ਸੰਗਰੂਰ 'ਚ 6.98 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਸਵੀਮਿੰਗ ਪੂਲ ਦਾ ਨਿਰਮਾਣ ਕਾਰਜ ਚਾਰ ਸਾਲ ਵਿਚ ਵੀ ਨਾ ਹੋ ਸਕਿਆ ਮੁਕੰਮਲ
ਅਜੀਤ ਡੈਸਕ
04-12-2025
ਸੰਗਰੂਰ, 3 ਦਸੰਬਰ (ਧੀਰਜ ਪਸ਼ੌਰੀਆ)-ਸੂਬਾ ਸਰਕਾਰ ਇੱਕ ਪਾਸੇ ਪੰਜਾਬ ਨੂੰ ਖੇਡਾਂ ਦੀ ਦੁਨੀਆ ਵਿਚ ਸਿਖ਼ਰਾਂ ਤੇ ਲੈ ਜਾਣ ਦੀਆਂ ਗੱਲਾਂ ਕਰਦੀ ਹੈ ਪਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਵਿਚ ਨਵੇਂ ਸਿਰਿਓਾ ਬਣਾਏ ਜਾ ਰਹੇ ਸਵਿਮਿੰਗ ਪੂਲ ਦਾ ਕੰਮ ਚਾਰ ਸਾਲ ਤੋਂ ਲਗਾਤਾਰ ਲਟਕਣ ਕਾਰਨ ਜ਼ਿਲ੍ਹਾ ਸੰਗਰੂਰ ਦੇ ਤੈਰਾਕ ਲੰਮੇ ਸਮੇਂ ਤੋਂ ਪ੍ਰੈਕਟਿਸ ਤੋਂ ਵਾਂਝੇ ਹਨ ਜਿਸ ਕਾਰਨ ਜ਼ਿਲ੍ਹੇ ਦਾ ਤੈਰਾਕੀ ਪ੍ਰਾਪਤੀਆਂ ਦਾ ਸਕੋਰ ਬੋਰਡ ਸਿਖ਼ਰਾਂ ਤੋਂ ਜ਼ੀਰੋ 'ਤੇ ਪਹੁੰਚ ਗਿਆ ਹੈ | ਜ਼ਿਕਰਯੋਗ ਹੈ ਕਿ 6.98 ਕਰੋੜ ਰੁਪਏ ਦੀ ਲਾਗਤ ਦਾ ਸਵਿਮਿੰਗ ਪੂਲ ਦੇ ਨਿਰਮਾਣ ਦਾ ਕੰਮ ਸਤੰਬਰ 2021 ਵਿਚ ਸ਼ੁਰੂ ਹੋਇਆ ਸੀ ਜਿਸ ਨੂੰ ਡੇਢ ਸਾਲ ਵਿਚ ਮੁਕੰਮਲ ਕੀਤਾ ਜਾਣਾ ਸੀ ਪਰ ਇੱਕ ਪਾਸੇ ਨਿਰਮਾਣ ਏਜੰਸੀ ਦੀ ਢਿੱਲੀ ਕਾਰਗੁਜ਼ਾਰੀ ਦੂਜੇ ਪਾਸੇ ਸਵਿਮਿੰਗ ਪੂਲ ਦਾ ਲੋੜੀਂਦਾ ਸਮਾਨ ਜੋ ਇਟਲੀ ਤੋਂ ਆਉਣਾ ਸੀ, ਦੋ ਸਾਲ ਕਸਟਮ ਵਿਭਾਗ ਕੋਲ ਧੂੜ ਛੱਕਦਾ ਰਿਹਾ, ਦੇਰੀ ਦੇ ਵੱਡੇ ਕਾਰਨ ਬਣੇ | ਬੇਸ਼ੱਕ ਇਹ ਸਮਾਨ ਤਾਂ ਸਤੰਬਰ 2024 ਵਿਚ ਪਹੁੰਚ ਗਿਆ ਪਰ ਕੰਮ ਫਿਰ ਵੀ ਕੀੜੀ ਦੀ ਤੋਰ ਹੀ ਚੱਲਦਾ ਰਿਹਾ ਜਿਸ ਕਾਰਨ ਲੋਕ ਨਿਰਮਾਣ ਵਿਭਾਗ ਵਲੋਂ ਨਿਰਮਾਣ ਏਜੰਸੀ ਨੂੰ 70 ਲੱਖ ਰੁਪਏ ਜੁਰਮਾਨਾ ਕੀਤਾ ਗਿਆ |
ਜ਼ਿਲ੍ਹੇ ਦੇ ਤੈਰਾਕਾਂ ਦੀ ਪ੍ਰੈਕਟਿਸ ਹੋਈ ਬੰਦ, ਜ਼ਿਲ੍ਹੇ ਦੀਆਂ ਪ੍ਰਾਪਤੀਆਂ ਦਾ ਸਕੋਰ ਬੋਰਡ ਸਿਖ਼ਰਾਂ ਤੋਂ ਜ਼ੀਰੋ 'ਤੇ ਪਹੁੰਚਿਆਂ
ਪਿਛਲੇ ਚਾਰ ਸਾਲਾਂ ਤੋਂ ਵੱਧ ਸਮੇਂ ਤੋਂ ਵਾਰ ਹੀਰੋਜ਼ ਸਟੇਡੀਅਮ ਵਿਚ ਤੈਰਾਕਾਂ ਦੀ ਪ੍ਰੈਕਟਿਸ ਬੰਦ ਹੋਣ ਕਾਰਨ ਤੈਰਾਕ ਨਿਰਾਸ਼ ਹਨ ਅਤੇ ਉਨ੍ਹਾਂ ਦੇ ਮਾਪੇ ਪ੍ਰੇਸ਼ਾਨ ਹਨ | ਸੰਗਰੂਰ ਵਾਸੀ ਭਾਸਕਰ ਰਤਨ ਨੇ ਦੱਸਿਆ ਕਿ ਉਸ ਦੇ ਬੇਟੇ ਰਘਬੀਰ ਰਤਨ ਨੇ ਸਕੂਲ ਦੀ ਪੜ੍ਹਾਈ ਦੌਰਾਨ ਦਸਵੀਂ ਜਮਾਤ ਤੱਕ ਤੈਰਾਕੀ ਵਿਚ ਚੰਗੀਆਂ ਪ੍ਰਾਪਤੀਆਂ ਕੀਤੀਆਂ ਹਨ ਪਰ ਹੁਣ ਉਹ ਬੀ.ਏ ਫਾਈਨਲ ਦੀ ਪੜ੍ਹਾਈ ਕਰ ਰਿਹਾ ਹੈ, ਸਵਿਮਿੰਗ ਪੂਲ ਦੀ ਸਹੂਲਤ ਨਾ ਮਿਲਣ ਕਾਰਨ ਉਸ ਦੇ ਸੁਪਨੇ ਅਧੂਰੇ ਰਹਿ ਗਏ ਹਨ, ਕਈ ਮਾਪਿਆਂ ਨੇ ਦੱਸਿਆ ਕਿ ਪ੍ਰਾਈਵੇਟ ਸਵਿਮਿੰਗ ਪੂਲਾਂ ਦੀ ਫ਼ੀਸ ਬਹੁਤ ਜ਼ਿਆਦਾ ਹੈ ਜਿਸ ਕਾਰਨ ਉਹ ਆਪਣੇ ਬੱਚਿਆਂ ਨੂੰ ਉੱਥੇ ਭੇਜਣ ਤੋਂ ਅਸਮਰਥ ਹਨ | ਕੋਚ ਬਲਬੀਰ ਸਿੰਘ ਜੋ 1990 ਤੋਂ ਇੱਥੇ ਸੇਵਾਵਾਂ ਨਿਭਾ ਰਹੇ ਹਨ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੰਗਰੂਰ ਦੇ ਤੈਰਾਕਾਂ ਨੇ ਪੰਜਾਬ ਚੈਂਪੀਅਨਸ਼ਿਪ ਜਿੱਤਣ ਤੋਂ ਲੈ ਕੇ ਕਾਮਨਵੈਲਥ ਤੱਕ ਫ਼ਤਿਹ ਦੇ ਝੰਡੇ ਗੱਡੇ ਹਨ | ਇੱਥੋਂ ਦੇ ਤੈਰਾਕ ਵਰਲਡ ਸਕੂਲ ਅਤੇ ਏਸ਼ੀਅਨ ਖੇਡਾਂ ਵਿਚ ਵੀ ਵਧੀਆਂ ਪ੍ਰਦਰਸ਼ਨ ਕਰ ਚੁੱਕੇ ਹਨ ਪਰ ਹੁਣ ਸਵਿਮਿੰਗ ਪੂਲ ਦਾ ਨਿਰਮਾਣ ਕਾਰਜ ਲਟਕਣ ਕਾਰਨ 70 ਦੇ ਕਰੀਬ ਤੈਰਾਕ ਪ੍ਰੈਕਟਿਸ ਤੋਂ ਵਾਂਝੇ ਹਨ ਜਿਸ ਕਾਰਨ ਜ਼ਿਲ੍ਹਾ ਸੰਗਰੂਰ ਦਾ ਤੈਰਾਕੀ ਪ੍ਰਾਪਤੀਆਂ ਦਾ ਸਕੋਰ ਸਿਖ਼ਰਾਂ ਤੋਂ ਜ਼ੀਰੋ 'ਤੇ ਪਹੁੰਚ ਗਿਆ |
ਸਵਿਮਿੰਗ ਪੂਲ ਦਾ ਨਿਰਮਾਣ ਕਾਰਜ ਮਿੱਥੇ ਸਮੇਂ ਵਿਚ ਮੁਕੰਮਲ ਨਾ ਹੋਣਾ ਸਮੇਂ ਦੀਆਂ ਸਰਕਾਰਾਂ ਦੀ ਨਲਾਇਕੀ
ਇਸ ਸਬੰਧੀ ਸ਼ੋ੍ਰਮਣੀ ਅਕਾਲੀ ਦੇ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਭਾਜਪਾ ਦੇ ਸੀਨੀਅਰ ਆਗੂ ਰਣਦੀਪ ਸਿੰਘ ਦਿਓਲ, ਉੱਘੇ ਵਕੀਲ ਸੁਰਜੀਤ ਸਿੰਘ ਗਰੇਵਾਲ, ਐਡਵੋਕੇਟ ਲਲਿਤ ਕੁਮਾਰ ਗਰਗ, ਐਡਵੋਕੇਟ ਅਜੇਪਾਲ ਸਿੰਘ ਅਕੋਈ ਦਾ ਕਹਿਣਾ ਕਿ ਮਿੱਥੇ ਸਮੇਂ ਡੇਢ ਸਾਲ ਵਿਚ ਸਵਿਮਿੰਗ ਪੂਲ ਦੇ ਨਿਰਮਾਣ ਕਾਰਜ ਦਾ ਕੰਮ ਮੁਕੰਮਲ ਨਾ ਹੋਣਾ ਸਮੇਂ ਦੀਆਂ ਸਰਕਾਰਾਂ ਦੀ ਨਲਾਇਕੀ ਹੈ | ਇਸੇ ਨਲਾਇਕੀ ਕਾਰਨ ਜ਼ਿਲ੍ਹੇ ਸੰਗਰੂਰ ਦੇ ਕਈ ਤੈਰਾਕਾਂ ਦੀ ਕਾਬਲੀਅਤ, ਪ੍ਰੈਕਟਿਸ ਕਰਨ ਦਾ ਮੌਕਾ ਨਾ ਮਿਲਣ ਕਾਰਨ ਅੰਦਰ ਹੀ ਛੁਪੀ ਰਹਿ ਗਈ ਹੈ, ਬੇਸ਼ੱਕ ਵਿਭਾਗ ਵਲੋਂ ਠੇਕੇਦਾਰ ਨੂੰ ਜੁਰਮਾਨਾ ਕੀਤਾ ਗਿਆ ਪਰ ਇਸ ਨਾਲ ਜ਼ਿਲ੍ਹੇ ਤੈਰਾਕ ਪ੍ਰੈਕਟਿਸ ਦੀ ਕਮੀ ਕਾਰਨ ਪ੍ਰਤੀਯੋਗਤਾਵਾਂ ਵਿਚ ਵਧੀਆਂ ਪ੍ਰਦਰਸ਼ਨ ਕਰਨ ਤੋਂ ਵਾਂਝੇ ਰਹਿ ਗਏ ਹਨ |
ਕੀ ਕਹਿੰਦੇ ਹਨ ਵਿਭਾਗ ਦੇ ਅਧਿਕਾਰੀ
ਇਸ ਸਬੰਧੀ ਜਦ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਸ੍ਰੀ ਅਜੇ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕੋਈ ਸ਼ੱਕ ਨਹੀਂ ਕਿ ਨਿਰਮਾਣ ਕਾਰਜ ਡੇਢ ਸਾਲ ਵਿਚ ਮੁਕੰਮਲ ਹੋ ਜਾਣਾ ਚਾਹੀਦਾ ਸੀ, ਪਰ ਹੁਣ ਕੰਮ ਤੇਜ਼ੀ ਨਾਲ ਹੋ ਰਿਹਾ ਹੈ | ਸਵਿਮਿੰਗ ਪੂਲ ਦਾ ਕੰਮ ਮਾਰਚ 2026 ਤੱਕ ਮੁਕੰਮਲ ਹੋ ਜਾਵੇਗਾ |