ਲੌਂਗੋਵਾਲ, 3 ਦਸੰਬਰ (ਵਿਨੋਦ, ਖੰਨਾ) - ਸਲਾਈਟ ਡੀਮਡ ਯੂਨੀਵਰਸਿਟੀ ਲੌਂਗੋਵਾਲ ਵਿਖੇ ਪਿਛਲੇ ਦਿਨੀਂ ਕੁੜੀਆਂ ਦੇ ਹੋਸਟਲ ਵਿਖੇ ਵਾਪਰੀ ਚਾਕੂਬਾਜ਼ੀ ਦੀ ਘਟਨਾ ਦਾ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸੋ ਮੋਟੋ ਨੋਟਿਸ ਲਿਆ ਹੈ | ਮਹਿਲਾ ਕਮਿਸ਼ਨ ਨੇ ਜ਼ਿਲ੍ਹਾ ਪੁਲਿਸ ਕਪਤਾਨ ਸੰਗਰੂਰ ਨੂੰ ਪੱਤਰ ਲਿਖ ਕੇ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਅਮਲ ਵਿਚ ਲਿਆਉਣ ਦੇ ਨਿਰਦੇਸ਼ ਦਿੱਤੇ ਹਨ | ਮਹਿਲਾ ਕਮਿਸ਼ਨ ਵਲੋਂ ਐਸ.ਐਸ.ਪੀ. ਨੂੰ ਜਾਰੀ ਪੱਤਰ ਵਿਚ ਲਿਖਿਆ ਗਿਆ ਹੈ ਕਿ ਪਿਛਲੇ ਦਿਨੀਂ ਸੋਸ਼ਲ ਮੀਡੀਆ ਰਾਹੀਂ ਧਿਆਨ ਵਿਚ ਆਇਆ ਹੈ ਕਿ ਸੰਤ ਲੌਂਗੋਵਾਲ ਇੰਸਟੀਚਿਊਟ ਵਿਖੇ ਇਕ ਲੜਕੀ ਦੇ ਗੁਪਤ ਅੰਗ ਵਿਚ ਚਾਕੂ ਮਾਰਨ ਦੀ ਘਟਨਾ ਧਿਆਨ ਵਿਚ ਆਈ ਹੈ ਇਸ ਸਬੰਧ ਵਿਚ ਕਿਸੇ ਸੀਨੀਅਰ ਪੁਲਿਸ ਅਧਿਕਾਰੀ ਤੋਂ 4 ਦਸੰਬਰ ਤੱਕ ਜਾਂਚ ਕਰਵਾ ਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ | ਜ਼ਿਕਰਯੋਗ ਹੈ ਕਿ ਇਹ ਘਟਨਾ 12 ਨਵੰਬਰ ਰਾਤ ਦੀ ਹੈ, ਜਦੋਂ ਇਕ ਲੜਕੀ ਨੇ ਦੂਜੀ ਲੜਕੀ ਦੇ ਕਥਿਤ ਤੌਰ ਤੇ ਪ੍ਰਾਈਵੇਟ ਪਾਰਟ 'ਤੇ ਰਾਤ 1 ਵਜੇ ਦੇ ਕਰੀਬ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਲੜਕੀ ਇਸ ਕਦਰ ਗੰਭੀਰ ਜ਼ਖਮੀ ਹੋ ਗਈ ਕਿ ਲਹੂ ਲੁਹਾਣ ਹੋ ਗਈ ਸੀ | ਇਸ ਦੌਰਾਨ ਵਿਦਿਆਰਥੀਆਂ ਦਾ ਰੋਹ ਫੁੱਟ ਉੱਠਿਆ ਅਤੇ ਵਿਦਿਆਰਥੀ ਦੋਸ਼ੀ ਲੜਕੀ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਨ ਲੱਗੇ | ਘਟਨਾ ਦੀ ਗੰਭੀਰਤਾ ਨੂੰ ਵੇਖਦਿਆਂ ਆਹਲਾ ਪੁਲਿਸ ਅਧਿਕਾਰੀ ਵੀ ਸੰਸਥਾ ਵਿਚ ਪੁੱਜ ਗਏ ਸਨ | ਇਸ ਦੌਰਾਨ ਪ੍ਰਬੰਧਕਾਂ ਵਲੋਂ ਦੋਸ਼ੀ ਲੜਕੀ ਨੂੰ ਕਾਲਜ ਵਿਚੋਂ ਬਰਖ਼ਾਸਤ ਕਰ ਕੇ ਉਸ ਨੰੂ ਉਸ ਦੇ ਮਾਪਿਆਂ ਨੂੰ ਵੀ ਸੌਂਪ ਦਿੱਤਾ ਗਿਆ | ਇਸ ਸਬੰਧ ਵਿਚ ਸਲਾਇਟ ਦੇ ਲੋਕ ਸੰਪਰਕ ਅਧਿਕਾਰੀ ਪ੍ਰੋ. ਵੀ.ਕੇ. ਕੁਕਰੇਜਾ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਪ੍ਰਬੰਧਨ ਸ਼ੁਰੂ ਤੋਂ ਹੀ ਬਹੁਤ ਗੰਭੀਰ ਹੈ | ਘਟਨਾ ਤੋਂ ਤੁਰੰਤ ਬਾਅਦ ਕਮੇਟੀ ਦਾ ਗਠਨ ਕਰ ਕੇ ਦੋਸ਼ੀ ਲੜਕੀ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ ਅਤੇ ਉਸ ਦੇ ਖ਼ਿਲਾਫ਼ ਸਖ਼ਤ ਵਿਭਾਗੀ ਕਦਮ ਉਠਾਏ ਗਏ ਹਨ | ਉਨ੍ਹਾਂ ਦੱਸਿਆ ਕਿ ਸਮੁੱਚੇ ਮਾਮਲੇ ਨੂੰ ਆਹਲਾ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿਚ ਨਜਿੱਠਿਆ ਗਿਆ ਸੀ | ਫੇਰ ਵੀ ਜੇਕਰ ਮਹਿਲਾ ਕਮਿਸ਼ਨ ਨੇ ਇਸ ਘਟਨਾ ਦਾ ਨੋਟਿਸ ਲਿਆ ਹੈ ਤਾਂ ਸਲਾਈਟ ਪ੍ਰਬੰਧਨ ਜਾਂਚ ਵਿਚ ਹਰ ਤਰ੍ਹਾਂ ਦੇ ਸਹਿਯੋਗ ਲਈ ਤਿਆਰ ਹੈ |