25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਮੈਡੀਕਲ ਏਜੰਸੀ ਦੇ ਮਾਲਕ ਨੇ ਕਰਿੰਦੇ ਤੇ ਉਸ ਦੇ ਸਾਥੀਆਂ ਨਾਲ ਮਿਲ ਕੇ ਬਣਾਇਆ ਲੁਟੇਰਾ ਗਰੋਹ <br/>

ਅਜੀਤ ਡੈਸਕ 01-09-2025

ਬਠਿੰਡਾ, 31 ਅਗਸਤ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਦੇ ਇਕ ਮੈਡੀਕਲ ਏਜੰਸੀ ਦੇ ਮਾਲਕ ਵਲੋਂ ਆਪਣੇ ਕਰਿੰਦੇ ਅਤੇ ਉਸ ਦੇ ਸਾਥੀਆਂ ਨਾਲ ਮਿਲ ਕੇ ਲੁੱਟਾਂ-ਖੋਹਾਂ ਕਰਨ ਲਈ ਇਕ ਲੁਟੇਰਾ ਗਿਰੋਹ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਥਾਣਾ ਕੈਨਾਲ ਕਾਲੋਨੀ ਦੀ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਇਸ ਸੰਬੰਧੀ ਡੀ.ਐੱਸ.ਪੀ. (ਸਿਟੀ-1) ਸੰਦੀਪ ਸਿੰਘ ਭਾਟੀ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਦੱਸਿਆ ਕਿ ਬੀਤੇ ਕੱਲ੍ਹ ਜਦੋਂ ਪਿੰਡ ਨਰੂਆਣਾ ਦਾ ਲਾਲ ਸਿੰਘ ਸਬਜ਼ੀ ਵੇਚਣ ਲਈ ਆਪਣੇ ਮੋਟਰਸਾਈਕਲ 'ਤੇ ਬਠਿੰਡਾ ਦੀ ਦਾਣਾ ਮੰਡੀ ਵੱਲ ਨੂੰ ਆ ਰਿਹਾ ਸੀ, ਸਥਾਨਕ ਬਾਦਲ ਪੁਲ ਨਜ਼ਦੀਕ ਉਸ ਨੂੰ ਇਕ ਪਜੈਰੋ ਗੱਡੀ ਦੇ ਸਵਾਰਾਂ ਨੇ ਘੇਰ ਕੇ ਦੇਸੀ ਕੱਟਾ, ਕਾਪੇ ਤੇ ਕਿਰਪਾਨਾਂ ਦੇ ਜੋਰ 'ਤੇ ਲੁੱਟਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ 'ਚੋਂ ਲਾਲ ਸਿੰਘ ਨੇ ਮੈਡੀਕਲ ਏਜੰਸੀ ਦੇ ਮਾਲਕ ਨੂੰ ਪਹਿਚਾਣ ਲਿਆ (ਕਿਉਂਕਿ ਉਹ ਉਸ ਦੀ ਏਜੰਸੀ ਤੋਂ ਪਸ਼ੂਆਂ ਦੀ ਅਕਸਰ ਦਵਾਈ ਲੈ ਕੇ ਆਉਂਦਾ ਸੀ) ਤੇ ਆਪਣੀ ਪਹਿਚਾਣ ਤੋਂ ਘਬਰਾਏ ਇਹ ਬੰਦੇ ਪਿੱਛੇ ਹਟਣ ਲੱਗੇ ਤਾਂ ਇਨ੍ਹਾਂ 'ਚੋਂ ਇਕ ਦੇ ਹੱਥ 'ਚ ਫੜੇ ਦੇਸੀ ਕੱਟੇ 'ਚੋਂ ਗੋਲੀ ਚੱਲ ਗਈ, ਜੋ ਇਨ੍ਹਾਂ ਦੇ ਇਕ ਸਾਥੀ ਦੀ ਲੱਤ 'ਚ ਲੱਗੀ ਤੇ ਜਦੋਂ ਇਹ ਆਪਣੇ ਜ਼ਖ਼ਮੀ ਸਾਥੀ ਨੂੰ ਲੈ ਕੇ ਗੱਡੀ 'ਤੇ ਭੱਜਣ ਲੱਗੇ ਤਾਂ ਅੱਗੇ ਜਾ ਕੇ ਇਨ੍ਹਾਂ ਦੀ ਗੱਡੀ ਹਾਦਸਾਗ੍ਰਸਤ ਹੋ ਗਈ, ਜਿਸ ਨੂੰ ਉੱਥੇ ਛੱਡ ਕੇ ਫਰਾਰ ਹੋ ਗਏ ਸਨ | ਉਨ੍ਹਾਂ ਦੱਸਿਆ ਕਿ ਪੀੜਤ ਦੀ ਸ਼ਿਕਾਇਤ ਉਪਰੰਤ ਭਾਲ ਕਰਦਿਆਂ ਉਕਤ ਨੂੰ ਥਾਣਾ ਕੈਨਾਲ ਕਾਲੋਨੀ ਦੇ ਮੁੱਖ ਅਧਿਕਾਰੀ ਹਰਜੀਵਨ ਸਿੰਘ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਕਸ਼ਮੀਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਘਟਨਾ ਦੇ ਕੁਝ ਘੰਟਿਆਂ ਬਾਅਦ ਸਥਾਨਕ ਨਰੂਆਣਾ ਰੋਡ ਤੋਂ ਗਿ੍ਫ਼ਤਾਰ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਪਹਿਚਾਣ ਕਾਰਤਿਕ ਸਿੰਗਲਾ ਮਾਲਕ ਮੈਡੀਕਲ ਏਜੰਸੀ, ਮੋਹਿਤ ਕੁਮਾਰ ਤੇ ਮਾਨਵ ਮੈਂਡੀ ਵਾਸੀਆਨ ਸੁਰਖਪੀਰ ਰੋਡ ਅਤੇ ਦਿਨੇਸ਼ ਕੁਮਾਰ ਵਾਸੀ ਨਰੂਆਣਾ ਰੋਡ ਵਜੋਂ ਹੋਈ ਹੈ, ਜਿਨ੍ਹਾਂ ਦੇ ਖ਼ਿਲਾਫ਼ ਥਾਣਾ ਕੈਨਾਲ ਕਾਲੋਨੀ 'ਚ ਮੁਕੱਦਮਾ ਦਰਜ ਕਰਦਿਆਂ ਇਨ੍ਹਾਂ ਦੇ ਕਬਜ਼ੇ 'ਚੋਂ ਵਾਰਦਾਤ ਸਮੇਂ ਵਰਤੀ ਪਜੈਰੋ ਗੱਡੀ, 12 ਬੋਰ ਦਾ 1 ਦੇਸੀ ਕੱਟਾ ਸਮੇਤ ਇਕ ਖਾਲੀ ਖੋਲ, 2 ਕਾਪੇ, 1 ਕਿਰਪਾਨ, 1 ਤਲਵਾਰ ਅਤੇ 8 ਮੋਬਾਈਲ ਫ਼ੋਨ ਬਰਾਮਦ ਕੀਤੇ ਹਨ | ਡੀ.ਐੱਸ.ਪੀ. ਨੇ ਦੱਸਿਆ ਕਿ ਮੁੱਢਲੀ ਪੁੱਛਗਿਛ ਦੌਰਾਨ ਕਥਿਤ ਦੋਸ਼ੀਆਂ ਨੇ ਮੰਨਿਆ ਕਿ ਆਪਣੇ ਖ਼ਰਚਿਆਂ ਦੀ ਪੂਰਤੀ ਲਈ ਉਨ੍ਹਾਂ ਨੇ ਮਿਲ ਕੇ ਲੁੱਟਾਂ-ਖੋਹਾਂ ਕਰਨ ਲਈ ਗਿਰੋਹ ਬਣਾਇਆ ਹੋਇਆ ਸੀ ਤੇ ਇਸ ਤੋਂ ਪਹਿਲਾਂ ਉਹ ਬਠਿੰਡਾ ਵਿਖੇ ਸਬਜ਼ੀ ਵੇਚਣ ਆ ਰਹੇ ਪਿੰਡ ਘੁੱਦਾ ਦੇ ਇਕ ਕਿਸਾਨ ਤੋਂ 3600 ਰੁਪਏ, ਪਿੰਡ ਨਰੂਆਣਾ ਦੀ ਇਕ ਸਕੂਟਰੀ ਸਵਾਰ ਔਰਤ ਤੋਂ ਸੋਨੇ ਦੀ ਚੇਨ ਤੇ ਵਾਲੀਆਂ ਅਤੇ ਪਿੰਡ ਲਹਿਰਾ ਮੁਹੱਬਤ ਰੇਲਵੇ ਫਾਟਕ ਨਜ਼ਦੀਕ ਇਕ ਵਿਅਕਤੀ ਤੋਂ 50 ਹਜ਼ਾਰ ਰੁਪਏ ਦੀ ਲੁੱਟ ਕਰ ਚੁੱਕੇ ਹਨ ਤੇ ਇਨ੍ਹਾਂ ਖ਼ਿਲਾਫ਼ ਪਹਿਲਾਂ ਤਿੰਨ ਮੁਕੱਦਮੇ ਦਰਜ ਹਨ | ਉਨ੍ਹਾਂ ਦੱਸਿਆ ਕਿ ਇਹ ਪਿਛਲੇ ਦੋ ਮਹੀਨਿਆਂ ਤੋਂ ਲੁੱਟ-ਖੋਹ ਦੀਆਂ ਵਾਰਦਾਤਾਂ ਨੰੂ ਅੰਜਾਮ ਦੇ ਰਹੇ ਹਨ ਤੇ ਹੁਣ ਤੱਕ ਬਠਿੰਡਾ, ਮਾਨਸਾ, ਫ਼ਿਰੋਜ਼ਪੁਰ, ਬਰਨਾਲਾ, ਕੋਟਕਪੂਰਾ 'ਚ ਲੁੱਟਾਂ-ਖੋਹਾਂ ਕਰ ਚੁੱਕੇ ਹਨ ਤੇ ਰਾਤ ਦੇ 11 ਤੋਂ ਸਵੇਰ ਦੇ 4 ਵਜੇ ਤੱਕ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ, ਜਿੰਨ੍ਹਾਂ ਦਾ ਹੋਰ ਪੁੱਛ-ਗਿੱਛ ਲਈ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ |

ਪਿਛਲੀ ਖ਼ਬਰ ਬਠਿੰਡਾ ਵਿਚ ਚੋਰੀ ਦੀਆਂ ਦੋ ਵੱਖ-ਵੱਖ ਘਟਨਾਵਾਂ, ਲੱਖਾਂ ਦਾ ਸਾਮਾਨ ਚੋਰੀ <br/> ਅਗਲੀ ਖ਼ਬਰ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਨੇ ਭੀਖੀ ਖੇਤਰ ਦੇ ਕਿਸਾਨਾਂ ਦੀ ਚਿੰਤਾ ਵਧਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।