ਮਮਦੋਟ, 21 ਅਕਤੂਬਰ (ਸੁਖਦੇਵ ਸਿੰਘ ਸੰਗਮ)-ਹਿੰਦ ਪਾਕਿ ਜ਼ੀਰੋ ਲਾਈਨ 'ਤੇ ਸਥਿਤ ਪੀਰ ਬਾਬਾ ਬੇਰ ਵਾਲਾ ਦੀ ਦਰਗਾਹ ਪਿੰਡ ਦੋਨਾ ਰਹਿਮਤ ਵਾਲਾ (ਮਮਦੋਟ) ਵਿਖੇ ਸਾਲਾਨਾ ਜੋੜ ਮੇਲਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸ਼ੁਰੂਆਤ ਮੌਕੇ ਬੀ.ਐਸ.ਐਫ ਦੇ ਅਧਿਕਾਰੀਆਂ ਅਤੇ ਪ੍ਰਬੰਧਕਾਂ ਵਲੋਂ ਦਰਗਾਹ 'ਤੇ ਚਾਦਰ ਚੜ੍ਹਾਈ ਗਈ | ਇਸ ਦੌਰਾਨ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਇਸ ਦਰਗਾਹ 'ਤੇ ਮੱਥਾ ਟੇਕਣ ਜਾਣ ਵਾਲੇ ਭਾਰਤੀ ਸ਼ਰਧਾਲੂਆਂ ਦੀ ਸੁਰੱਖਿਆ ਲਈ ਬੀ.ਐਸ.ਐਫ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ | ਇਸ ਮੌਕੇ ਕੰਡਿਆਲੀ ਤਾਰ ਤੋਂ ਭਾਰਤ ਵਾਲੇ ਪਾਸੇ ਪ੍ਰਬੰਧਕਾਂ ਵਲੋਂ ਲੋਕਾਂ ਦੇ ਮਨੋਰੰਜਨ ਲਈ ਪੰਜਾਬੀ ਦੀ ਮਸ਼ਹੂਰ ਦੋਗਾਣਾ ਜੋੜੀ ਅਰਸ਼ਦੀਪ ਚੋਟੀਆਂ ਅਤੇ ਬੀਬਾ ਆਰ ਨੂਰ ਦਾ ਖੁੱਲ੍ਹਾ ਅਖਾੜਾ ਲਗਾਇਆ ਗਿਆ ਸੀ | ਜਿਸ ਦਾ ਲੋਕਾਂ ਨੇ ਖ਼ੂਬ ਅਨੰਦ ਮਾਣਿਆਂ | ਜ਼ਿਕਰਯੋਗ ਹੈ ਕਿ ਉਕਤ ਦਰਗਾਹ 'ਤੇ ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਦਾ ਮੇਲਾ ਮਨਾਇਆ ਜਾਂਦਾ ਹੈ | ਜਿੱਥੇ ਕੁੱਝ ਸਾਲ ਪਹਿਲਾਂ ਤੱਕ ਦੋਹਾਂ ਮੁਲਕਾਂ ਦੇ ਸ਼ਰਧਾਲੂ ਨਤਮਸਤਕ ਹੋਣ ਲਈ ਆਇਆ ਕਰਦੇ ਸਨ, ਪਰ ਕਰੀਬ ਇਕ ਦਹਾਕੇ ਤੋਂ ਭਾਰਤ ਪਾਕਿਸਤਾਨ ਦੇ ਲਗਾਤਾਰ ਵਿਗੜਦੇ ਸੰਬੰਧਾਂ ਦੇ ਚੱਲਦਿਆਂ ਪਾਕਿਸਤਾਨ ਵਲੋਂ ਆਪਣੇ ਲੋਕਾਂ ਦਾ ਇੱਥੇ ਆਉਣਾ ਬੰਦ ਕਰ ਦਿੱਤਾ ਗਿਆ ਹੈ |