ਸੰਗਰੂਰ, 4 ਦਸੰਬਰ (ਸੁਖਵਿੰਦਰ ਸਿੰਘ ਫੁੱਲ)-ਪੰਜਾਬ ਵਿਚ ਨਿੱਜੀ ਅਦਾਰਿਆਂ ਦੇ ਬੋਰਡਾਂ ਉੱਤੇ ਪੰਜਾਬੀ ਲਿਖੇ ਜਾਣ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਨੇ ਕਿਰਤ ਵਿਭਾਗ ਨੂੰ ਜ਼ਿੰਮੇਵਾਰੀ ਸੌਂਪੀ ਹੈ | ਸਰਕਾਰ ਦੇ ਇਸ ਫ਼ੈਸਲੇ ਉੱਤੇ ਖ਼ੁਸ਼ੀ ਪ੍ਰਗਟ ਕਰਦਿਆਂ ਮਾਲਵਾ ਲਿਖਾਰੀ ਸਭਾ ਸੰਗਰੂਰ ਨੇ ਸਹਾਇਕ ਕਿਰਤ ਕਮਿਸ਼ਨਰ ਸੰਗਰੂਰ ਨੂੰ ਮਿਲ ਕੇ ਪੰਜਾਬ ਸਰਕਾਰ ਵਲੋਂ 24 ਮਾਰਚ 2023 ਨੂੰ ਜਾਰੀ ਅਧੀਸੂਚਨਾ ਜਿਸ ਰਾਹੀਂ ਨਿੱਜੀ ਅਦਾਰਿਆਂ ਨੂੰ ਆਪਣੇ ਬੋਰਡ ਪੰਜਾਬੀ ਵਿਚ ਲਿਖਵਾਉਣ ਲਈ ਹਦਾਇਤ ਕੀਤੀ ਗਈ ਸੀ, ਨੂੰ ਲਾਗੂ ਕਰਵਾਉਣ ਲਈ ਅਪੀਲ ਕੀਤੀ ਹੈ | ਸਭਾ ਦੇ ਇੱਕ ਵਫ਼ਦ ਨੇ ਸਬੰਧਤ ਅਧਿਕਾਰੀ ਨੂੰ ਦੱਸਿਆ ਹੈ ਕਿ ਇਸ ਵਿਭਾਗ ਵਲੋਂ ਇਹ ਜ਼ਿੰਮੇਵਾਰੀ ਮਿਲਣ ਦੇ ਬਾਵਜੂਦ ਵੀ ਨਿੱਜੀ ਅਦਾਰਿਆਂ ਦੇ ਬੋਰਡਾਂ ਦੀ ਪੜਤਾਲ ਨਹੀਂ ਕੀਤੀ ਗਈ ਅਤੇ ਨਾ ਹੀ ਕਿਸੇ ਕਸੂਰਵਾਰ ਅਦਾਰਿਆਂ ਨੂੰ ਜੁਰਮਾਨਾ ਕੀਤਾ ਗਿਆ ਹੈ | ਸਿੱਟੇ ਵਜੋਂ ਸੰਗਰੂਰ ਜ਼ਿਲ੍ਹੇ ਦੇ ਬਹੁਤੇ ਨਿੱਜੀ ਅਦਾਰਿਆਂ ਦੇ ਬੋਰਡ ਪੰਜਾਬੀ ਭਾਸ਼ਾ ਤੋਂ ਸੱਖਣੇ ਵਿਖਾਈ ਦੇ ਰਹੇ ਹਨ |