ਗੋਨਿਆਣਾ, 4 ਦਸੰਬਰ (ਲਛਮਣ ਦਾਸ ਗਰਗ)-ਸ਼ਹਿਰ ਵਿਚ ਪਿਛਲੇ ਕਾਫੀ ਸਮੇਂ ਤੋਂ ਵੱਡੀ ਗਿਣਤੀ ਵਿਚ ਦੁਕਾਨਦਾਰਾਂ ਵਲੋਂ ਸਥਾਨਕ ਮਾਲ ਰੋਡ ਅਤੇ ਹੋਰ ਸੜਕਾਂ 'ਤੇ ਨਾਜਾਇਜ਼ ਕਬਜ਼ਿਆਂ ਦੀ ਬਹੁਤ ਜ਼ਿਆਦਾ ਭਰਮਾਰ ਹੋਣ ਕਰਕੇ ਸ਼ਹਿਰ ਵਿਚ ਹਰੇਕ ਇਨਸਾਨ ਦਾ ਲੰਘਣਾ ਔਖਾ ਹੋਇਆ ਪਿਆ ਸੀ | ਜੈਤੋ-ਬਠਿੰਡਾ ਬਾਈਪਾਸ ਵਾਲੀ ਸੜਕ ਦੁਬਾਰਾ ਬਣਾਈ ਜਾ ਰਹੀ ਹੈ, ਜਿਸ ਕਰਕੇ ਜੈਤੋ-ਕੋਟਕਪੂਰਾ-ਫ਼ਰੀਦਕੋਟ-ਸ਼੍ਰੀ ਅੰਮਿ੍ਤਸ਼ਰ ਸਾਹਿਬ ਨੰੂ ਜਾਣ ਵਾਲੀਆਂ ਸਾਰੀਆਂ ਬੱਸਾਂ ਦਾ ਰਸਤਾ ਵੀ ਸ਼ਹਿਰ ਵਿਚੋਂ ਦੀ ਹੋਣ ਕਰਕੇ ਹਰੇਕ ਵਹੀਕਲ ਚਾਲਕ ਦਾ ਲੰਘਣਾ ਹੋਰ ਜ਼ਿਆਦਾ ਔਖਾ ਹੋਇਆ ਪਿਆ ਸੀ | ਉਕਤ ਮਸਲੇ ਨੂੰ ਲੈ ਕੇ ਥਾਣਾ ਨੇਹੀਆਂ ਵਾਲਾ ਦੇ ਮੁੱਖ ਅਫ਼ਸਰ ਦਬੰਗ ਐੱਸ.ਐੱਚ.ਓ ਦਿਲਬਾਗ ਸਿੰਘ ਨੇ ਅੱਜ ਪੁਲਿਸ ਪਾਰਟੀਆਂ ਨੂੰ ਨਾਲ ਲੈ ਕੇ ਨਾਜਾਇਜ਼ ਕਬਜ਼ੇ ਵਾਲੇ ਦੁਕਾਨਦਾਰਾਂ ਅਤੇ ਸੜਕਾਂ ਦੇ ਵਿਚਕਾਰ ਖੜਦੀਆਂ ਰੇਹੜੀ ਵਾਲਿਆ ਨੂੰ ਸਖ਼ਤ ਚੇਤਾਵਨੀ ਅਤੇ ਤਾੜਨਾ ਦਿੰਦੇ ਹੋਏ ਕਿਹਾ ਕਿ ਉਹ ਸੜਕਾਂ 'ਤੋਂ ਨਾਜਾਇਜ਼ ਕਬਜ਼ੇ ਚੁੱਕ ਲੈਣ ਨਹੀ ਤਾਂ ਆਪਣੀ ਬੇਇੱਜ਼ਤੀ ਦੇ ਆਪ ਜ਼ਿੰਮੇਵਾਰ ਹੋਵੋਗੇ | ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਾਰਜ ਸਾਧਕ ਅਫ਼ਸਰ ਅਤੇ ਨਗਰ ਕੌਂਸਲ ਦੇ ਪ੍ਰਧਾਨ ਨੂੰ ਨਾਲ ਲੈ ਕੇ ਕਾਨੰੂਨੀ ਕਾਰਵਾਈ ਵੀ ਅਮਲ ਵਿਚ ਲਿਆਂਦੀ ਜਾਵੇਗੀ | ਉਨ੍ਹਾਂ ਗੱਲਬਾਤ ਕਰਦੇ ਹੋਏ ਕਿਹਾ ਕਿ ਨਾਜਾਇਜ਼ ਕਬਜ਼ਿਆਂ ਦੇ ਕਾਰਨ ਸ਼ਹਿਰ ਦੀ ਮਾਲ ਰੋਡ ਅਤੇ ਹੋਰ ਸੜਕਾਂ 'ਤੇ ਬਹੁਤ ਜ਼ਿਆਦਾ ਆਵਾਜਾਈ ਵਿਚ ਦਿੱਕਤ ਆ ਰਹੀ ਸੀ, ਜੋ ਅੱਜ ਪੁਲਿਸ ਪਾਰਟੀਆਂ ਨੂੰ ਨਾਲ ਲੈ ਕੇ ਨਾਜਾਇਜ਼ ਕਬਜ਼ੇ ਹਟਾਏ ਜਾ ਰਹੇ ਹਨ | 03ਬੀਟੀਡੀ23