ਸੰਗਰੂਰ, 3 ਦਸੰਬਰ (ਦਮਨਜੀਤ ਸਿੰਘ) - ਜ਼ਿਲ੍ਹਾ ਸੰਗਰੂਰ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ | ਡੀ.ਐਸ.ਪੀ ਸੰਗਰੂਰ ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਕਿ ਐਸ.ਐਸ.ਪੀ ਸੰਗਰੂਰ ਸਰਤਾਜ ਸਿੰਘ ਚਾਹਲ ਦੀ ਅਗਵਾਈ ਹੇਠ ਸਬ ਡਵੀਜ਼ਨ ਸੰਗਰੂਰ ਅਧੀਨ ਆਉਂਦੇ ਥਾਣਾ ਸਦਰ, ਸਿਟੀ ਅਤੇ ਸਿਟੀ-1 ਦੀ ਪੁਲਿਸ ਵਲੋਂ ਨਵੰਬਰ ਮਹੀਨੇ ਦੌਰਾਨ ਐਨ.ਡੀ.ਪੀ.ਐਸ ਐਕਟ ਤਹਿਤ 13 ਮੁਕੱਦਮੇ ਦਰਜ ਕਰ ਕੇ 18 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ | ਜਿਨ੍ਹਾਂ ਪਾਸੋਂ 171 ਗ੍ਰਾਮ ਹੈਰੋਇਨ (ਚਿੱਟਾ), 10 ਨਸ਼ੀਲੇ ਟੀਕੇ, 345 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਅਤੇ ਇਸੇ ਤਰ੍ਹਾਂ ਹੀ ਆਬਕਾਰੀ ਐਕਟ ਅਧੀਨ 5 ਮੁਕੱਦਮੇ ਦਰਜ ਕਰ ਕੇ 6 ਵਿਅਕਤੀਆਂ ਗਿ੍ਫ਼ਤਾਰ ਕੀਤਾ ਗਿਆ ਜਿਨ੍ਹਾਂ ਪਾਸੋਂ 121 ਬੋਤਲਾਂ ਸ਼ਰਾਬ ਦੇਸੀ ਬਰਾਮਦ ਕਰਵਾਈਆਂ ਗਈਆਂ | ਡੀ.ਐਸ.ਪੀ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਪਹਿਲਾਂ ਦਰਜ ਹੋਏ ਮੁਕੱਦਮਿਆਂ ਵਿਚ ਵੀ 78 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਅਤੇ ਨਸ਼ੇ ਦੇ ਦਲਦਲ ਵਿਚ ਫਸੇ 31 ਵਿਅਕਤੀਆਂ ਨੂੰ ਦਵਾਈ ਦਿਵਾਈ ਗਈ ਅਤੇ 6 ਨੂੰ ਦਾਖਲ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 463 ਵਾਹਨਾਂ ਦੇ ਚਾਲਾਨ ਕੀਤੇ ਗਏ ਅਤੇ 74 ਵਿਅਕਤੀਆਂ ਦੇ ਖ਼ਿਲਾਫ਼ ਰੋਕੂ ਕਰਵਾਈ ਅਮਲ ਨਿਪਟਾਰਾ ਕੀਤਾ ਗਿਆ | ਡੀ.ਐਸ.ਪੀ ਨੇ ਦੱਸਿਆ ਕਿ ਸਬ ਡਵੀਜ਼ਨ ਸੰਗਰੂਰ ਪੁਲਿਸ ਵਲੋਂ ਸਮੇਂ ਸਮੇਂ ਸਿਰ ਸ਼ਹਿਰ ਦੀਆਂ ਭੀੜ ਭਾੜ ਵਾਲੀਆ ਥਾਵਾਂ ਦੀ ਅਚਨਚੇਤ ਚੈਕਿੰਗ ਕੀਤੀ ਜਾਂਦੀ ਹੈ |