09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਰਾਸ਼ਟਰਪਤੀ ਕੋਲੋਂ ਪੁਰਸਕਾਰ ਲੈਣ ਉਪਰੰਤ ਪਿੰਡ ਪੁੱਜੇ ਸਰਵਨ ਸਿੰਘ ਦਾ ਹੋਇਆ ਨਿੱਘਾ ਸਵਾਗਤ

ਅਜੀਤ ਡੈਸਕ 29-12-2025

ਮਮਦੋਟ (ਫਿਰੋਜ਼ਪੁਰ), 28 ਦਸੰਬਰ (ਸੁਖਦੇਵ ਸਿੰਘ ਸੰਗਮ)-ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਚੱਕ ਘੁਬਾਈ ਉਰਫ਼ ਤਰਾਂ ਵਾਲਾ ਦੇ 10 ਸਾਲਾ ਸਰਵਨ ਸਿੰਘ ਰਾਸ਼ਟਰਪਤੀ ਦਰੋਪਦੀ ਮੁਰਮੂ ਕੋਲੋਂ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲੈਣ ਉਪਰੰਤ 27 ਦਸੰਬਰ ਦੀ ਰਾਤ ਜਦੋਂ ਪਿੰਡ ਪੁੱਜਿਆ ਤਾਂ ਪਿੰਡ ਵਾਲਿਆਂ ਸਮੇਤ ਇਲਾਕੇ ਭਰ ਦੇ ਲੋਕਾਂ ਨੇ ਢੋਲ-ਢਮੱਕੇ ਨਾਲ ਉਸ ਦਾ ਸਵਾਗਤ ਕੀਤਾ | ਸਰਵਨ ਸਿੰਘ ਨੇ ਨਿੱਕੀ ਉਮਰੇ ਜਿਸ ਤਰ੍ਹਾਂ ਮਨ ਵਿਚ ਦੇਸ਼ ਸੇਵਾ ਦਾ ਜਜ਼ਬਾ ਲੈ ਕੇ ਆਪ੍ਰੇਸ਼ਨ ਸੰਧੂਰ ਦੌਰਾਨ ਮਮਦੋਟ ਖੇਤਰ ਵਿਚ ਤਾਇਨਾਤ ਭਾਰਤੀ ਫ਼ੌਜ ਦੇ ਜਵਾਨਾਂ ਦੀ ਸੇਵਾ ਕੀਤੀ ਸੀ ਉਸ ਨੂੰ ਲੈ ਕੇ ਇਲਾਕੇ ਦਾ ਹਰ ਵਿਅਕਤੀ ਮਾਣ ਮਹਿਸੂਸ ਕਰ ਰਿਹਾ ਹੈ | ਦੇਰ ਰਾਤ ਘਰ ਪੁੱਜਣ ਤੋਂ ਅਗਲੇ ਦਿਨ ਤੱਕ ਸਿਆਸੀ ਪਾਰਟੀਆਂ ਸਮੇਤ ਧਾਰਮਿਕ ਜਥੇਬੰਦੀਆਂ ਦੁਆਰਾ ਸਰਵਨ ਸਿੰਘ ਦੇ ਘਰ ਪਹੁੰਚ ਕੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ | ਇਸ ਦੌਰਾਨ ਸਰਵਨ ਸਿੰਘ ਦੇ ਪਿਤਾ ਸੋਨਾ ਸਿੰਘ ਅਤੇ ਮਾਤਾ ਸੰਤੋਸ਼ ਰਾਣੀ ਨੇ ਆਪਣੇ ਪੁੱਤਰ ਦੀ ਇਸ ਪ੍ਰਾਪਤੀ ਨੂੰ ਪੂਰੇ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਪ੍ਰਾਪਤੀ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਦੇ ਇਹ ਤਸੱਵਰ ਵੀ ਨਹੀਂ ਕੀਤਾ ਸੀ ਕਿ ਉਨ੍ਹਾਂ ਦਾ ਪੁੱਤਰ ਛੋਟੀ ਉਮਰ ਵਿਚ ਹੀ ਅਜਿਹਾ ਮੁਕਾਮ ਹਾਸਲ ਕਰੇਗਾ | ਇਸ ਮੌਕੇ ਸਰਵਨ ਸਿੰਘ ਨੇ ਕਿਹਾ ਕਿ ਫ਼ੌਜ ਦੀ ਸੇਵਾ ਕਰਨਾ ਉਸ ਨੂੰ ਬਹੁਤ ਚੰਗਾ ਲੱਗਦਾ ਸੀ | ਉਸ ਨੇ ਦੱਸਿਆ ਕਿ ਭਾਰਤ ਦੇ ਰਾਸ਼ਟਰਪਤੀ ਕੋਲੋਂ ਐਵਾਰਡ ਮਿਲਣ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਕੇ ਉਸ ਨੂੰ ਬਹੁਤ ਹੀ ਚੰਗਾ ਲੱਗਿਆ | ਉਸ ਨੇ ਕਿਹਾ ਕਿ ਉਹ ਚੰਗੀ ਪੜ੍ਹਾਈ ਕਰਕੇ ਫ਼ੌਜੀ ਅਫ਼ਸਰ ਬਣਨ ਦੀ ਖ਼ਾਹਿਸ਼ ਰੱਖਦਾ ਹੈ |

ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਆਲਮਗੀਰ ਤੋਂ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਕਲਾਨੌਰ ਦੇ ਪਿੰਡ ਜੀਓ ਜੁਲਾਈ 'ਚ ਅਦਾਰਾ 'ਅਜੀਤ' ਦੀ ਬਟਾਲਾ ਟੀਮ ਨੇ ਕਿਸਾਨਾਂ ਨੂੰ ਯੂਰੀਆ ਖਾਦ ਵੰਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।