ਮਮਦੋਟ, 4 ਦਸੰਬਰ (ਸੁਖਦੇਵ ਸਿੰਘ ਸੰਗਮ)-ਜਦੋਂ ਤੋਂ ਸੂਬੇ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦਾ ਐਲਾਨ ਹੋਇਆ ਹੈ ਉਦੋਂ ਤੋਂ ਹੀ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਆਪੋ ਆਪਣੇ ਉਮੀਦਵਾਰਾਂ ਦੇ ਚੁਣਾਓ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ | ਪਰ ਜਿੱਥੇ ਦੂਸਰੀਆਂ ਸਿਆਸੀ ਧਿਰਾਂ ਪਾਰਟੀ ਵਲੋਂ ਲਾਏ ਗਏ ਹਲਕਾ ਇੰਚਾਰਜਾਂ ਦੀ ਅਗਵਾਈ ਹੇਠ ਇਕੱਠੀਆਂ ਹੁੰਦੀਆਂ ਰਹੀਆਂ ਹਨ ਉੱਥੇ ਹੀ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਵਿਚ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਇਨ੍ਹਾਂ ਚੋਣਾਂ ਨੂੰ ਲੈ ਕੇ ਕਥਿਤ ਤੌਰ 'ਤੇ ਦੋ ਧੜਿਆਂ ਵਿਚ ਵੰਡੀ ਹੋਈ ਨਜ਼ਰ ਆਈ 'ਤੇ ਦੋਵਾਂ ਧੜਿਆਂ ਦੀਆਂ ਚੋਣ ਮੀਟਿੰਗਾਂ ਤੋਂ ਬਾਅਦ ਜਿਹੜੇ ਉਮੀਦਵਾਰ ਬਲਾਕ ਸੰਮਤੀ ਮਮਦੋਟ ਅਤੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਨਾਲ ਸਬੰਧਿਤ ਚੋਣ ਮੈਦਾਨ ਵਿਚ ਲਿਆਂਦੇ ਗਏ ਹਨ ਉਹ ਕਾਂਗਰਸ ਪਾਰਟੀ ਦੇ ਉਮੀਦਵਾਰ ਹੋਣ ਦੀ ਥਾਂ ਇਕ ਵਿਸ਼ੇਸ਼ ਵਿਅਕਤੀ ਦੇ ਉਮੀਦਵਾਰ ਹੋਣ ਦੀ ਥਾਂ ਜਨਤਕ ਤੌਰ 'ਤੇ ਇਕ ਵਿਸ਼ੇਸ਼ ਵਿਅਕਤੀ ਦੇ ਉਮੀਦਵਾਰ ਹੋਣ ਦਾ ਅਹਿਸਾਸ ਕਰਵਾ ਰਹੇ ਹਨ | ਭਾਵੇਂ ਸੱਤਾ ਧਿਰ ਆਮ ਆਦਮੀ ਪਾਰਟੀ ਵਲੋਂ ਆਪਣੇ ਉਮੀਦਵਾਰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਐਨ ਆਖ਼ਰੀ ਸਮੇਂ ਵਿਚ ਐਲਾਨ ਕੀਤੇ ਹਨ ਉੱਥੇ ਹੀ ਲੱਖਾਂ ਅੜਚਣਾਂ ਦੇ ਬਾਵਜੂਦ ਵੀ ਸ਼ੋ੍ਰਮਣੀ ਅਕਾਲੀ ਦਲ ਬਾਦਲ ਵਲੋਂ ਸਮਾ ਰਹਿੰਦੇ ਹੋਏ ਹੀ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰ ਦਿੱਤੇ ਸਨ | ਪਰ ਕਿਸੇ ਵੇਲੇ ਭਾਰਤ ਦੇ ਬਹੁਤ ਗਿਣਤੀ ਸੂਬਿਆਂ ਵਿਚ ਰਾਜ ਕਰਨ ਵਾਲੀ ਰਾਸ਼ਟਰੀ ਪਾਰਟੀ ਕਾਂਗਰਸ ਦੀ ਹਾਲਤ ਮੌਜੂਦਾ ਦੌਰ ਵਿਚ ਦੇਸ਼ ਭਰ ਦੇ ਨਾਲ-ਨਾਲ ਹਲਕਾ ਗੁਰੂਹਰਸਹਾਏ ਵਿਚ ਵੀ ਬੇਹੱਦ ਪਤਲੀ ਹੋ ਚੁੱਕੀ ਹੈ | ਦੋ ਧੜਿਆਂ ਵਿਚ ਵੰਡੀ ਹੋਈ ਹਲਕਾ ਕਾਂਗਰਸ ਗੁਰੂਹਰਸਹਾਏ ਦੀ ਲੀਡਰਸ਼ਿਪ ਦਾ ਸਾਰਾ ਜ਼ੋਰ ਪਾਰਟੀ ਦੀ ਬਿਹਤਰੀ ਲਈ ਨਹੀਂ ਸਗੋਂ ਆਪੋ ਆਪਣੇ ਧੜਿਆਂ ਨਾਲ ਸਬੰਧਿਤ ਵਰਕਰਾਂ ਨੂੰ ਟਿਕਟਾਂ ਦਿਵਾਉਣ 'ਤੇ ਲੱਗਾ ਰਿਹਾ 'ਤੇ ਅਖੀਰ ਪਿਛਲੇ ਲੰਬੇ ਸਮੇਂ ਪਾਰਟੀ ਦੇ ਨਾਮ ਨੂੰ ਕਥਿਤ ਤੌਰ 'ਤੇ ਪਾਸੇ ਰੱਖ ਕੇ ਸਿਰਫ਼ ਆਪਣੇ ਨਾਮ 'ਤੇ ਸਿਆਸਤ ਕਰ ਰਹੇ ਇਕ ਧੜ੍ਹੇ ਦੇ ਆਗੂ ਵਲੋਂ ਟਿਕਟਾਂ ਦੀ ਬਾਜ਼ੀ ਮਾਰ ਲਈ ਗਈ | ਭਾਵੇਂ ਉਕਤ ਧੜਾ ਇਕ ਤਰਫ਼ਾਂ ਉਮੀਦਵਾਰੀ ਟਿਕਟਾਂ ਹਾਸਲ ਕਰਨ ਵਿਚ ਤਾਂ ਕਾਮਯਾਬ ਰਿਹਾ ਅਤੇ ਇਸੇ ਨੂੰ ਆਪਣੀ ਪਹਿਲੀ ਜਿੱਤ ਸਮਝ ਕੇ ਖ਼ੁਸ਼ੀ ਵੀ ਮਨਾ ਰਿਹਾ ਹੈ | ਪਰ ਸੰਜੀਦਗੀ ਨਾਲ ਵਿਚਾਰਨ ਵਾਲੀ ਗੱਲ ਇਹ ਹੋਵੇਗੀ ਕਿ ਆਪਸੀ ਪਾਟੋਪਾੜ ਦੀ ਸ਼ਿਕਾਰ ਹਲਕਾ ਕਾਂਗਰਸ ਅਜਿਹੇ ਹਾਲਾਤਾਂ ਵਿਚ ਸੱਤਾ ਧਿਰ ਦਾ ਮੁਕਾਬਲਾ ਕਿਵੇਂ ਕਰ ਪਾਵੇਗੀ | ਕੀ ਉਕਤ ਚੋਣਾਂ ਲਈ ਟਿਕਟਾਂ ਲੈਣ ਤੋਂ ਵਾਂਝੇ ਰਹਿ ਗਏ ਦੂਜੇ ਧੜੇ ਨਾਲ ਜੁੜੀ ਹੋਏ ਵਰਕਰ ਇਨ੍ਹਾਂ ਉਮੀਦਵਾਰਾਂ ਦੀ ਦਿਲੋਂ ਹਮਾਇਤ ਕਰਨਗੇ ਜਾ ਫਿਰ ਉਹ ਵੀ ਆਪਣਾ ਸਿਆਸੀ ਪੈਂਤੜਾ ਵਰਤਦੇ ਹੋਏ ਕਥਿਤ ਪਾਰਟੀ ਉਮੀਦਵਾਰਾਂ ਦੇ ਰਾਹ ਦਾ ਰੋੜਾ ਬਣ ਵਿਰੋਧੀਆਂ ਦੀ ਜਿੱਤ ਦਾ ਸਬੱਬ ਬਣਨਗੇ |