ਬਠਿੰਡਾ, 4 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਿਵਲ ਸਰਜਨ ਡਾ: ਤਪਿੰਦਰਜੋਤ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਥਾਨਕ ਸਿਵਲ ਹਸਪਤਾਲ ਵਿਚ ਜ਼ਿਲ੍ਹਾ ਦਿਵਿਆਂਗਜਣ ਕੇਂਦਰ ਵਿਖੇ ਕੌਮਾਂਤਰੀ ਦਿਵਿਆਂਗਤਾ ਦਿਹਾੜਾ ਮਨਾਇਆ ਗਿਆ | ਸਿਵਲ ਸਰਜਨ ਡਾ: ਤਪਿਦੰਰਜੋਤ ਨੇ ਦੱਸਿਆ ਕਿ ਇਹ ਦਿਵਸ ਹਰ ਸਾਲ 3 ਦਸੰਬਰ ਨੂੰ ਸੰਯੁਕਤ ਰਾਸ਼ਟਰ ਦੇ ਆਹਵਾਨ 'ਤੇ ਅੰਗਹੀਣ ਦਿਵਸ ਵਜੋਂ ਮਨਾਇਆ ਜਾਂਦਾ ਹੈ | ਇਸ ਵਾਰ ਦੇ ਦਿਹਾੜੇ ਦਾ ਥੀਮ 'ਸਮਾਜਿਕ ਤਰੱਕੀ ਨੂੰ ਅੱਗੇ ਵਧਾਉਣ ਲਈ ਦਿਵਿਆਂਗਤਾ-ਸੰਮਿਲਿਤ ਸਮਾਜਾਂ ਨੂੰ ਉਤਸ਼ਾਹਿਤ ਕਰਨਾ ਹੈ | ਇਸ ਦਿਵਸ ਦਾ ਮੁੱਖ ਉਦੇਸ਼ ਸਮਾਜ ਵਿਚ ਰਹਿੰਦੇ ਅੰਗਹੀਣ ਵਿਅਕਤੀਆਂ ਲਈ ਸਮਾਵੇਸ਼, ਸਮਾਨ ਅਧਿਕਾਰ, ਆਤਮ-ਨਿਰਭਰਤਾ ਅਤੇ ਪਹੁੰਚਯੋਗਤਾ ਨੂੰ ਵਧਾਵਾ ਦੇਣਾ ਹੈ | ਡਿਪਟੀ ਮਾਸ ਮੀਡੀਆ ਅਫ਼ਸਰ ਕੇਵਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਿਸ ਅੰਗਹੀਣ ਵਿਅਕਤੀ ਨੂੰ ਅਪੰਗਤਾ ਸਰਟੀਫ਼ਿਕੇਟ ਜਾਰੀ ਨਹੀਂ ਹੋਇਆ ਉਹ ਵਿਅਕਤੀ ਜ਼ਿਲ੍ਹਾ ਦਿਵਿਆਂਗਜਣ ਕੇਂਦਰ (ਵਨ ਸਟਾਪ ਕੇਂਦਰ) ਸਿਵਲ ਹਸਪਤਾਲ ਬਠਿੰਡਾ, ਸਰਕਾਰੀ ਹਸਪਤਾਲ ਰਾਮਪੁਰਾ ਫੂਲ ਅਤੇ ਤਲਵੰਡੀ ਸਾਬੋ ਵਿਖੇ ਸਪੈਸ਼ਲਿਸਟ ਡਾਕਟਰ ਕੋਲ ਆਪਣੀ ਪਾਸਪੋਰਟ ਸਾਈਜ ਫੋਟੋ, ਆਧਾਰ ਕਾਰਡ ਅਤੇ ਰਜਿਸਟਰਡ ਮੋਬਾਇਲ ਨੰਬਰ ਸਮੇਤ ਪੇਸ਼ ਹੋ ਸਕਦਾ ਹੈ | ਇਸ ਉਪਰੰਤ ਵਿਅਕਤੀ ਰਜਿਸਟਰਡ ਮੋਬਾਈਲ ਤੇ ਮੈਸਜ ਮਿਲਣ ਤੇ ਸਰਟੀਫਿਕੇਟ ਡਾਊਨਲੋਡ ਕਰ ਸਕਦਾ ਹੈ | ਇਸ ਤਰ੍ਹਾਂ ਸਰਕਾਰ ਵਲੋਂ ਪੰਜੀਕਿ੍ਤ ਕੰਪਨੀ ਵਲੋਂ ਤਿਆਰ ਕਾਰਡ ਲਗਭਗ ਪੰਦਰਾਂ ਦਿਨਾਂ ਵਿਚ ਰਿਹਾਇਸ਼ੀ ਪਤੇ 'ਤੇ ਪਹੁੰਚ ਜਾਂਦਾ ਹੈ |ਉਨ੍ਹਾਂ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਪਹਿਲਾਂ ਹੀ ਬਣੇ ਅੰਗਹੀਣ ਸਰਟੀਫਿਕੇਟ ਨੂੰ ਆਨ ਲਾਈਨ ਕਰਵਾਉਣ ਜਾਂ ਯੂ ਡੀ ਆਈ ਡੀ ਕਾਰਡ ਬਣਾਉਣ ਲਈ ਯੂਨੀਕ ਡਿਸਇਬੇਲਿਟੀ ਆਈ ਡੀ ਦੀ ਸਾਈਟ ਤੇ ਆਧਾਰ ਕਾਰਡ, ਇਕ ਫੋਟੋ ਅਤੇ ਅੰਗਹੀਣ ਸਰਟੀਫਿਕੇਟ ਦੀ ਕਾਪੀ ਸਮੇਤ ਲੋੜੀਂਦੀ ਜਾਣਕਾਰੀ ਅਪਲੋਡ ਕਰਕੇ ਘਰ ਬੈਠੇ ਹੀ ਪ੍ਰਾਪਤ ਕਰ ਸਕਦਾ ਹੈ | ਇਸ ਸੰਬੰਧੀ ਨੇੜਲੇ ਸੇਵਾ ਕੇਂਦਰ ਵਿਚ ਵੀ ਇਹ ਸੇਵਾਵਾਂ ਪ੍ਰਾਪਤ ਹਨ | ਜਿਲ੍ਹਾ ਦਿਵਿਆਂਗਜਣ ਕੇਂਦਰ ਸਿਵਲ ਹਸਪਤਾਲ ਬਠਿੰਡਾ ਵਿਖੇ 80 ਪ੍ਰਤੀਸਤ ਅਪੰਗਤਾ ਵਾਲੇ ਵਿਅਕਤੀ ਸਹਾਇਕ ਯੰਤਰ ਲਈ ਜਿਵੇ ਵਿਸ਼ੇਸ ਮੋਟਰਾਇਜ ਟਰਾਈ ਸਾਈਕਲ, ਵੀਲ ਚੇਅਰ, ਰੋਲੇਟਰ, ਟਰਾਈ ਸਾਈਕਲ ,ਕੰਨਾਂ ਵਾਲੀਆਂ ਮਸ਼ੀਨਾਂ ਆਦਿ ਪ੍ਰਾਪਤ ਕਰਨ ਲਈ ਅਰਜੀ ਦੇ ਸਕਦੇ ਹਨ | ਇਸ ਮੌਕੇ ਰਜਨੀ ਸਿਆਲ, ਸੱਤਿਆਵੀਰ ਅਤੇ ਸੰਦੀਪ ਕੌਰ ਹਾਜ਼ਰ ਸਨ |