਾਰ ਹੈ ਜੋ ਟਿਕਟ ਖਿੜਕੀ 'ਤੇ 600 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰਦੇ ਹੋਏ ਬਲਾਕਬੱਸਟਰ ਸਾਬਿਤ ਹੋਈ ਸੀ।
'ਜੇਲਰ-2' ਅਗਲੇ ਸਾਲ 12 ਜੂਨ ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋਵੇਗੀ। ਇਸ ਫ਼ਿਲਮ ਵਿਚ ਦਰਸ਼ਕਾਂ ਨੂੰ ਇਕ ਵਾਰ ਫਿਰ ਰਜਨੀਕਾਂਤ ਦਾ ਜ਼ਬਰਦਸਤ ਐਕਸ਼ਨ ਅੰਦਾਜ਼ ਦੇਖਣ ਨੂੰ ਮਿਲੇਗਾ।
'ਜੇਲਰ-2' ਤੋਂ ਇਲਾਵਾ ਰਜਨੀਕਾਂਤ ਇਨ੍ਹੀਂ ਦਿਨੀਂ ਆਪਣੀ ਅਗਲੀ ਫ਼ਿਲਮ 'ਥਲਾਈਵਰ-171' ਨੂੰ ਲੈ ਕੇ ਵੀ ਚਰਚਾ ਵਿਚ ਹਨ।
12 ਦਸੰਬਰ, 1950 ਨੂੰ ਬੈਂਗਲੁਰੂ ਵਿਚ ਜਨਮੇ ਰਜਨੀਕਾਂਤ ਦੱਖਣ ਭਾਰਤੀ ਸਿਨੇਮਾ ਦੇ ਮੈਗਾ ਸੁਪਰ ਸਟਾਰ ਹਨ। ਸਾਲ 1975 ਵਿਚ ਤਾਮਿਲ ਫ਼ਿਲਮ 'ਅਪੂਰਵ ਰਾਗੰਗਲ' ਤੋਂ ਸ਼ੁਰੂਆਤ ਕਰਨ ਤੋਂ ਬਾਅਦ ਉਹ ਕਰੀਅਰ ਦੇ 50 ਸਾਲ ਪੂਰੇ ਕਰ ਚੁੱਕੇ ਹਨ।

**

ਪਿਛਲੀ ਖ਼ਬਰ ਰੰਗਮੰਚ, ਅਕਾਸ਼ਵਾਣੀ, ਦੂਰਦਰਸ਼ਨ ਅਤੇ ਫ਼ਿਲਮਾਂ ਦੀ ਨਾਮਵਰ ਅਭਿਨੇਤਰੀ -ਡੌਲੀ ਸੱਡਲ ਅਗਲੀ ਖ਼ਬਰ 18 ਸਾਲ ਬਾਅਦ ਸਲਮਾਨ ਖ਼ਾਨ ਅਤੇ ਗੋਵਿੰਦਾ ਫਿਰ ਇਕੱਠੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।