ਕੋਟ ਈਸੇ ਖਾਂ, 22 ਅਕਤੂਬਰ (ਗੁਰਮੀਤ ਸਿੰਘ ਖਾਲਸਾ)-ਸਥਾਨਕ ਸ਼ਹਿਰ ਦੇ ਸ੍ਰੀ ਅੰਮਿ੍ਤਸਰ ਸਾਹਿਬ ਰੋਡ 'ਤੇ ਲੰਘੇ ਮੰਗਲਵਾਰ ਦੀਵਾਲੀ ਦੀ ਰਾਤ ਮੌਕੇ ਕਬਾੜ ਦੀ ਦੁਕਾਨ ਦੇ ਅੰਦਰ ਭਿਆਨਕ ਅੱਗ ਲੱਗ ਗਈ | ਜਾਣਕਾਰੀ ਅਨੁਸਾਰ ਗੁਰਦੁਆਰਾ ਭਾਈ ਲਾਲੋ ਜੀ ਤੋਂ ਅੱਗੇ ਆਧਾਰ ਸ਼ਾਪ ਦੇ ਨਜ਼ਦੀਕ ਦੁਕਾਨਦਾਰ ਰਮਨ ਗੁੰਬਰ ਵਲੋਂ ਕਿਰਾਏ ਦੀ ਲਈ ਹੋਈ ਜਗ੍ਹਾ 'ਚ ਕਬਾੜ ਦੀ ਦੁਕਾਨ ਹੈ ਤੇ ਰਾਤ 9.45 ਦੇ ਕਰੀਬ ਚਾਰਦੀਵਾਰੀ ਦੇ ਅੰਦਰ ਪਏ ਕਬਾੜ ਦੇ ਸਾਮਾਨ ਨੂੰ ਭਿਆਨਕ ਅੱਗ ਲੱਗ ਗਈ | ਉਸ ਸਮੇਂ ਆਸ ਪਾਸ ਚੱਲਦੀ ਆਤਿਸ਼ਬਾਜ਼ੀ ਨੂੰ ਅੱਗ ਲੱਗਣ ਦਾ ਕਾਰਨ ਮੰਨਿਆ ਜਾ ਰਿਹਾ ਸੀ | ਨੇੜਲੇ ਲੋਕਾਂ ਵਲੋਂ ਤੁਰੰਤ ਦੁਕਾਨਦਾਰ ਨੂੰ ਸੂਚਿਤ ਕੀਤਾ ਗਿਆ ਤੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਵਿਚ ਜੁੱਟ ਗਏ | ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਕੋਟ ਈਸੇ ਖਾਂ ਦੀ ਪੁਲਿਸ ਪਾਰਟੀ ਵੀ ਮੌਕੇ 'ਤੇ ਪੁੱਜ ਗਈ | ਮੌਕੇ 'ਤੇ ਪੁੱਜੀਆਂ ਫਾਇਰ ਬਿ੍ਗੇਡ ਦੀਆਂ ਗੱਡੀਆਂ ਵਲੋਂ ਕਰੀਬ 3 ਘੰਟੇ ਦੀ ਮਸ਼ੱਕਤ ਨਾਲ ਅੱਗ 'ਤੇ ਕਾਬੂ ਪਾਇਆ ਜਾ ਸਕਿਆ | ਦੁਕਾਨ ਮਾਲਕ ਰਮਨ ਗੁੰਬਰ ਮੁਤਾਬਕ ਪਲਾਸਟਿਕ, ਤਾਂਬਾ ਤੇ ਹੋਰ ਸਮਾਨ ਸੜ ਜਾਣ ਨਾਲ ਉਸ ਦਾ ਕਾਫੀ ਨੁਕਸਾਨ ਹੋਇਆ ਹੈ |