ਬਠਿੰਡਾ, 4 ਦਸੰਬਰ (ਅੰਮਿ੍ਤਪਾਲ ਸਿੰਘ ਵਲਾਣ)-ਜ਼ਿਲ੍ਹਾ ਸੈਨਿਕ ਬੋਰਡ, ਬਠਿੰਡਾ ਦੀ ਤਿਮਾਹੀ ਮੀਟਿੰਗ ਪ੍ਰਧਾਨ ਜ਼ਿਲ੍ਹਾ ਸੈਨਿਕ ਬੋਰਡ-ਕਮ-ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਸੈਨਿਕ ਬੋਰਡ ਦੇ ਮੈਂਬਰਜ਼ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਦੇ ਨਾਲ ਕੀਤੀ ਗਈ | ਮੀਟਿੰਗ ਦੀ ਸ਼ੁਰੂਆਤ ਕਮਾਂਡਰ ਦਿਲਪ੍ਰੀਤ ਸਿੰਘ ਕੰਗ (ਰਿਟਾ:) ਸਕੱਤਰ ਜ਼ਿਲ੍ਹਾ ਸੈਨਿਕ ਬੋਰਡ-ਕਮ-ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ, ਬਠਿੰਡਾ ਵਲੋਂ ਸਾਰੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦੇ ਕੇ ਕੀਤੀ ਗਈ | ਇਸ ਉਪਰੰਤ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਬਠਿੰਡਾ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ ਗਈ | ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਮੀਟਿੰਗ ਦੌਰਾਨ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਸਾਬਕਾ ਫੌਜੀਆਂ ਦੇ ਬੱਚਿਆਂ ਲਈ ਐਜੂਕੇਸ਼ਨ ਗ੍ਰਾਂਟ, ਮੈਰਿਜ ਗ੍ਰਾਂਟ ਅਤੇ ਨਾਨ-ਪੈਨਸ਼ਨਰ ਸਾਬਕਾ ਸੈਨਿਕਾਂ ਜਿਨ੍ਹਾਂ ਦੀ ਉਮਰ 65 ਸਾਲ ਤੋਂ ਉਪਰ ਹੈ, ਨੂੰ ਮਿਲਣ ਵਾਲੀ ਗ੍ਰਾਂਟ 01 ਨਵੰਬਰ 2025 ਤੋਂ ਵਧਾਕੇ ਕ੍ਰਮਵਾਰ 24000/-, 1,00,000/- ਅਤੇ 96,000/- ਰੁਪਏ ਕਰ ਦਿੱਤੀ ਗਈ ਹੈ | ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਅੱਗੇ ਦੱਸਿਆ ਕਿ ਜੇਕਰ ਕੋਈ ਮਰੀਜ਼ ਜਿਸ ਦੀ ਉਮਰ 70 ਸਾਲ ਤੋਂ ੳੱੁਪਰ ਹੈ ਅਤੇ ਚੱਲਣ ਫਿਰਨ ਦੀ ਹਾਲਤ ਵਿੱਚ ਨਹੀਂ ਹੈ, ਉਸ ਨੂੰ ਖੁਦ ਈ.ਸੀ.ਐਚ.ਐੱਸ ਵਿਖੇ ਦਵਾਈ ਲੈਣ ਲਈ ਹਾਜ਼ਰ ਹੋਣ ਦੀ ਜ਼ਰੂਰਤ ਨਹੀਂ ਹੈ ਅਤੇ ਨਿਰਧਾਰਿਤ ਪ੍ਰੋਫਾਰਮਾ ਭਰਨ ਉਪਰੰਤ ਕੋਈ ਵੀ ਪਰਿਵਾਰਿਕ ਮੈਂਬਰ ਈ.ਸੀ.ਐਚ.ਐੱਸ ਪਹੁੰਚ ਕਿ ਮਰੀਜ਼ ਦੀ ਦਵਾਈ ਲੈ ਕੇ ਸਕਦਾ ਹੈ | ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋ ਜ਼ਿਲੇ ਦੇ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ, ਸਾਬਕਾ ਸੈਨਿਕਾ, ਵਿਧਵਾਵਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਸੁਣਨ ਉਪਰੰਤ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਦਾ ਭਰੋਸਾ ਵੀ ਦਿਵਾਇਆ | ਇਸ ਮੌਕੇ ਬ੍ਰਗੇਡੀਅਰ ਅਮਰਦੀਪ ਸਿੰਘ ਢਿੱਲੋਂ (ਸੈਨਾ ਮੈਡਲ) (ਰਿਟਾ.), ਮੀਤ ਪ੍ਰਧਾਨ, ਜ਼ਿਲ੍ਹਾ ਸੈਨਿਕ ਬੋਰਡ ਬਠਿੰਡਾ ਵੱਲੋਂ ਡਿਪਟੀ ਕਮਿਸ਼ਨਰ ਨੂੰ ਲੈਪਲ ਬੈਜ ਲਗਾ ਕੇ ਝੰਡਾ ਦਿਵਸ ਦਾ ਅਗਾਜ਼ ਕੀਤਾ | ਇਸ ਮੌਕੇ ਸ਼ਹੀਦ ਸੈਨਿਕਾਂ ਦੇ ਪਰਿਵਾਰਕ ਮੈਂਬਰ, ਸਾਬਕਾ ਸੈਨਿਕ, ਸਾਬਕਾ ਸੈਨਿਕ ਦੀਆਂ ਵਿਧਵਾਵਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਤੋਂ ਇਲਾਵਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦਾ ਸਮੂਹ ਸਟਾਫ਼ ਆਦਿ ਹਾਜ਼ਰ ਸੀ |