ਅਬੋਹਰ, 21 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)-ਪਹਿਲੀ ਓਪਨ ਗਤਕਾ ਚੈਂਪੀਅਨਸ਼ਿਪ ਅਬੋਹਰ ਇਲਾਕੇ ਵਿਚ ਪਿੰਡ ਬੁਰਜ ਮੁਹਾਰ ਕਾਲੋਨੀ ਦੇ ਖੇਡ ਮੈਦਾਨ ਵਿਖੇ ਕਰਵਾਈ ਜਾਵੇਗੀ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਸਚਿਨਜੀਤ ਸਿੰਘ ਸੰਨ੍ਹੀ ਅਤੇ ਬੁਰਜ ਮੁਹਾਰ ਕਾਲੋਨੀ ਦੇ ਸਰਪੰਚ ਐਡਵੋਕੇਟ ਅਮਨਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਨੌਜਵਾਨਾਂ ਨੂੰ ਆਪਣੇ ਸਿੱਖ ਵਿਰਸੇ ਦੇ ਨਾਲ ਜੋੜਨ ਦੇ ਲਈ ਪਹਿਲੀ ਓਪਨ ਗਤਕਾ ਚੈਂਪੀਅਨਸ਼ਿਪ ਲੜਕੇ ਅਤੇ ਲੜਕੀਆਂ ਦੀ ਬੁਰਜ ਮੁਹਾਰ ਕਾਲੋਨੀ ਦੇ ਖੇਡ ਮੈਦਾਨ ਵਿਖੇ 25 ਅਕਤੂਬਰ ਨੂੰ ਸਵੇਰੇ ਸਾਢੇ 9 ਵਜੇ ਕਰਵਾਈ ਜਾ ਰਹੀ ਹੈ | ਜਿਸ ਵਿਚ ਜ਼ਿਲ੍ਹਾ ਫ਼ਾਜ਼ਿਲਕਾ ਗਤਕਾ ਐਸੋਸੀਏਸ਼ਨ ਅਤੇ ਬੁਰਜ ਮੁਹਾਰ ਕਾਲੋਨੀ ਦੀ ਪੰਚਾਇਤ ਵਲੋਂ ਵਿਸ਼ੇਸ਼ ਤੌਰ 'ਤੇ ਸਹਿਯੋਗ ਦਿੱਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ 25 ਅਕਤੂਬਰ ਨੂੰ ਹੋਣ ਜਾ ਰਹੀ ਓਪਨ ਗਤਕਾ ਚੈਂਪੀਅਨਸ਼ਿਪ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਸਾਬਕਾ ਕੈਬਨਿਟ ਮੰਤਰੀ ਪ੍ਰਗਟ ਸਿੰਘ ਵਿਧਾਇਕ ਜਲੰਧਰ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਮੂਲੀਅਤ ਕਰਨਗੇ | ਜਿਸ ਵਿਚ ਲੜਕਿਆਂ ਦੇ 14 ਅਤੇ 17 ਸਾਲਾਂ ਉਮਰ ਵਰਗ ਦੇ ਸਿੰਗਲ ਸੋਟੀ ਅਤੇ ਟੀਮ ਫੈਰੀ ਸੋਟੀ ਗਤਕਾ ਮੁਕਾਬਲੇ ਹੋਣਗੇ ਜਦ ਕਿ ਲੜਕੀਆਂ ਦੇ ਉਮਰ 14 ਅਤੇ 17 ਸਾਲਾਂ ਵਰਗ ਵਿਚ ਟੀਮ ਸਿੰਗਲ ਸੋਟੀ ਗਤਕਾ ਮੁਕਾਬਲੇ ਕਰਵਾਏ ਜਾਣਗੇ | ਉਨ੍ਹਾਂ ਇਲਾਕੇ ਦੇ ਸਮੂਹ ਗਤਕਾ ਖਿਡਾਰੀਆਂ ਨੂੰ ਉਕਤ ਓਪਨ ਗਤਕਾ ਚੈਂਪੀਅਨਸ਼ਿਪ ਵਿਚ ਭਾਗ ਲੈਣ ਦੀ ਅਪੀਲ ਕੀਤੀ ਹੈ | ਉਨ੍ਹਾਂ ਦੱਸਿਆ ਕਿ ਉਕਤ ਮੁਕਾਬਲਿਆਂ ਦੇ ਜੇਤੂ ਨੂੰ 3100 ਰੁਪਏ ਨਗਦ ਦੇ ਨਾਲ ਟਰਾਫ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ ਜਦ ਕਿ ਦੂਜੇ ਸਥਾਨ 'ਤੇ ਰਹਿਣ ਵਾਲੇ ਨੂੰ ਗਤਕਾ ਖਿਡਾਰੀ ਨੂੰ 2100 ਰੁਪਏ ਅਤੇ ਤੀਜੇ ਸਥਾਨ 'ਤੇ ਰਹਿਣ ਵਾਲੇ ਨੂੰ 1200 ਨਕਦ ਇਨਾਮ ਦੇ ਨਾਲ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ |