27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

5 ਦਹਾਕਿਆਂ ਤੋਂ ਜੀਵਨ ਬਸਰ ਕਰ ਰਹੇ ਝੁੱਗੀਆਂ ਵਾਲਿਆਂ ਦੇ ਰੈਣ ਬਸੇਰਿਆਂ ਨੂੰ ਪ੍ਰਸ਼ਾਸਨ ਨੇ ਖ਼ਾਲੀ ਕਰਵਾਇਆ

ਆਪਣੇ ਰੈਣ ਬਸੇਰਿਆਂ ਨੂੰ ਉਖਾੜਦੇ ਹੋਏ ਅਤੇ ਜਾਣਕਾਰੀ ਦਿੰਦੇ ਹੋਏ ਝੁੱਗੀਆਂ ਵਾਲੇ, ਮੌਕੇ 'ਤੇ ਪੁੱਜੀ ਹੋਈ ਪੁਲਿਸ ਫੋਰਸ ਅਤੇ ਜਾਣਕਾਰੀ ਦਿੰਦੇ ਹੋਏ ਗੁਰਮੀਤ ਕੁਮਾਰ ਬਾਂਸਲ ਡਿਊਟੀ ਮੈਜਿਸਟਰੇਟ | ਤਸਵੀਰ: ਮੁਹੰਮਦ ਹਨੀਫ਼ ਥਿੰਦ <br/> 25-09-2025
ਮਲੇਰਕੋਟਲਾ, 24 ਸਤੰਬਰ (ਮੁਹੰਮਦ ਹਨੀਫ਼ ਥਿੰਦ) - ਸਥਾਨਕ ਟਰੱਕ ਯੂਨੀਅਨ ਦੇ ਨਜ਼ਦੀਕ ਖ਼ਾਲੀ ਪਈ ਕਈ ਏਕੜ ਜ਼ਮੀਨ 'ਤੇ ਪਿਛਲੇ ਕਰੀਬ 5 ਦਹਾਕਿਆਂ ਤੋਂ ਝੁੱਗੀ-ਝੌਂਪੜੀਆਂ ਬਣਾ ਕੇ ਆਪਣਾ ਜੀਵਨ ਬਸ਼ਰ ਕਰ ਰਹੇ ਝੁੱਗੀਆਂ ਵਾਲਿਆਂ ਦੇ ਰੈਣ ਬਸੇਰਿਆਂ 'ਤੇ ਕਾਰਵਾਈ ਕਰਦਿਆਂ ਮਲੇਰਕੋਟਲਾ ਪ੍ਰਸ਼ਾਸਨ ਵਲੋਂ ਖ਼ਾਲੀ ਕਰਵਾਇਆ ਗਿਆ ਹੈ | ਝੁੱਗੀ-ਝੌਂਪੜੀਆਂ ਨੂੰ ਖ਼ਾਲੀ ਕਰਵਾਉਣ ਲਈ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਸਮੇਤ ਪੁੱਜੇ ਡਿਊਟੀ ਮੈਜਿਸਟਰੇਟ ਜਨਾਬ ਗੁਰਮੀਤ ਕੁਮਾਰ ਬਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਮਲੇਰਕੋਟਲਾ ਜਨਾਬ ਵਿਰਾਜ ਐਸ. ਤਿੜਕੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਝੁੱਗੀਆਂ ਵਾਲਿਆਂ ਨੂੰ ਇੱਥੋਂ ਹਟਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਇਹ ਜਗਾ ਪੰਜਾਬ ਸਰਕਾਰ ਦੀ ਹੈ, ਜਿਸ ਦੀ ਮਲਕੀਅਤ ਐਜੂਕੇਸ਼ਨ ਵਿਭਾਗ ਅਤੇ ਰੇਵੇਨਿਊ ਵਿਭਾਗ ਦੀ ਹੈ | ਜਿਸ 'ਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ ਹੈ | ਉੱਧਰ ਝੁੱਗੀ-ਝੌਂਪੜੀਆਂ ਵਾਲਿਆਂ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਹ ਇੱਥੇ ਪਿਛਲੇ ਕਈ ਦਹਾਕਿਆਂ ਤੋਂ ਇੱਥੇ ਰਹਿ ਰਹੇ ਸਨ ਅਤੇ ਇੱਥੇ ਹੀ ਉਨ੍ਹਾਂ ਦੀਆਂ ਵੋਟਾਂ ਅਤੇ ਆਧਾਰ ਕਾਰਡ ਬਣੇ ਹੋਏ ਹਨ | ਉਨ੍ਹਾਂ ਦੱਸਿਆ ਕਿ ਉਹ ਬਹੁਤ ਗ਼ਰੀਬ ਲੋਕ ਹਨ, ਪਰੰਤੂ ਮਲੇਰਕੋਟਲਾ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਝੁੱਗੀਆਂ ਚੁੱਕਣ ਲਈ ਪਹਿਲਾਂ ਸੂਚਿਤ ਨਹੀਂ ਕੀਤਾ, ਬਲਕਿ ਅੱਜ ਇਕਦਮ ਹੀ ਪ੍ਰਸ਼ਾਸਨ ਵਲੋਂ ਉਨ੍ਹਾਂ ਦੀਆਂ ਝੁੱਗੀਆਂ ਦੇ ਜੇ.ਸੀ.ਬੀ. ਮਸ਼ੀਨ ਨਾਲ ਝੁੱਗੀਆਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਤਾਂ ਫੇਰ ਸਾਰੇ ਮਾਹੌਲ ਤੋਂ ਬਾਦ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਝੁੱਗੀਆਂ ਹਟਾਉਣ ਲਈ 2 ਘੰਟਿਆਂ ਦਾ ਸਮਾਂ ਦਿੱਤਾ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਉਹ ਗ਼ਰੀਬ ਲੋਕ ਹਨ, ਇਸ ਲਈ ਉਨ੍ਹਾਂ ਨੂੰ ਰਹਿਣ ਦੇ ਲਈ ਮਕਾਨ ਬਣਵਾ ਕੇ ਦਿੱਤੇ ਜਾਣ | ਉਨ੍ਹਾਂ ਕਿਹਾ ਉਹ ਹੁਣ ਨਾ ਘਰ ਦੇ ਰਹੇ ਨਾ ਘਾਟ ਦੇ ਰਹੇ, ਹੁਣ ਉਨ੍ਹਾਂ ਦਾ ਸਭ ਕੁੱਝ ਉੱਜੜ ਗਿਆ ਹੈ ਅਤੇ ਕਿਉਂਕਿ ਹੁਣ ਗ਼ਰੀਬ ਲੋਕਾਂ ਦੇ ਸਿਰ ਤੇ ਛੱਤ ਵੀ ਨਹੀਂ ਰਹੀ | ਉਹ ਆਪਣੇ ਵਿਲਕਦੇ ਬੱਚਿਆਂ ਅਤੇ ਬਿਮਾਰ ਬਜ਼ੁਰਗਾਂ ਨੂੰ ਕਿੱਥੇ ਲੈਕੇ ਜਾਣ | ਇਸ ਮੌਕੇ ਡਿਊਟੀ ਮੈਜਿਸਟਰੇਟ ਜਨਾਬ ਗੁਰਮੀਤ ਕੁਮਾਰ ਬਾਂਸਲ ਐੱਸ.ਡੀ.ਐੱਮ. ਮਲੇਰਕੋਟਲਾ, ਸੁਰਿੰਦਰ ਕੌਰ ਐੱਸ.ਡੀ.ਐੱਮ. ਅਮਰਗੜ੍ਹ, ਐੱਸ.ਪੀ.ਐੱਚ. ਗੁਰਸ਼ਨਜੀਤ ਸਿੰਘ ਸਿੱਧੂ, ਤਹਿਸੀਲਦਾਰ ਰੀਤੂ ਗੁਪਤਾ, ਨਾਇਬ ਤਹਿਸੀਲਦਾਰ ਸੁਖਵਿੰਦਰ ਸਿੰਘ, ਡਾਕਟਰ ਮਾਨਵਜੀਤ ਸਿੰਘ ਸਿੱਧੂ ਡੀ.ਐੱਸ.ਪੀ, ਡੀ.ਐਸ.ਪੀ. ਸਤੀਸ਼ ਕੁਮਾਰ, ਇੰਸਪੈਕਟਰ ਹਰਜਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼ ਮਾਹੋਰਾਣਾ, ਇੰਸੈਕਟਰ ਗੁਰਪ੍ਰੀਤ ਕੌਰ ਥਾਣਾ ਮੁਖੀ ਸਿਟੀ-2 ਤੋਂ ਇਲਾਵਾ ਨਗਰ ਕੌਂਸਲ ਮਲੇਰਕੋਟਲਾ ਦੇ ਅਧਿਕਾਰੀ ਮੌਜੂਦ ਸਨ |
ਪਿਛਲੀ ਖ਼ਬਰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਨੇ ਪ੍ਰਧਾਨ ਮੰਤਰੀ ਦੇ ਨਾਂਅ ਭੇਜਿਆ ਮੰਗ ਪੱਤਰ ਅਗਲੀ ਖ਼ਬਰ ਭਾਈਚਾਰਕ ਤਾਲਮੇਲ ਮੰਚ ਨੇ ਪੂਨਾ ਪੈਕਟ ਨੂੰ ਧਿਰਕਾਰ ਦਿਵਸ ਵਜੋਂ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।