25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

ਪੰਜਾਬੀ ਪੁੱਤਰ ਧਰਮਿੰਦਰ ਦਾ ਵਿਛੋੜਾ

ਅਜੀਤ ਡੈਸਕ 26-11-2025

ਪੰਜਾਬ ਦੀ ਜ਼ਰਖ਼ੇਜ਼ ਜ਼ਮੀਨ ਨੇ ਭਰਪੂਰ ਫ਼ਸਲਾਂ ਹੀ ਪੈਦਾ ਨਹੀਂ ਕੀਤੀਆਂ, ਸਗੋਂ ਹਰ ਖੇਤਰ ਵਿਚ ਸਫ਼ਲਤਾ ਨਾਲ ਵਿਚਰਨ ਵਾਲੀਆਂ ਵੱਡੀਆਂ ਸ਼ਖ਼ਸੀਅਤਾਂ ਵੀ ਪੈਦਾ ਕੀਤੀਆਂ ਹਨ। ਪੰਜਾਬ ਨੂੰ ਜਿਥੇ ਗੁਰੂਆਂ, ਪੀਰਾਂ ਤੇ ਫਕੀਰਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ, ਉਥੇ ਸੂਰਬੀਰ ਯੋਧਿਆਂ ਅਤੇ ਮਹਾਨ ਕਲਾਕਾਰਾਂ ਦੀ ਧਰਤੀ ਵਜੋਂ ਵੀ ਜਾਣਿਆ ਜਾਂਦਾ ਹੈ, ਜਿਨ੍ਹਾਂ ਬਾਰੇ ਸਮੇਂ-ਸਮੇਂ ਦੇਸ਼-ਵਿਦੇਸ਼ ਵਿਚ ਚਰਚਾ ਹੁੰਦੀ ਰਹਿੰਦੀ ਹੈ।
ਜੇਕਰ ਫਿਲਮਾਂ ਦੇ ਖੇਤਰ ਦੀ ਗੱਲ ਕਰੀਏ ਤਾਂ ਇਸ ਵਿਚ ਵੀ ਪੰਜਾਬੀਆਂ ਨੇ ਵੱਡਾ ਨਾਂਅ ਕਮਾਇਆ ਹੈ। ਪੰਜਾਬੀ ਫ਼ਿਲਮ ਸਨਅਤ ਤੋਂ ਇਲਾਵਾ ਹਿੰਦੀ ਫ਼ਿਲਮਾਂ 'ਤੇ ਆਧਾਰਿਤ ਬਾਲੀਵੁਡ ਨੂੰ ਵੀ ਪੰਜਾਬ ਨੇ ਅਨੇਕਾਂ ਵੱਡੇ ਕਲਾਕਾਰ ਦਿੱਤੇ ਹਨ। ਜਿਨ੍ਹਾਂ ਵਿਚ ਰਾਜੇਸ਼ ਖੰਨਾ, ਦੇਵ ਆਨੰਦ, ਪ੍ਰਾਣ, ਓਮ ਪੁਰੀ, ਅਮਰੀਸ਼ ਪੁਰੀ ਆਦਿ ਦੇ ਨਾਂਅ ਲਏ ਜਾ ਸਕਦੇ ਹਨ। ਇਸੇ ਕੜੀ ਵਿਚ ਫ਼ਿਲਮ ਜਗਤ ਦੇ ਵੱਡੇ ਅਭਿਨੇਤਾ ਅਤੇ ਪੰਜਾਬੀਆਂ ਦੇ ਮਹਿਬੂਬ ਕਲਾਕਾਰ ਧਰਮਿੰਦਰ ਨੂੰ ਵੀ ਗਿਣਿਆ ਜਾ ਸਕਦਾ ਹੈ, ਜੋ ਬੀਤੇ ਦਿਨ ਸਾਨੂੰ ਮੁੰਬਈ ਵਿਚ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦਾ ਫ਼ਿਲਮੀ ਜੀਵਨ ਕਈ ਦਹਾਕਿਆਂ ਵਿਚ ਫੈਲਿਆ ਹੋਇਆ ਹੈ। ਫ਼ਿਲਮ ਖੇਤਰ ਵਿਚ ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਲੰਮੇ ਸਮੇਂ ਤੱਕ ਆਪਣੀ ਧਾਕ ਜਮਾ ਕੇ ਰੱਖੀ ਹੈ। ਸਮੁਚੇ ਦੇਸ਼ ਦੇ ਨਾਲ-ਨਾਲ ਪੰਜਾਬੀ ਆਪਣੇ ਵਿਚੋਂ ਇਕ ਹੋਣ ਕਾਰਨ ਉਸ ਦੇ ਵਿਸ਼ੇਸ਼ ਤੌਰ 'ਤੇ ਮਾਣ ਕਰਦੇ ਰਹੇ ਹਨ। ਉਸ ਨੇ ਭਾਵੇਂ ਲੰਮੀ ਭਰਪੂਰ ਜ਼ਿੰਦਗੀ ਬਤੀਤ ਕੀਤੀ ਹੈ, ਪਰ ਫਿਰ ਵੀ ਉਸ ਦੇ ਜਾਣ ਦਾ ਸਮੂਹ ਦੇਸ਼ ਵਾਸੀਆਂ ਨੇ ਗਹਿਰਾ ਸੋਗ ਮਨਾਇਆ ਹੈ। ਪ੍ਰਧਾਨ ਮੰਤਰੀ, ਰਾਸ਼ਟਰਪਤੀ ਵੱਖ-ਵੱਖ ਸਿਆਸੀ ਆਗੂਆਂ ਅਤੇ ਫ਼ਿਲਮੀ ਹਸਤੀਆਂ ਨੇ ਉਨ੍ਹਾਂ ਨੂੰ ਆਪਣੇ ਵਲੋਂ ਸ਼ਰਧਾਂਜਲੀਆਂ ਦਿੱਤੀਆਂ ਹਨ।
ਧਰਮਿੰਦਰ ਦਾ ਜਨਮ 8 ਦਸੰਬਰ, 1935 ਨੂੰ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਨਸਰਾਲੀ ਵਿਚ ਹੋਇਆ ਸੀ। ਉਂਝ ਉਨ੍ਹਾਂ ਦਾ ਜੱਦੀ ਪਿੰਡ ਡਾਂਗੋ ਸੀ। ਆਪ ਦੇ ਬਚਪਨ ਦਾ ਵਧੇਰੇ ਸਮਾਂ ਸਾਹਨੇਵਾਲ ਵਿਚ ਬੀਤਿਆ। ਉਨ੍ਹਾਂ ਦੇ ਪਿਤਾ ਜੀ ਕੇਵਲ ਕ੍ਰਿਸ਼ਨ ਸਿੰਘ ਦਿਓਲ ਸਕੂਲ ਅਧਿਆਪਕ ਸਨ। ਕਾਫ਼ੀ ਸਮੇਂ ਤੱਕ ਉਹ ਫਗਵਾੜੇ ਦੇ ਇਕ ਸਕੂਲ ਵਿਚ ਵੀ ਪੜ੍ਹਾਉਂਦੇ ਰਹੇ। ਇਸ ਕਾਰਨ ਧਰਮਿੰਦਰ ਨੂੰ ਵੀ ਕਾਫੀ ਸਮਾਂ ਫਗਵਾੜੇ ਬਿਤਾਉਣ ਅਤੇ ਉਥੇ ਸਿੱਖਿਆ ਪ੍ਰਾਪਤ ਕਰਨ ਦਾ ਅਵਸਰ ਮਿਲਿਆ। ਉਨ੍ਹਾਂ ਦੇ ਜੀਵਨ ਦੀ ਸਫ਼ਲ ਕਹਾਣੀ ਪੰਜਾਬ ਦੇ ਨੌਜਵਾਨਾਂ ਵਿਚ ਨਵੇਂ ਸੁਫਨੇ ਜਗਾਉਣ ਅਤੇ ਜ਼ਿੰਦਗੀ ਵਿਚ ਕੁਝ ਕਰਨ ਅਤੇ ਬਣਨ ਦੀ ਚਿਣਗ ਜਗਾਉਣ ਵਿਚ ਸਹਾਈ ਹੁੰਦੀ ਰਹੀ ਹੈ। ਇਕ ਛੋਟੇ ਜਿਹੇ ਪਿੰਡ ਵਿਚੋਂ ਉੱਠ ਕੇ ਮੁੰਬਈ ਦੀ ਫ਼ਿਲਮ ਨਗਰੀ ਤੱਕ ਪਹੁੰਚਣਾ ਅਤੇ ਆਪਣੇ ਚੁਣੇ ਹੋਏ ਅਦਾਕਾਰੀ ਦੇ ਖੇਤਰ ਵਿਚ ਵੱਡੀਆਂ ਪ੍ਰਾਪਤੀਆਂ ਹਾਸਿਲ ਕਰਨਾ, ਬਿਨਾਂ ਸ਼ੱਕ ਉਨ੍ਹਾਂ ਦੀ ਵੱਡੀ ਅਤੇ ਅਸਾਧਾਰਨ ਪ੍ਰਤਿਭਾ ਦੀ ਲਖਾਇਕ ਰਹੀ ਹੈ।
ਉਨ੍ਹਾਂ ਦੇ ਫ਼ਿਲਮੀ ਜੀਵਨ ਦੀ ਸ਼ੁਰੂਆਤ 1960 ਵਿਚ ਫ਼ਿਲਮ 'ਦਿਲ ਭੀ ਤੇਰਾ ਹਮ ਭੀ ਤੇਰੇ' ਨਾਲ ਹੋਈ ਸੀ। 1966 ਵਿਚ ਆਈ ਉਨ੍ਹਾਂ ਦੀ ਫ਼ਿਲਮ 'ਫ਼ੂਲ ਔਰ ਪੱਥਰ' ਵਿਚ ਉਨ੍ਹਾਂ ਦੀ ਭੂਮਿਕਾ ਨੂੰ ਵੀ ਅੱਜ ਤੱਕ ਯਾਦ ਕੀਤਾ ਜਾਂਦਾ ਹੈ। 1969 ਵਿਚ ਬਣੀ 'ਸੱਤਿਆ ਕਾਮ' ਫ਼ਿਲਮ ਵਿਚ ਉਸ ਵਲੋਂ ਇਕ ਅਸੂਲ ਪ੍ਰਸਤ ਵਿਅਕਤੀ ਦੇ ਅਦਾ ਕੀਤੇ ਗਏ ਰੋਲ ਨੇ ਵੀ ਉਨ੍ਹਾਂ ਦੀ ਪ੍ਰਸਿੱਧੀ ਵਿਚ ਵਾਧਾ ਕੀਤਾ। 1975 ਵਿਚ ਬਣੀ ਫ਼ਿਲਮ ਸ਼ੋਅਲੇ ਵਿਚ ਵੀਰੂ ਦਾ ਕਿਰਦਾਰ ਅਦਾ ਕਰਨ ਕਰਕੇ ਉਨ੍ਹਾਂ ਨੂੰ ਵਿਸ਼ੇਸ਼ ਮਕਬੂਲੀਅਤ ਮਿਲੀ ਸੀ। 1975 ਵਿਚ ਹੀ ਉਨ੍ਹਾਂ ਨੇ ਚੁਪਕੇ-ਚੁਪਕੇ ਫ਼ਿਲਮ ਵਿਚ ਹਾਸਰਸ ਕਲਾਕਾਰ ਵਜੋਂ ਆਪਣੀ ਪੇਸ਼ਕਾਰੀ ਨਾਲ ਆਪਣੀ ਸ਼ਖ਼ਸੀਅਤ ਦੇ ਇਕ ਹੋਰ ਪੱਖ ਨੂੰ ਉਜਾਗਰ ਕੀਤਾ ਸੀ। ਉਨ੍ਹਾਂ ਨੇ 300 ਤੋਂ ਵੱਧ ਫ਼ਿਲਮਾਂ ਵਿਚ ਕੰਮ ਕੀਤਾ। ਕਈ ਪੰਜਾਬੀ ਫ਼ਿਲਮਾਂ ਵਿਚ ਵੀ ਉਨ੍ਹਾਂ ਨੇ ਵੱਖ-ਵੱਖ ਕਿਰਦਾਰ ਅਦਾ ਕੀਤੇ। ਉਨ੍ਹਾਂ ਦੀਆਂ ਹੋਰ ਸਫ਼ਲ ਫ਼ਿਲਮਾਂ ਵਿਚ ਅਨੁਪਮਾ (1966), ਸੀਤਾ ਔਰ ਗੀਤਾ (1972), ਯਾਦੋਂ ਕੀ ਬਾਰਾਤ (1975), ਪ੍ਰਤਿਗਿਆ (1975), ਧਰਮ ਵੀਰ (1977), ਯਮਲਾ ਪਗਲਾ ਦੀਵਾਨਾ-ਅਪਨੇ (2007-2011) ਰਾਕੀ ਔਰ ਰਾਨੀ ਕੀ ਪ੍ਰੇਮ ਕਹਾਨੀ (2023) ਆਦਿ ਸ਼ਾਮਿਲ ਹਨ। ਉਨ੍ਹਾਂ 'ਤੇ ਫ਼ਿਲਮਾਏ ਗਏ ਫ਼ਿਲਮੀ ਗਾਣੇ ਜਿਹੜੇ ਲੋਕਾਂ ਵਿਚ ਵਿਸ਼ੇਸ਼ ਤੌਰ 'ਤੇ ਮਕਬੂਲ ਹੋਏ, ਉਨ੍ਹਾਂ ਵਿਚ 'ਆਜ ਮੌਸਮ ਬੜਾ ਬੇਈਮਾਨ ਹੈ', 'ਪਲ-ਪਲ ਦਿਲ ਕੇ ਪਾਸ', ਆਪ ਕੇ ਹਸੀਨ ਮੁਖ ਪੇ', 'ਗ਼ਰ ਤੁਮ ਭੁਲਾ ਨਾ ਦੋਗੇ', 'ਮੈਂ ਜੱਟ ਯਮਲਾ ਪਗਲਾ', 'ਯੇ ਦੋਸਤੀ ਹਮ ਨਹੀਂ ਤੋੜੇਂਗੇ', 'ਕੋਈ ਹਸੀਨਾ ਜਬ ਰੂਠ ਜਾਤੀ ਹੈ', 'ਹਮ ਬੇਵਫ਼ਾ ਹਰਗਿਜ਼ ਨਾ ਥੇ', 'ਅਬ ਕੇ ਸਾਜਨ ਸਾਵਨ ਮੇਂ', 'ਜਾਨੇ ਮਨ-ਜਾਨੇ ਮਨ' ਆਦਿ ਸ਼ਾਮਿਲ ਹਨ। ਉਹ ਰੁਮਾਂਟਿਕ, ਐਕਸ਼ਨ ਭਰਪੂਰ ਤੇ ਕਾਮੇਡੀ ਆਦਿ ਸਭ ਤਰ੍ਹਾਂ ਦੀਆਂ ਫ਼ਿਲਮਾਂ ਵਿਚ ਅਦਾਕਾਰ ਵਜੋਂ ਸਫ਼ਲ ਰਹੇ। ਉਨ੍ਹਾਂ ਨੂੰ ਅਨੇਕਾਂ ਫ਼ਿਲਮੀ ਐਵਾਰਡ ਮਿਲੇ। ਜਿਨ੍ਹਾਂ ਵਿਚ ਫ਼ਿਲਮ ਫੇਅਰ ਐਵਾਰਡ ਤੋਂ ਇਲਾਵਾ ਪਦਮ ਭੂਸ਼ਣ ਐਵਾਰਡ ਵੀ ਸ਼ਾਮਿਲ ਹਨ।
ਜੇਕਰ ਉਨ੍ਹਾਂ ਦੀ ਖ਼ੂਬਸੂਰਤੀ ਦੀ ਗੱਲ ਕਰੀਏ ਤਾਂ ਕਿਸੇ ਸਮੇਂ ਉਨ੍ਹਾਂ ਨੂੰ ਦੁਨੀਆ ਦੇ 10 ਖ਼ੂਬਸੂਰਤ ਵਿਅਕਤੀਆਂ ਵਿਚ ਵੀ ਗਿਣਿਆ ਗਿਆ ਸੀ। ਫ਼ਿਲਮ ਜਗਤ ਦੇ ਮਹਾਨ ਕਲਾਕਾਰ ਦਿਲੀਪ ਕੁਮਾਰ ਵਿਸ਼ੇਸ਼ ਕਰਕੇ ਉਨ੍ਹਾਂ ਦੀ ਖੂਬਸੂਰਤੀ ਤੋਂ ਪ੍ਰਭਾਵਿਤ ਸਨ। ਉਨ੍ਹਾਂ ਨੇ ਇਕ ਵਾਰ ਇਕ ਸਮਾਰੋਹ ਵਿਚ ਕਿਹਾ ਸੀ ਕਿ ਜਦੋਂ ਉਹ ਖ਼ੁਦਾ ਕੋਲ ਜਾਣਗੇ ਤਾਂ ਇਸ ਗੱਲ ਦੀ ਸ਼ਿਕਾਇਤ ਕਰਨਗੇ ਕਿ ਖ਼ੁਦਾ ਨੇ ਉਨ੍ਹਾਂ ਨੂੰ ਧਰਮਿੰਦਰ ਵਰਗਾ ਖ਼ੂਬਸੂਰਤ ਕਿਉਂ ਨਹੀਂ ਬਣਾਇਆ। ਹਿੰਦੀ ਫ਼ਿਲਮ ਜਗਤ ਦੀ ਵੱਡੀ ਅਭਿਨੇਤਰੀ ਮੀਨਾਕੁਮਾਰੀ ਵੀ ਉਨ੍ਹਾਂ ਦੀ ਖ਼ੂਬਸੂਰਤੀ 'ਤੇ ਫ਼ਿਦਾ ਰਹੀ ਸੀ। ਉਸ ਨੇ ਕਈ ਫ਼ਿਲਮਾਂ ਉਨ੍ਹਾਂ ਦੇ ਨਾਲ ਕੀਤੀਆਂ ਸਨ। ਇਹ ਵੀ ਕਿਹਾ ਜਾਂਦਾ ਹੈ ਕਿ ਇਕ ਸਮੇਂ ਮੀਨਾ ਕੁਮਾਰੀ ਫ਼ਿਲਮ ਪ੍ਰੋਡਿਊਸਰਾਂ ਅੱਗੇ ਇਹ ਸ਼ਰਤ ਰੱਖਦੀ ਸੀ, ਕਿ ਉਹ ਉਨ੍ਹਾਂ ਦੀ ਫ਼ਿਲਮ ਵਿਚ ਤਾਂ ਹੀ ਕੰਮ ਕਰੇਗੀ ਜੇ ਧਰਮਿੰਦਰ ਨੂੰ ਹੀਰੋ ਦੇ ਰੂਪ ਵਿਚ ਲਿਆ ਜਾਏਗਾ। ਜਯਾ ਭਾਦੁੜੀ ਵੀ ਧਰਮਿੰਦਰ ਦੀ ਖ਼ੂਬਸੂਰਤੀ ਤੋਂ ਕਾਫੀ ਪ੍ਰਭਾਵਿਤ ਸੀ। ਇਹ ਗੱਲ ਖ਼ੁਦ ਇਕ ਸਮੇਂ ਉਸ ਨੇ ਅਮਿਤਾਭ ਬੱਚਨ ਨੂੰ ਵੀ ਦੱਸੀ ਸੀ, ਕਿ ਫ਼ਿਲਮ ਸਨਅਤ ਵਿਚ ਧਰਮਿੰਦਰ ਜਿੰਨਾ ਕੋਈ ਹੋਰ ਖ਼ੂਬਸੂਰਤ ਅਭਿਨੇਤਾ ਨਹੀਂ ਹੈ। ਹੇਮਾ ਮਾਲਿਨੀ ਨਾਲ ਉਨ੍ਹਾਂ ਦੀ ਦੂਜੀ ਸ਼ਾਦੀ ਨੂੰ ਵੀ ਇਸ ਸੰਦਰਭ ਵਿਚ ਹੀ ਦੇਖਿਆ ਤੇ ਸਮਝਿਆ ਜਾ ਸਕਦਾ ਹੈ।
ਕੁਝ ਸਮੇਂ ਲਈ ਉਹ ਸਿਆਸਤ ਵਿਚ ਵੀ ਵਿਚਰਦੇ ਰਹੇ। 2004 ਵਿਚ ਉਨ੍ਹਾਂ ਨੇ ਰਾਜਸਥਾਨ ਦੇ ਬੀਕਾਨੇਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਲੋਕ ਸਭਾ ਦੀ ਚੋਣ ਵੀ ਜਿੱਤੀ ਸੀ। ਪਰ ਰਾਜਨੀਤੀ ਨਾਲ ਉਨ੍ਹਾਂ ਦਾ ਸੁਭਾਅ ਬਹੁਤਾ ਮੇਲ ਨਹੀਂ ਖਾਂਦਾ ਸੀ। ਇਸ ਦੌਰਾਨ ਲੋਕ ਸਭਾ ਵਿਚ ਵੀ ਉਨ੍ਹਾਂ ਦੀ ਹਾਜ਼ਰੀ ਵੀ ਘੱਟ ਹੀ ਰਹੀ, ਜਿਸ ਕਾਰਨ ਉਨ੍ਹਾਂ ਦੀ ਆਲੋਚਨਾ ਵੀ ਹੁੰਦੀ ਰਹੀ। ਬਾਅਦ ਵਿਚ ਉਨ੍ਹਾਂ ਨੇ ਮੰਨਿਆ ਸੀ ਕਿ ਕਲਾਕਾਰਾਂ ਨੂੰ ਸਿਆਸਤ ਤੋਂ ਦੂਰ ਹੀ ਰਹਿਣਾ ਚਾਹੀਦਾ। ਸਿਆਸੀ ਖੇਤਰ ਨਾਲ ਜੁੜਨ ਨਾਲ ਕਲਾਕਾਰ, ਜਿਨ੍ਹਾਂ ਨੂੰ ਸਮੁੱਚੇ ਸਮਾਜ ਵਲੋਂ ਪਿਆਰ ਮਿਲਦਾ ਹੈ, ਉਹ ਵੰਡੇ ਜਾਂਦੇ ਹਨ।
ਉਨ੍ਹਾਂ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਤੋਂ ਉਨ੍ਹਾਂ ਦੇ ਘਰ ਦੋ ਲੜਕੇ ਤੇ ਦੋ ਲੜਕੀਆਂ ਪੈਦਾ ਹੋਈਆਂ, ਉਨ੍ਹਾਂ ਵਿਚ ਪੁੱਤਰ ਸੰਨੀ ਦਿਓਲ, ਬੌਬੀ ਦਿਓਲ ਹਨ ਅਤੇ ਲੜਕੀਆਂ ਵਿਜੇਤਾ ਅਤੇ ਅਜੀਤਾ ਸ਼ਾਮਿਲ ਹਨ। ਹੇਮਾ ਮਾਲਿਨੀ ਨਾਲ ਉਨ੍ਹਾਂ ਦੇ ਦੂਜੇ ਵਿਆਹ ਤੋਂ ਦੋ ਲੜਕੀਆਂ ਈਸ਼ਾ ਦਿਓਲ ਅਤੇ ਅਹਾਨਾ ਦਿਓਲ ਪੈਦਾ ਹੋਈਆਂ ਹਨ।
ਭਾਵੇਂ ਉਨ੍ਹਾਂ ਦੀ ਮਕਬੂਲੀਅਤ ਸਾਰੇ ਦੇਸ਼ ਵਿਚ ਹੀ ਲੰਮੇ ਸਮੇਂ ਤੱਕ ਸਿਖ਼ਰ 'ਤੇ ਰਹੀ ਹੈ, ਪਰ ਪੰਜਾਬੀ ਉਨ੍ਹਾਂ 'ਤੇ ਬਹੁਤ ਜ਼ਿਆਦਾ ਮਾਣ ਕਰਦੇ ਹਨ। ਇਸ ਦਾ ਕਾਰਨ ਇਹ ਵੀ ਸੀ ਕਿ ਪੰਜਾਬ ਤੋਂ ਉਨ੍ਹਾਂ ਦੇ ਪ੍ਰਸੰਸਕ ਜਦੋਂ ਵੀ ਮੁੰਬਈ ਜਾਂਦੇ ਸਨ ਅਤੇ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਸਨ ਤਾਂ ਬਹੁਤੀ ਵਾਰੀ ਉਹ ਉਨ੍ਹਾਂ ਨੂੰ ਮਿਲਣ ਲਈ ਸਮਾਂ ਦਿੰਦੇ ਸਨ ਅਤੇ ਉਨ੍ਹਾਂ ਦੀ ਖੁੱਲ੍ਹ ਦਿਲੀ ਨਾਲ ਟਹਿਲ ਸੇਵਾ ਵੀ ਕਰਦੇ ਸਨ। ਉਂਝ ਪੰਜਾਬੀ ਕਈ ਵਾਰ ਇਹ ਸ਼ਿਕਾਇਤ ਵੀ ਕਰਦੇ ਸਨ ਕਿ ਪਿਛਲੇ ਦਹਾਕਿਆਂ ਵਿਚ ਜਦੋਂ ਪੰਜਾਬ ਅਨੇਕਾਂ ਵਾਰ ਵੱਡੇ ਸੰਕਟਾਂ ਵਿਚੋਂ ਗੁਜ਼ਰਿਆ ਤਾਂ ਉਸ ਸਮੇਂ ਧਰਮਿੰਦਰ ਪੰਜਾਬ ਨਾਲ ਬਹੁਤਾ ਖੜ੍ਹੇ ਹੁੰਦੇ ਨਜ਼ਰ ਨਹੀਂ ਆਏ। ਪਰ ਸਾਡਾ ਇਹ ਵਿਚਾਰ ਹੈ ਕਿ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਛੱਡ ਕੇ ਜਾਂ ਧਰਮਿੰਦਰ ਦੇ ਯੋਗਦਾਨ ਨੂੰ ਸਿਆਸੀ ਦ੍ਰਿਸ਼ਟੀ ਨਾਲ ਵਾਚਣ ਦੀ ਥਾਂ 'ਤੇ ਉਨ੍ਹਾਂ ਦੇ ਫ਼ਿਲਮ ਖੇਤਰ ਵਿਚ ਪਾਏ ਵੱਡੇ ਯੋਗਦਾਨ ਨੂੰ ਦੇਖਣਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਨੇ ਨਾ ਕੇਵਲ ਆਪਣਾ ਬਲਕਿ ਸਮੁੱਚੇ ਪੰਜਾਬੀਆਂ ਦਾ ਨਾਂਅ ਵੀ ਰੌਸ਼ਨ ਕੀਤਾ ਹੈ। ਅਜਿਹੇ ਵੱਡੇ ਕਲਾਕਾਰ ਸਮਾਜ ਵਿਚ ਕਦੇ-ਕਦੇ ਹੀ ਪੈਦਾ ਹੁੰਦੇ ਹਨ। ਇਨ੍ਹਾਂ ਸ਼ਬਦਾਂ ਨਾਲ ਪੰਜਾਬ ਦੀ ਧਰਤੀ ਦੇ ਇਸ ਪੁੱਤਰ ਨੂੰ ਅਸੀਂ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ।

ਪਿਛਲੀ ਖ਼ਬਰ ਵੋਟਾਂ ਦੀ ਵਿਸ਼ੇਸ਼ ਗਹਿਰੀ ਸੁਧਾਈ ਸੰਬੰਧੀ ਇੰਨੀ ਕਾਹਲੀ ਕਿਉਂ? ਅਗਲੀ ਖ਼ਬਰ ਯੋਗਤਾਵਾਂ ਅਤੇ ਮਿਹਨਤ ਨਾਲ ਹੀ ਅਸੀਂ ਆਪਣੇ ਟੀਚੇ ਪ੍ਰਾਪਤ ਕਰ ਸਕਦੇ ਹਾਂ। -ਰਾਬਿੰਦਰ ਨਾਥ ਟੈਗੋਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।