ਪੰਜਾਬ ਦੀ ਜਵਾਨੀ ਦਾ ਘਾਣ ਕਰਨ ਵਾਲੀ ਕਾਂਗਰਸ ਨੂੰ ਜਵਾਨੀ ਸੰਭਾਲਣ ਦੀਆਂ ਗੱਲਾਂ ਕਰਨਾ ਸ਼ੋਭਾ ਨਹੀਂ ਦਿੰਦਾ ਜਸਵਿੰਦਰ ਸਿੰਘ ਸਿੱਧੂ
ਕਾਂਗਰਸ ਪਹਿਲਾਂ ਆਪਣੀ ਪਾਰਟੀ ਨੂੰ ਸੰਭਾਲ ਲਵੇ, ਪੰਜਾਬ ਨੂੰ ਸੰਭਾਲਣਾ ਤਾਂ ਬਹੁਤ ਦੂਰ ਦੀ ਗੱਲ ਹੈ
ਕਿਸ਼ਨਪੁਰਾ ਕਲਾਂ, 12 ਨਵੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਧਰਮਕੋਟ ਤੋਂ ਆਗੂ ਜਸਵਿੰਦਰ ਸਿੰਘ ਸਿੱਧੂ ਨੇ ਗੱਲਬਾਤ ਕਰਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਪੰਜਾਬ ਦੀ ਜਵਾਨੀ ਨੂੰ ਸੰਭਾਲਣ ਦੇ ਨਾਂਅ ਹੇਠ ਸ਼ੁਰੂ ਕੀਤੀ ਜਾ ਰਹੀ ਸਾਈਕਲ ਯਾਤਰਾ ‘ਤੇ ਤਿੱਖੇ ਸਿਆਸੀ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਦਾ ਘਾਣ ਕਰਨ ਵਾਲੀ ਕਾਂਗਰਸ ਪਾਰਟੀ ਦੇ ਆਗੂਆਂ ਵਲੋਂ ਅੱਜ ਜਵਾਨੀ ਨੂੰ ਸੰਭਾਲਣ ਦੀਆਂ ਗੱਲਾਂ ਕਰਨਾ ਉਨ੍ਹਾਂ ਦੇ ਮੂੰਹ ਨਹੀਂ ਜਚਦਾ।
ਕਿਸ਼ਨਪੁਰਾ ਕਲਾਂ, 12 ਨਵੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਧਰਮਕੋਟ ਤੋਂ ਆਗੂ ਜਸਵਿੰਦਰ ਸਿੰਘ ਸਿੱਧੂ ਨੇ ਗੱਲਬਾਤ ਕਰਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਪੰਜਾਬ ਦੀ ਜਵਾਨੀ ਨੂੰ ਸੰਭਾਲਣ ਦੇ ਨਾਂਅ ਹੇਠ ਸ਼ੁਰੂ ਕੀਤੀ ਜਾ ਰਹੀ ਸਾਈਕਲ ਯਾਤਰਾ ‘ਤੇ ਤਿੱਖੇ ਸਿਆਸੀ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਦਾ ਘਾਣ ਕਰਨ ਵਾਲੀ ਕਾਂਗਰਸ ਪਾਰਟੀ ਦੇ ਆਗੂਆਂ ਵਲੋਂ ਅੱਜ ਜਵਾਨੀ ਨੂੰ ਸੰਭਾਲਣ ਦੀਆਂ ਗੱਲਾਂ ਕਰਨਾ ਉਨ੍ਹਾਂ ਦੇ ਮੂੰਹ ਨਹੀਂ ਜਚਦਾ। ਜਸਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਅੱਜ ਖ਼ੁਦ ਅੰਦਰੂਨੀ ਧੜੇਬੰਦੀ ਦਾ ਸ਼ਿਕਾਰ ਹੈ। ਪਾਰਟੀ ਵਿਚ ਪ੍ਰਤਾਪ ਸਿੰਘ ਬਾਜਵਾ ਆਪਣਾ ਵੱਖਰਾ ਧੜਾ ਲੈ ਕੇ ਚੱਲ ਰਹੇ ਹਨ, ਰਾਜਾ ਵੜਿੰਗ ਦਾ ਆਪਣਾ ਧੜਾ ਹੈ ਅਤੇ ਸੁਖਜਿੰਦਰ ਸਿੰਘ ਰੰਧਾਵਾ ਵੀ ਆਪਣੇ ਸਿਆਸੀ ਸਮੀਕਰਨ ਬਣਾਉਣ ਵਿਚ ਲੱਗੇ ਹੋਏ ਹਨ। ਨਵੇਂ ਬਣੇ ਪ੍ਰਧਾਨ ਪਰਗਟ ਸਿੰਘ ਵੀ ਆਪਣਾ ਵੱਖਰਾ ਧੜਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਨ੍ਹਾਂ ਸਾਰੇ ਸਿਆਸੀ ਸਮੀਕਰਨਾਂ ਤੋਂ ਉੱਪਰ ਉੱਠ ਕੇ ਆਪਣੀ ਵੱਖਰੀ ਸਾਈਕਲ ਯਾਤਰਾ ਸ਼ੁਰੂ ਕਰਨ ਜਾ ਰਹੇ ਹਨ, ਜਿਸ ਨੂੰ ਪੰਜਾਬ ਦੀ ਜਵਾਨੀ ਸੰਭਾਲਣ ਦਾ ਨਾਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਆਗੂਆਂ ਨੂੰ ਪਹਿਲਾਂ ਆਪਣੇ ਰਾਜ ਦੌਰਾਨ ਪੰਜਾਬ ਦੀ ਜਵਾਨੀ ਨਾਲ ਹੋਏ ਕਥਿਤ ਅਨਿਆਂ ਦਾ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਹੈਲੀਕਾਪਟਰਾਂ ਅਤੇ ਵੱਡੀਆਂ- ਵੱਡੀਆਂ ਡਿਫੈਂਡਰ ਗੱਡੀਆਂ ਵਿਚ ਘੁੰਮਣ ਵਾਲੇ ਸਿਆਸੀ ਆਗੂ ਜਦੋਂ ਸਾਈਕਲਾਂ ‘ਤੇ ਸਵਾਰ ਹੋ ਕੇ ਪੰਜਾਬ ਦੀ ਜਵਾਨੀ ਨੂੰ ਸੰਭਾਲਣ ਦੀਆਂ ਗੱਲਾਂ ਕਰਦੇ ਹਨ ਤਾਂ ਇਹ ਗੱਲ ਹਾਸੋਹੀਣੀ ਜਾਪਦੀ ਹੈ। ਪੰਜਾਬ ਦੀ ਜਵਾਨੀ ਨੂੰ ਸਿਰਫ਼ ਸਾਈਕਲ ਯਾਤਰਾਵਾਂ ਨਾਲ ਨਹੀਂ, ਸਗੋਂ ਇਮਾਨਦਾਰ ਨੀਤੀਆਂ, ਨਸ਼ਿਆਂ ਵਿਰੁੱਧ ਠੋਸ ਕਾਰਵਾਈ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਕੇ ਹੀ ਬਚਾਇਆ ਜਾ ਸਕਦਾ ਹੈ। ਅੰਤ ਵਿਚ ਜਸਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਲਈ ਸਭ ਤੋਂ ਵੱਡੀ ਚੁਨੌਤੀ ਪਹਿਲਾਂ ਆਪਣੀ ਪਾਰਟੀ ਨੂੰ ਸੰਭਾਲਣਾ ਹੈ। ਜਿਹੜੀ ਪਾਰਟੀ ਆਪਣੇ ਅੰਦਰਲੇ ਧੜਿਆਂ ਨੂੰ ਇਕੱਠਾ ਨਹੀਂ ਰੱਖ ਸਕਦੀ, ਉਸ ਵਲੋਂ ਪੰਜਾਬ ਨੂੰ ਸੰਭਾਲਣ ਦੀਆਂ ਗੱਲਾਂ ਕਰਨਾ ਸਿਆਸੀ ਹਾਸੋਹੀਣਾਪਣ ਹੈ।