13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਗੋਭੀ ਦਾ ਖ਼ਰਾਬ ਬੀਜ ਮਿਲਣ ਨਾਲ 5 ਏਕੜ ਗੋਭੀ ਦੀ ਫ਼ਸਲ ਤਬਾਹ <br/>

ਅਜੀਤ ਡੈਸਕ 23-10-2025
ਸਮਾਲਸਰ, 22 ਅਕਤੂਬਰ (ਗੁਰਜੰਟ ਕਲਸੀ ਲੰਡੇ)-ਇੱਥੋਂ ਦੇ 2 ਕਿਸਾਨ ਭਰਾਵਾਂ ਨੇ ਕੰਪਨੀ 'ਤੇ ਗੋਭੀ ਦਾ ਖ਼ਰਾਬ ਬੀਜ ਵੇਚਣ ਦਾ ਦੋਸ਼ ਲਾਇਆ ਹੈ ਜਿਸ ਕਾਰਨ ਉਨ੍ਹਾਂ ਦੀ ਲੱਖਾਂ ਰੁਪਏ ਦੀ ਗੋਭੀ ਦੀ ਫ਼ਸਲ ਤਬਾਹ ਹੋ ਗਈ | ਇੱਥੇ ਸੇਖਾ ਕਲਾਂ ਰੋਡ 'ਤੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਸੁਖਦੇਵ ਸਿੰਘ, ਗੁਰਸੇਵਕ ਸਿੰਘ ਪੁੱਤਰ ਸਰਬਨ ਸਿੰਘ ਨੇ ਬੜੇ ਦੁਖੀ ਹਿਰਦੇ ਨਾਲ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਸਬਜ਼ੀਆਂ ਬੀਜਣ ਦਾ ਧੰਦਾ ਕਰਦੇ ਹਨ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਖ਼ਾਲਸਾ ਨਰਸਰੀ 'ਤੇ ਅਕਸਰ ਬੀਜ ਕੰਪਨੀਆਂ ਵਾਲੇ ਆਪਣੇ ਨਵੇਂ-ਨਵੇਂ ਬੀਜ ਬੀਜਣ ਦੀ ਸਲਾਹ ਦੇਣ ਲਈ ਆਉਂਦੇ ਰਹਿੰਦੇ ਹਨ | ਇਹ ਸਾਲ ਮਈ ਦੇ ਮਹੀਨੇ ਵਿਚ ਗੋਭੀ ਦਾ ਸੈਮੀਨੈਸ 4051 ਕਿਸਮ ਦਾ ਬੀਜ ਵੇਚਣ ਵਾਲੀ ਕੰਪਨੀ ਨੇ ਕੋਟਕਪੂਰਾ ਵਿਚ ਇਕ ਕੈਂਪ ਵੀ ਲਾਇਆ ਸੀ ਅਤੇ ਉਨ੍ਹਾਂ ਨੂੰ ਕੈਂਪ 'ਚ ਹਿੱਸਾ ਲੈਣ ਲਈ ਬੁਲਾਇਆ ਅਤੇ ਉਹ ਗਏ ਸਨ | ਮਗਰੋਂ ਇਸੇ ਹੀ ਕੰਪਨੀ ਦਾ ਬੀਜ ਲੈਣ ਲਈ ਉਨ੍ਹਾਂ ਨੇ ਮੋਗਾ ਦੀ ਨਾਮੀ ਬੀਜਾਂ ਤੋਂ ਦੁਕਾਨ ਤੋਂ ਸੈਮੀਨੈਸ 4051 ਬੀਜ ਲਿਆ | ਕੰਪਨੀ ਦੇ ਕਹਿਣ ਮੁਤਾਬਿਕ ਗੋਭੀ ਦੀ ਇਹ ਕਸਮ 15 ਜੂਨ ਤੋਂ ਬਾਅਦ ਬੀਜਣ ਵਾਲੀ ਗਰਮੀ ਦੀ ਫ਼ਸਲ ਹੈ | ਦੋਨਾਂ ਭਰਾਵਾਂ ਨੇ ਪੰਜ ਏਕੜ 'ਚ ਇਹ ਕਿਸਮ ਲਾਉਣ ਲਈ 22 ਜੂਨ ਨੂੰ ਬੀਜ ਦਿੱਤੀ | ਉਨ੍ਹਾਂ ਦੱਸਿਆ ਕਿ ਇਹ 55 ਦਿਨਾਂ 'ਚ ਪੱਕਣ ਵਾਲੀ ਗਰਮੀ ਦੀ ਕਿਸਮ ਹੈ | ਜਦ ਫ਼ਸਲ ਪੱਕਣ 'ਤੇ ਆਈ ਤਾਂ ਇਸ ਦੇ ਫੁੱਲ ਪੂਰੀ ਤਰ੍ਹਾਂ ਪੀਲੇ ਹੋ ਗਏ ਅਤੇ ਇਹ ਮਸਾਂ ਹੀ ਡੇਢ ਦੋ ਸੌ ਗਰਾਮ ਦੇ ਸਨ ਜਦ ਕਿ ਆਮ ਗੋਭੀ ਦਾ ਫੁੱਲ ਕਰੀਬ ਇਕ ਕਿੱਲੋ ਤੋਂ ਉੱਪਰ ਹੁੰਦਾ ਹੈ | ਉਨ੍ਹਾਂ ਕੰਪਨੀ ਵਾਲਿਆਂ ਨੂੰ ਲਿਆ ਕੇ ਆਪਣੇ ਖੇਤ ਖੜ੍ਹੀ ਫ਼ਸਲ ਵੀ ਦਿਖਾਈ ਪਰ ਉਨ੍ਹਾਂ ਲਾਰਿਆਂ ਸਿਵਾਏ ਕੁਝ ਵੀ ਕਿਸਾਨਾਂ ਪੱਲੇ ਨਹੀਂ ਪਾਇਆ | ਉਨ੍ਹਾਂ ਦੱਸਿਆ ਕਿ ਪੰਜ ਏਕੜ 'ਚੋਂ ਕਰੀਬ 10 ਲੱਖ ਦੀ ਫ਼ਸਲ ਹੋਣੀ ਸੀ ਜੋ ਪੂਰੀ ਤਰ੍ਹਾਂ ਤਬਾਹ ਹੋ ਗਈ | ਉਨ੍ਹਾਂ ਇਹ ਫ਼ਸਲ ਮੰਡੀ ਵਿਚ ਛਾਂਟੀ ਦੇ ਭਾਅ ਵਿਕੀ ਅਤੇ 50 ਹਜ਼ਾਰ ਰੁਪਏ ਏਕੜ ਦੇ ਹਿਸਾਬ ਨਾਲ ਢਾਈ ਲੱਖ ਰੁਪਏ ਦਾ ਖ਼ਰਚਾ ਆਇਆ | ਜ਼ਮੀਨ ਠੇਕਾ ਵੀ ਪੂਰਾ ਨਹੀਂ ਪਿਆ | ਉਨ੍ਹਾਂ ਦੇ ਕਹਿਣ ਮੁਤਾਬਿਕ ਇਸ ਕੰਪਨੀ ਨਾਲ ਉਨ੍ਹਾਂ ਦਾ ਕਰੀਬ ਤਿੰਨ ਸਾਲ ਤੋਂ ਵਾਹ ਹੈ ਅਤੇ ਉਹ ਇਸੇ ਕੰਪਨੀ ਦਾ ਵੈਂਗਣੀ ਦਾ ਬੀਜ ਵੀ ਬੀਜਦੇ ਸਨ ਜੋ ਵਧੀਆ ਝਾੜ ਦਿੰਦਾ ਸੀ | ਕੰਪਨੀ ਦੇ ਇਸੇ ਝਾਂਸੇ ਵਿਚ ਆ ਕੇ ਉਹ ਫਸ ਗਏ | ਇਸ ਸਬੰਧੀ ਕੰਪਨੀ ਦੇ ਮੁਲਾਜ਼ਮ ਜਸਪਾਲ ਚਾਹਲ ਨਾਲ ਫ਼ੋਨ 'ਤੇ ਗੱਲ ਕੀਤੀ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ |

ਪਿਛਲੀ ਖ਼ਬਰ ਕੋਟ ਈਸੇ ਖਾਂ 'ਚ ਕਬਾੜ ਦੀ ਦੁਕਾਨ ਨੂੰ ਲੱਗੀ ਅੱਗ <br/> ਅਗਲੀ ਖ਼ਬਰ -ਮਾਮਲਾ ਮਹਿਕਮੇ ਵਲੋਂ ਭੇਜੇ ਗਏ ਭਾਰੀ ਭਰਕਮ ਐਵਰੇਜ ਬਿੱਲਾਂ ਦਾ- ਸਮਾਰਟ ਮੀਟਰਾਂ ਖ਼ਿਲਾਫ ਕਿਸਾਨ ਮਜ਼ਦੂਰ ਜਥੇਬੰਦੀਆਂ ਦਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।