ਬਠਿੰਡਾ, 4 ਦਸੰਬਰ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਪੁਲਿਸ ਨੇ ਜ਼ਿਲੇ੍ਹ ਦੇ ਵੱਖ-ਵੱਖ ਲੋਕਾਂ ਦੇ ਵੱਖ-ਵੱਖ ਸਮੇਂ ਉੱਪਰ ਗੁੰਮ ਹੋਏ 26 ਲੱਖ 59100 ਰੁਪਏ ਦੀ ਕੀਮਤ ਦੇ 188 ਮੋਬਾਈਲ ਫੋਨਾਂ ਨੂੰ ਸੈਂਟਰਲ ਈਕਿਊਪਮੈਂਟ ਇਡੈਂਟੀ ਰਜਿਸਟਰ (ਸੀ.ਈ.ਆਈ.ਆਰ.) ਪੋਰਟਲ ਦੀ ਮੱਦਦ ਨਾਲ ਲੱਭਣ 'ਚ ਸਫਲਤਾ ਹਾਸਲ ਕੀਤੀ ਹੈ, ਜੋ ਅੱਜ ਵਿਸ਼ੇਸ਼ ਪ੍ਰੋਗਰਾਮ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਵਲੋਂ ਸਬੰਧਿਤ ਅਸਲੀ ਮਾਲਕਾਂ ਨੂੰ ਸੌਂਪੇ ਗਏ |
ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਦੱਸਿਆ ਸੈਂਟਰਲ ਈਕਿਊਪਮੈਂਟ ਇਡੈਂਟੀ ਰਜਿਸਟਰ (ਸੀ.ਈ.ਆਈ.ਆਰ.) ਪੋਰਟਲ ਦੀ ਮੱਦਦ ਨਾਲ ਜ਼ਿਲੇ੍ਹ ਦੀ ਸਮੁੱਚੀ ਸਾਂਝ ਸਟਾਫ਼ ਦੀ ਪੁਲਿਸ ਟੀਮ ਦੇ ਤਜਰਬੇਕਾਰ ਕਰਮਚਾਰੀਆਂ ਦੀ ਇਕ ਸਾਂਝੀ ਟੀਮ ਨੇ ਪਰੰਪਰਾਗਤ ਅਤੇ ਆਧੁਨਿਕ ਵਿਗਿਆਨਕ ਤਕਨੀਕ ਦੇ ਸੁਮੇਲ ਦੀ ਵਰਤੋਂ ਨਾਲ ਉਕਤ ਮੋਬਾਈਲ ਫ਼ੋਨ ਲੱਭੇ ਹਨ, ਜਿਸ ਨਾਲ ਮਹਿੰਗੇ ਮੁੱਲ ਦੇ ਗੁੰਮ ਹੋਏ ਮੋਬਾਈਲ ਮੁੜ ਸਬੰਧਿਤ ਵਿਅਕਤੀਆਂ ਨੂੰ ਮਿਲੇ ਹਨ | ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਪੁਲਿਸ ਉਕਤ ਪੋਰਟਲ ਰਾਹੀਂ 91 ਲੱਖ ਦੀ ਕੀਮਤ ਦੇ 710 ਮੋਬਾਈਲ ਫ਼ੋਨ ਟਰੇਸ ਕਰਕੇ ਉਨ੍ਹਾਂ ਦੇ ਅਸਲੀ ਮਾਲਕਾਂ ਹਵਾਲੇ ਕਰ ਚੁੱਕੀ ਹੈ ਅਤੇ ਇਸ ਵਰੇ੍ਹ ਦੇ ਪਹਿਲੇ ਜਨਵਰੀ ਮਹੀਨੇ ਤੋਂ ਲੈ ਕੇ ਹੁਣ ਤੱਕ ਬਠਿੰਡਾ ਪੁਲਿਸ ਵਲੋਂ ਕੁਲ 898 ਮੋਬਾਈਲ ਫ਼ੋਨ ਟਰੇਸ ਕੀਤੇ ਗਏ ਹਨ, ਜਿਨ੍ਹਾਂ ਦੀ ਕੁੱਲ ਕੀਮਤ ਕਰੀਬ 1 ਕਰੋੜ 17 ਲੱਖ ਰੁਪਏ ਬਣਦੀ ਹੈ | ਜਦਕਿ ਅਪ੍ਰੈਲ 2023 ਤੋਂ ਚਾਲੂ ਹੋਏ ਇਸ ਪੋਰਟਲ ਨਾਲ ਬਠਿੰਡਾ ਪੁਲਿਸ ਹੁਣ ਤੱਕ ਕੁੱਲ 1240 ਮੋਬਾਈਲ ਫ਼ੋਨ ਲੱਭੇ ਗਏ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਮੋਬਾਈਲ ਫ਼ੋਨ ਗੁੰਮ ਹੋਣ 'ਤੇ ਤੁਰੰਤ ਉਕਤ ਪੋਰਟਲ ਉੱਪਰ ਆਨਲਾਈਨ ਜਾਂ ਨੇੜਲੇ ਪੁਲਿਸ ਸਾਂਝ ਕੇਂਦਰ ਵਿਚ ਸ਼ਿਕਾਇਤ ਦਰਜ ਕਰਵਾਈ ਜਾਵੇ ਤਾਂ ਸਮੇਂ ਸਿਰ ਗੁੰਮ ਹੋਏ ਮੋਬਾਈਲ ਫ਼ੋਨ ਨੂੰ ਲੱਭਿਆ ਜਾ ਸਕੇ |
ਪੁਲਿਸ ਨੇ ਪੋਰਟਲ ਦੀ ਮਦਦ ਨਾਲ ਸਾਢੇ 26 ਲੱਖ ਤੋਂ ਵੱਧ ਦੀ ਕੀਮਤ ਦੇ 118 ਗੁੰਮ ਹੋਏ ਮੋਬਾਈਲ ਫ਼ੋਨ ਲੱਭੇ <br/>
ਅਜੀਤ ਡੈਸਕ
05-12-2025