ਪਿਛਲੇ ਦਿਨੀਂ ਨੋਰਾ ਫ਼ਤੇਹੀ ਕੋਲੋਂ ਪੁੱਛਗਿੱਛ ਹੋਈ ਤਾਂ ਨੋਰਾ ਫ਼ਤੇਹੀ ਦਾ ਜਵਾਬ ਸਾਹਮਣੇ ਆਇਆ, ਜਿਹੜੀ ਹਿੰਦੀ ਫ਼ਿਲਮਾਂ ਦੀ ਸ਼ਾਨਦਾਰ ਨ੍ਰਿਤਕੀ ਤੇ ਅਭਿਨੇਤਰੀ ਹੈ। ਨੋਰਾ ਕੋਲ ਲੋਕਾਂ ਨੂੰ ਜਵਾਬ ਦੇਣ ਲਈ ਇੰਸਟਾਗ੍ਰਾਮ ਹੈ ਤੇ ਉਸ ਨੇ ਇਸ 'ਤੇ ਲਿਖਿਆ ਹੈ ਕਿ ਉਹ ਤਾਂ ਪਾਰਟੀਆਂ 'ਚ ਹੀ ਨਹੀਂ ਜਾਂਦੀ। ਉਸ ਨੂੰ ਆਪਣੇ ਫ਼ਿਲਮੀ ਕੰਮ ਨਾਲ ਮਤਲਬ ਹੈ। ਉਹ ਇਕੱਲੀ ਹੈ ਤੇ ਵਿਹਲੀ ਹੋਵੇ ਤਾਂ ਦੁਬਈ 'ਚ ਸਮਾਂ ਬਤੀਤ ਕਰਦੀ ਹੈ। ਨੋਰਾ ਨੇ ਬਹੁਤ ਹੀ ਸਖ਼ਤ ਲਫ਼ਜ਼ ਵਰਤਦਿਆਂ ਲਿਖਿਆ ਹੈ ਕਿ ਹੁਣ ਤੱਕ ਮੈਂ ਬਹੁਤ ਚੁੱਪ ਰਹੀ ਹਾਂ ਤੇ ਜੇ ਹੁਣ ਉਸ ਨੂੰ ਬਦਨਾਮ ਕੀਤਾ ਗਿਆ ਤਾਂ ਇਸ ਦੀ ਬਹੁਤ ਭਾਰੀ ਕੀਮਤ ਬਦਨਾਮ ਕਰਨ ਵਾਲੇ ਤੇ ਝੂਠ ਫੈਲਾਉਣ ਵਾਲੇ ਚੁਕਾਉਣ ਲਈ ਤਿਆਰ ਰਹਿਣ। ਦੱਖਣ ਦੀ ਡਰਾਵਣੀ ਫ਼ਿਲਮ 'ਕੰਚਨਾ 4' ਇਸ ਵੇਲੇ ਉਹ ਕਰ ਰਹੀ ਹੈ ਤੇ ਆਯੁਸ਼ਮਨ-ਰਸ਼ਮਿਕਾ ਵਾਲੀ ਫ਼ਿਲਮ 'ਥਾਮਾ' 'ਚ ਵੀ ਉਸ ਦਾ ਕੰਮ ਲੋਕਾਂ ਨੂੰ ਪਸੰਦ ਆਇਆ ਹੈ। ਜਮਾਇਕਾ ਦੇਸ਼ ਦੀ ਗਾਇਕਾ ਸ਼ੇਨਸ਼ਿਆ ਨਾਲ 'ਜਸਟ ਏ ਗਰਲ' ਗੀਤ 'ਤੇ ਨੋਰਾ ਨੇ ਕਮਾਲ ਦਾ ਨ੍ਰਿਤ ਕੀਤਾ ਹੈ। ਨੋਰਾ ਹੁਣ ਵਿਸ਼ਵ ਪੱਧਰ ਦੇ ਸਿਤਾਰਿਆਂ ਨਾਲ ਸ਼ੋਅ ਕਰਕੇ ਖੁਦ ਵਿਸ਼ਵ ਪੱਧਰ ਦੀ ਅਭਿਨੇਤਰੀ ਬਣ ਰਹੀ ਹੈ। ਨੋਰਾ ਨੇ ਏਕਤਾ ਕਪੂਰ ਦੀ ਫ਼ਿਲਮ 'ਰਾਗਿਨੀ ਐਮ.ਐਮ.ਐਸ.' ਦੇ ਨਵੇਂ ਹਿੱਸੇ 'ਚ ਪਹਿਲਾਂ ਕੰਮ ਲਈ ਹਾਂ ਕੀਤੀ ਸੀ ਪਰ ਹੁਣ ਉਸ ਨੇ ਇਸ ਫ਼ਿਲਮ ਲਈ ਏਕਤਾ ਕਪੂਰ ਨੂੰ ਜਵਾਬ ਦੇ ਦਿੱਤਾ ਹੈ। ਨੋਰਾ ਦਾ ਕਹਿਣਾ ਹੈ ਕਿ ਉਹ ਅੰਤਰਰਾਸ਼ਟਰੀ ਸਿਤਾਰਿਆਂ ਨਾਲ ਸ਼ੋਅ ਕਰ ਰਹੀ ਹੈ, ਇਸ ਲਈ ਉਹ ਇਸ ਫ਼ਿਲਮ ਲਈ ਸਮਾਂ ਨਹੀਂ ਸੀ ਦੇ ਸਕਦੀ, ਇਸ ਕਰਕੇ ਉਸ ਨੇ ਇਹ ਫ਼ਿਲਮ ਛੱਡ ਦਿੱਤੀ ਹੈ। ਉੱਧਰ ਨੋਰਾ ਨੇ ਆਪਣੇ ਗਾਜ਼ੀਆਬਾਦ ਦੇ ਇਕ ਪ੍ਰਸੰਸਕ ਨੂੰ ਸੋਸ਼ਲ ਮੀਡੀਆ 'ਤੇ ਅਪੀਲ ਕੀਤੀ ਹੈ ਕਿ ਉਹ ਆਪਣੀ ਪਤਨੀ ਨਾਲ ਰਾਜ਼ੀਨਾਮਾ ਕਰ ਲਵੇ। ਦਰਅਸਲ ਗਾਜ਼ੀਆਬਾਦ ਦਾ ਇਹ ਸ਼ਖ਼ਸ ਆਪਣੀ ਪਤਨੀ ਨੂੰ ਰੋਜ਼ ਛੇ ਘੰਟੇ ਭੁੱਖੀ ਰੱਖ ਕੇ ਕਸਰਤ ਕਰਵਾ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਉਹ ਨੋਰਾ ਫ਼ਤੇਹੀ ਜਿਹੀ ਲਗਣੀ ਚਾਹੀਦੀ ਹੈ ਤੇ ਉਸ ਕੋਲ ਰੂਪ ਤੇ ਨੋਰਾ ਜਿਹੀਆਂ ਖੂਬੀਆਂ ਹਨ ਪਰ ਮੋਟਾਪਾ ਹੈ। ਸੋ, ਕਸਰਤ ਕਰਕੇ ਉਹ ਨਿਰੀ ਨੋਰਾ ਲੱਗ ਸਕਦੀ ਹੈ। ਭੁੱਖੀ ਰਹਿੰਦੀ ਪਤਨੀ ਨੇ ਹਾਰ ਕੇ ਥਾਣੇ ਪਤੀ ਖ਼ਿਲਾਫ਼ ਅਰਜ਼ੀ ਦਿੱਤੀ ਕਿ ਨੋਰਾ-ਨੋਰਾ ਕਰਦੇ ਉਸ ਦੇ ਪਤੀ ਨੇ ਉਸ ਨੂੰ ਮਾਨਸਿਕ ਤੇ ਸਿਹਤ ਪੱਖ ਤੋਂ ਕਮਜ਼ੋਰ ਕਰ ਦਿੱਤਾ ਹੈ। ਨੋਰਾ ਨੇ ਕਿਹਾ ਕਿ ਚੰਗੀ ਗੱਲ ਹੈ ਕਿ ਲੋਕ ਉਸ ਨੂੰ ਫਾਲੋ ਕਰਦੇ ਨੇ, ਪਰ ਪਤੀ ਵਲੋਂ ਪਤਨੀ ਨੂੰ ਭੁੱਖੀ ਰੱਖ ਕੇ ਕਸਰਤ ਕਰਾਉਣਾ ਇਹ ਸਹੀ ਨਹੀਂ ਤੇ ਕਿਰਪਾ ਕਰਕੇ ਪਤਨੀ ਨਾਲ ਸਮਝੌਤਾ ਕਰੋ ਤੇ ਘਰ ਨਾ ਉਜੜਨ ਦਿਓ।
-ਸੁਖਜੀਤ ਕੌਰ