ਬਠਿੰਡਾ, 4 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਵਲੋਂ ਵਿਸ਼ਵ ਅੰਗਹੀਣ ਦਿਵਸ 2025 ਨੂੰ ਇਕ ਸਮਾਵੇਸ਼ੀ ਸਮਾਜ ਦੇ ਨਿਰਮਾਣ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਬਹੁਤ ਉਤਸ਼ਾਹ ਨਾਲ ਮਨਾਇਆ | ਸਮਾਗਮ ਯੂਨੀਵਰਸਿਟੀ ਦੇ ਵਾਇਸ-ਚਾਂਸਲਰ ਪ੍ਰੋ: ਰਾਘਵੇਂਦਰ ਪ੍ਰਸ਼ਾਦ ਤਿਵਾਰੀ ਦੀ ਸਰਪ੍ਰਸਤੀ ਹੇਠ ਕੀਤਾ ਗਿਆ, ਜਿਨ੍ਹਾਂ ਨੇ ਕੈਂਪਸ ਵਿਚ ਸਮਾਨਤਾ ਅਤੇ ਸਮਾਜਿਕ ਨਿਆਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਪਹਿਲ ਕਦਮੀਆਂ ਨੂੰ ਉਤਸ਼ਾਹਿਤ ਕੀਤਾ ਹੈ | ਸਿੱਖਿਆ ਵਿਭਾਗ ਦੇ ਪ੍ਰੋ: ਸ਼ੰਕਰ ਲਾਲ ਬੀਕਾ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ 'ਮੇਰੀ ਸਮਰੱਥਾ ਮੇਰੀ ਪਛਾਣ-ਮੇਰੀਆਂ ਯੋਗਤਾਵਾਂ ਲਈ ਮੈਨੂੰ ਜਾਣੋ, ਮੇਰੀਆਂ ਅਪਾਹਜਤਾ ਲਈ ਨਹੀਂ' ਸਿਰਲੇਖ ਵਾਲਾ ਇਕ ਪ੍ਰਭਾਵਸ਼ਾਲੀ ਨੁੱਕੜ ਨਾਟਕ ਪੇਸ਼ ਕੀਤਾ | ਇਸ ਨਾਟਕ ਵਿਚ ਅਪਾਹਜ ਵਿਅਕਤੀਆਂ ਨੂੰ ਦਰਪੇਸ਼ ਰੋਜ਼ਾਨਾ ਚੁਣੌਤੀਆਂ ਨੂੰ ਉਭਾਰਿਆ ਗਿਆ ਅਤੇ ਇਹ ਸੰਦੇਸ਼ ਦਿੱਤਾ ਗਿਆ ਕਿ ਹਰ ਵਿਅਕਤੀ ਨੂੰ ਉਸ ਦੀਆਂ ਸ਼ਕਤੀਆਂ, ਅਤੇ ਪ੍ਰਤਿਭਾਵਾਂ ਦੇ ਆਧਾਰ 'ਤੇ ਪਛਾਣਿਆ ਜਾਣਾ ਚਾਹੀਦਾ ਹੈ ਨਾ ਕਿ ਉਸ ਦੀਆਂ ਸੀਮਾਵਾਂ ਦੇ ਆਧਾਰ 'ਤੇ | ਐਮ.ਏ. ਅਤੇ ਐਮ.ਐਡ. ਦੂਜੇ ਸਾਲ ਦੇ ਵਿਦਿਆਰਥੀਆਂ ਵਲੋਂ ਪੇਸ਼ ਕੀਤਾ ਗਿਆ ਇਹ ਭਾਵਪੂਰਨ ਨਾਟਕ ਆਪਣੀ ਸੰਵੇਦਨਸ਼ੀਲਤਾ ਅਤੇ ਸਮਾਜਿਕ ਸੰਦੇਸ਼ ਲਈ ਕਾਬਿਲ-ਏ-ਤਾਰੀਫ਼ ਰਿਹਾ | ਸਮਾਗਮ ਦਾ ਇਕ ਵਿਸ਼ੇਸ਼ ਅੰਸ਼ ਡਾ: ਜਸਵਿੰਦਰ ਸਿੰਘ, ਐਸੋਸੀਏਟ ਪ੍ਰੋਫੈਸਰ, ਸਿੱਖਿਆ ਵਿਭਾਗ ਦਾ ਸੰਬੋਧਨ ਰਿਹਾ | ਉਨ੍ਹਾਂ ਨੇ ਸਰੀਰਕ ਚੁਣੌਤੀਆਂ ਦੇ ਬਾਵਜੂਦ ਆਪਣੀ ਪ੍ਰੇਰਨਾਦਾਇਕ ਜੀਵਨ ਯਾਤਰਾ ਅਤੇ ਪ੍ਰਾਪਤੀਆਂ ਸਾਂਝੀਆਂ ਕੀਤੀਆਂ ਅਤੇ ਵਿਦਿਆਰਥੀਆਂ ਨੂੰ ਸਕਾਰਾਤਮਕ ਸੋਚ ਅਪਣਾਉਣ ਲਈ ਪ੍ਰੇਰਿਤ ਕੀਤਾ | ਪ੍ਰੋਗਰਾਮ ਦਾ ਸਮਾਪਨ ਇਕ ਸਮੂਹਿਕ ਸੱਦੇ ਨਾਲ ਕੀਤਾ ਗਿਆ, ਜਿਸ ਵਿਚ ਯੂਨੀਵਰਸਿਟੀ ਭਾਈਚਾਰੇ ਨੂੰ ਅਪੀਲ ਕੀਤੀ ਗਈ ਕਿ ਉਹ ਸਮਾਵੇਸ਼ੀ ਅਤੇ ਪਹੁੰਚਯੋਗ ਵਾਤਾਵਰਣ ਬਣਾਉਣ ਲਈ ਯਤਨ ਜਾਰੀ ਰੱਖਣ, ਤਾਂ ਜੋ ਹਰ ਵਿਅਕਤੀ ਅਪਣੀ ਅਪਾਹਜਤਾ ਦੀ ਪਰਵਾਹ ਕੀਤੇ ਬਿਨਾਂ ਸਮਾਜ ਵਿਚ ਅਰਥਪੂਰਨ ਯੋਗਦਾਨ ਪਾ ਸਕੇ |