18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਬਰਨਾਲਾ ਸਪੋਰਟਸ ਐਂਡ ਸੋਸ਼ਲ ਵੈੱਲਫੇਅਰ ਕਲੱਬ ਨੇ ਏਅਰ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਦੇਸ਼ ਲਈ ਸੋਨ ਤਗਮਾ ਜਿੱਤਣ ਵਾਲੀ ਸੁਖਜੀਤ ਕੌਰ ਨੂੰ ਕੀਤਾ ਸਨਮਾਨਿਤ

ਅਜੀਤ ਡੈਸਕ 24-11-2025
ਬਰਨਾਲਾ, 23 ਨਵੰਬਰ (ਅਸ਼ੋਕ ਭਾਰਤੀ)-ਟੰਡਨ ਇੰਟਰਨੈਸ਼ਨਲ ਸਕੂਲ ਦੀ 9ਵੀਂ ਜਮਾਤ ਦੀ ਵਿਦਿਆਰਥਣ ਸੁਖਜੀਤ ਕੌਰ ਜਿਸ ਨੇ ਇੰਡੋਨੇਸ਼ੀਆ ਦੇ ਬਾਲੀ ਵਿਚ ਬਾਲੀ ਓਪਨ ਏਅਰ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਆਪਣਾ ਪਹਿਲਾ ਅੰਤਰਰਾਸ਼ਟਰੀ ਸੋਨ ਤਗਮਾ ਜਿੱਤ ਕੇ ਦੇਸ਼ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ | ਇਸ ਸ਼ਾਨਦਾਰ ਪ੍ਰਾਪਤੀ 'ਤੇ ਬਰਨਾਲਾ ਸਪੋਰਟਸ ਐਂਡ ਸੋਸ਼ਲ ਵੈੱਲਫੇਅਰ ਕਲੱਬ ਦੇ ਪ੍ਰਧਾਨ ਵਿਨੋਦ ਸ਼ਰਮਾ, ਸਰਪ੍ਰਸਤ ਰਾਮ ਪਾਲ ਸਿੰਗਲਾ, ਰਾਜਵਿੰਦਰ ਪਟਵਾਰੀ, ਸੁਰਿੰਦਰ ਮੋਹਨ ਕਾਂਸਲ ਅਤੇ ਸੁਰੇਸ਼ ਭੋਤਨਾ ਨੇ ਸਨਮਾਨਿਤ ਕੀਤਾ | ਇਸ ਮੌਕੇ ਪੀ.ਆਰ.ਓ. ਰਜਿੰਦਰ ਬਾਂਸਲ ਰਿੰਪੀ ਨੇ ਦੱਸਿਆ ਕਿ 9 ਮੈਂਬਰੀ ਭਾਰਤੀ ਟੀਮ ਦੀ ਅਗਵਾਈ ਰਿਮ ਫਾਇਰ ਐਂਡ ਰਾਈਫ਼ਲ ਬੈਂਚ ਰੈਸਟ ਸ਼ੂਟਿੰਗ ਐਸੋਸੀਏਸ਼ਨ ਆਫ਼ ਇੰਡੀਆ ਕਰ ਰਹੀ ਸੀ | ਇਹ ਟੀਮ ਵਰਲਡ ਰਿਮ ਫਾਇਰ ਐਂਡ ਏਅਰ ਰਾਈਫ਼ਲ ਬੈਂਚ ਰੈਸਟ ਸ਼ੂਟਿੰਗ ਫੈਡਰੇਸ਼ਨ ਨਾਲ ਜੁੜੀ ਹੋਈ ਸੀ | ਇਸ ਮੁਕਾਬਲੇ ਵਿਚ ਤਿੰਨ ਭਾਰਤੀ ਕੁੜੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਪੰਜਾਬ ਦੇ ਬਰਨਾਲਾ ਦੀ ਸੁਖਜੀਤ ਕੌਰ ਨੇ 12 ਤੋਂ 14 ਉਮਰ ਵਰਗ ਵਿਚ 673/750 ਅੰਕ ਪ੍ਰਾਪਤ ਕਰ ਕੇ ਭਾਰਤ ਲਈ ਸੋਨ ਤਗਮਾ ਜਿੱਤਿਆ | ਇਸ ਸ਼ਾਨਦਾਰ ਪ੍ਰਾਪਤੀ 'ਤੇ ਸੁਖਜੀਤ ਕੌਰ ਨੇ ਕਿਹਾ ਕਿ ਆਪਣੀ ਸਖ਼ਤ ਮਿਹਨਤ ਸਦਕਾ ਅਤੇ ਕੌਮਾਂਤਰੀ ਪੱਧਰ 'ਤੇ ਦੇਸ਼ ਲਈ ਤਗਮੇ ਜਿੱਤਣਾ ਚਾਹੁੰਦੀ ਹਾਂ | ਸੁਖਜੀਤ ਕੌਰ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਪਹਿਲਾਂ ਬੈਲਜੀਅਮ ਵਿਚ ਮੁਕਾਬਲਾ ਕਰ ਚੁੱਕੀ ਹੈ ਅਤੇ ਹੁਣ ਉਸ ਕੋਲ ਸਵੀਡਨ ਦਾ ਵੀਜ਼ਾ ਆਇਆ ਸੀ, ਪਰ ਉਸ ਨੂੰ ਸਰਕਾਰ ਵਲੋਂ ਆਰਥਿਕ ਸਹਾਇਤਾ ਨਾ ਮਿਲਣ ਕਾਰਨ ਸ਼ੂਟਿੰਗ ਲਈ ਹਥਿਆਰ ਖ਼ਰੀਦਣ ਤੋਂ ਲੈ ਕੇ ਕੋਚ ਫ਼ੀਸ ਅਤੇ ਵਿਦੇਸ਼ ਯਾਤਰਾ ਤੱਕ ਦੇ ਸਾਰੇ ਖ਼ਰਚੇ ਖ਼ੁਦ ਚੁੱਕਣੇ ਪੈਂਦੇ ਹਨ ਕਿਉਂਕਿ ਸੁਖਜੀਤ ਨਾਬਾਲਗ ਹੈ, ਇਸ ਲਈ ਉਸ ਨੂੰ ਉਸ ਦੇ ਨਾਲ ਵੀ ਮਾਪਿਆਂ ਨੂੰ ਜਾਣਾ ਪੈਂਦਾ ਹੈ | ਦੋ ਟਿਕਟਾਂ ਖ਼ਰੀਦਣ ਤੋਂ ਅਸਮਰਥ ਹੋਣ ਕਰ ਕੇ ਉਨ੍ਹਾਂ ਨੂੰ ਸਵੀਡਨ ਦੀ ਦੌਰਾ ਰੱਦ ਕਰਨਾ ਪਿਆ | ਉਸ ਨੇ ਆਪਣੀ ਧੀ 'ਤੇ ਮਾਣ ਪ੍ਰਗਟ ਕੀਤਾ | ਉਨ੍ਹਾਂ ਨੇ ਕਿਹਾ ਸਰਕਾਰ ਵਲੋਂ ਆਰਥਿਕ ਸਹਾਇਤਾ ਨਾ ਮਿਲਣ ਕਾਰਨ ਉਸ ਦੀ ਬੇਟੀ ਨੂੰ ਇਕ ਕੌਮਾਂਤਰੀ ਤਗਮੇ ਤੋਂ ਵਾਂਝਾ ਹੋਣ ਪਿਆ | ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਉਸ ਦੀ ਬੇਟੀ ਨੂੰ ਆਰਥਿਕ ਸਹਾਇਤਾ ਤੇ ਸ਼ੂਟਿੰਗ ਕੋਚਿੰਗ ਲਈ ਕੋਚ ਦਾ ਖ਼ਰਚਾ ਉਪਲਬਧ ਕਰਵਾਉਂਦੀ ਹੈ ਤਾਂ ਉਸ ਦੀ ਬੇਟੀ ਹੋਰ ਵੀ ਦੇਸ਼ ਲਈ ਤਗਮੇ ਲਿਆ ਸਕਦੀ ਹੈ | ਇਸ ਮੌਕੇ ਸੁਖਜੀਤ ਕੌਰ ਦੀ ਮਾਤਾ ਵੀਰਪਾਲ ਕੌਰ ਅਤੇ ਭੈਣ ਗੁਰਕਿਰਨ ਕੌਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਬੱਚੇ ਖੇਡਾਂ ਖੇਡ ਕੇ ਆਪਣਾ ਤੇ ਦੇਸ਼ ਦਾ ਭਵਿੱਖ ਸੰਵਾਰ ਸਕਦੇ ਹਨ-ਡੀ.ਐੱਸ.ਪੀ. ਗੁਰਬਿੰਦਰ ਸਿੰਘ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।