12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

— ਇੰਦਰਪ੍ਰੀਤ ਸਿੰਘ ਪੈਰੀ ਕਤਲ ਮਾਮਲਾ — ਪਰਿਵਾਰ ਦਾ ਰੋਸ, ਭਰਾ ਵਲੋਂ ਵੱਡੇ ਖ਼ੁਲਾਸੇ <br/>

ਅਜੀਤ ਡੈਸਕ 04-12-2025
ਚੰਡੀਗੜ੍ਹ, 3 ਦਸੰਬਰ (ਕਪਿਲ ਵਧਵਾ)-ਚੰਡੀਗੜ੍ਹ ਦੇ ਸੈਕਟਰ 26 ਟਿੰਬਰ ਮਾਰਕੀਟ ਵਿਚ ਹੋਏ ਇੰਦਰਪ੍ਰੀਤ ਸਿੰਘ ਪੈਰੀ ਦੇ ਕਤਲ ਤੋਂ ਬਾਅਦ ਬੁੱਧਵਾਰ ਨੂੰ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ | ਪਰਿਵਾਰਕ ਮੈਂਬਰਾਂ ਅਤੇ ਉਸ ਦੇ ਨਜ਼ਦੀਕੀਆਂ ਨੇ ਪੈਰੀ ਦੀ ਲਾਸ਼ ਦੇ ਅੰਤਿਮ ਦਰਸ਼ਨ ਕੀਤੇ ਤੇ ਪੈਰੀ ਦੇ ਭਰਾ ਨੇ ਉਸ ਦੀ ਮਿ੍ਤਕ ਦੇਹ ਨੂੰ ਮੁੱਖ ਅਗਨੀ ਦਿੱਤੀ | ਸੰਸਕਾਰ ਦੌਰਾਨ ਪਰਿਵਾਰ ਅਤੇ ਦੋਸਤ ਗ਼ਮ ਨਾਲ ਭਰੇ ਹੋਏ ਨਜ਼ਰ ਆਏ |
ਕਈ ਦਿਨਾਂ ਤੋਂ ਰੇਕੀ ਕਰ ਰਹੇ ਸਨ ਹਮਲਾਵਰ: ਭਰਾ ਦਾ ਦਾਅਵਾ
ਪੈਰੀ ਦੇ ਭਰਾ ਹਰਨੀਤ ਸਿੰਘ, ਜੋ ਕਿ ਪੰਜਾਬ ਪੁਲਿਸ ਵਿਚ ਏ.ਐਸ.ਆਈ. ਹੈ, ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਈ ਮਹੱਤਵਪੂਰਨ ਖੁਲਾਸੇ ਕੀਤੇ | ਉਸ ਨੇ ਕਿਹਾ ਕਿ ਹਮਲਾਵਰ ਪਿਛਲੇ ਕੁਝ ਦਿਨਾਂ ਤੋਂ ਘਰ ਦੇ ਨੇੜੇ ਘੁੰਮਦੇ ਦੇਖੇ ਗਏ ਸਨ ਅਤੇ ਇਕ ਚਿੱਟੀ ਕਰੇਟਾ ਕਾਰ ਕਈ ਵਾਰ ਰੇਕੀ ਕਰਦੀ ਪਾਈ ਗਈ | ਹਰਨੀਤ ਸਿੰਘ ਮੁਤਾਬਿਕ, ਸੋਮਵਾਰ ਦੁਪਹਿਰ 3 ਵਜੇ ਦੇ ਲਗਭਗ ਪੈਰੀ ਨੂੰ ਸਨੈਪਚੈਟ 'ਤੇ ਇਕ ਅਣਜਾਣ ਨੰਬਰ ਤੋਂ ਬਾਰ-ਬਾਰ ਕਾਲਾਂ ਆ ਰਹੀਆਂ ਸਨ | ਕਾਲ ਕਰਨ ਵਾਲਾ ਪਹਿਲਾਂ ਸੈਕਟਰ 10 ਅਤੇ ਫਿਰ ਸੈਕਟਰ 26 ਵਿਚ ਮਿਲਣ ਲਈ ਦਬਾਅ ਬਣਾ ਰਿਹਾ ਸੀ, ਜਿੱਥੇ ਬਾਅਦ ਵਿਚ ਕਤਲ ਹੋਇਆ | ਹਰਨੀਤ ਨੇ ਕਿਹਾ ਕਿ ਹਮਲਾਵਰਾਂ ਦੀ ਯੋਜਨਾ ਇਹੀ ਸੀ ਕਿ ਪੈਰੀ ਨੂੰ ਭਰੋਸੇ ਵਿਚ ਲੈ ਕੇ ਘਰੋਂ ਬਾਹਰ ਬੁਲਾਇਆ ਜਾਵੇ ਅਤੇ ਫਿਰ ਘਾਤ ਲਗਾ ਕੇ ਹਮਲਾ ਕਰ ਦਿੱਤਾ ਜਾਵੇ | ਉਸ ਨੇ ਦਾਅਵਾ ਕੀਤਾ ਕਿ ਪੂਰਾ ਪਰਿਵਾਰ ਖਤਰੇ ਵਿਚ ਹੈ ਅਤੇ ਹਮਲਾਵਰਾਂ ਲਈ ਉਨ੍ਹਾਂ ਨੂੰ ਨਿਸ਼ਾਨਾ ਬਣਾਉਣਾ ਆਸਾਨ ਹੈ | ਪੁਲਿਸ ਸੂਤਰਾਂ ਅਨੁਸਾਰ ਕਤਲ ਉਪਰੰਤ ਕਰੇਟਾ ਗੱਡੀ ਨੂੰ ਛੱਡਣ ਤੋਂ ਬਾਅਦ ਹਮਲਾਵਰ ਪਹਿਲਾ ਕੁਝ ਦੇਰ ਪੈਦਲ ਚੱਲੇ ਅਤੇ ਫਿਰ ਮੋਟਰਸਾਈਕਲ 'ਤੇ ਫਰਾਰ ਹੋ ਗਏ | ਚੰਡੀਗੜ੍ਹ ਕ੍ਰਾਈਮ ਬ੍ਰਾਂਚ ਨੇ ਕਰੇਟਾ ਗੱਡੀ ਨੂੰ ਜ਼ਬਤ ਕਰਕੇ ਮਨੀਮਾਜਰਾ ਥਾਣੇ ਵਿਚ ਖੜ੍ਹਾ ਕਰ ਦਿੱਤਾ ਹੈ | ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਮਲਾਵਰਾਂ ਦੇ ਵੀਡੀਓ ਕਲਿੱਪਾਂ ਅਤੇ ਗੋਲਡੀ ਦੀ ਤਰਫ਼ੋਂ ਜਾਰੀ ਕੀਤੀ ਗਈ ਆਡੀਓ ਦੀ ਵੀ ਪੁਲਿਸ ਜਾਂਚ ਕਰ ਰਹੀ ਹੈ |
ਗੋਲਡੀ ਬਰਾੜ-ਲਾਰੈਂਸ ਗੈਂਗ 'ਚ ਤਣਾਅ ਵਧਿਆ, ਹੈਰੀ ਬਾਕਸਰ ਦੀ ਸਿੱਧੀ ਧਮਕੀ
ਪੈਰੀ ਦੇ ਕਤਲ ਤੋਂ ਬਾਅਦ ਗੈਂਗਵਾਰ ਦੀ ਅੱਗ ਹੋਰ ਭੜਕ ਗਈ ਹੈ | ਗੈਂਗਸਟਰ ਗੋਲਡੀ ਬਰਾੜ ਵਲੋਂ ਲਾਰੈਂਸ ਨੂੰ ਦਿੱਤੀ ਧਮਕੀ ਦੇ ਬਾਅਦ ਲਾਰੈਂਸ ਗੈਂਗ ਮੁਤਾਬਿਕ ਕਾਫੀ ਗੁੱਸੇ ਵਿਚ ਹੈ | ਲਾਰੈਂਸ ਗੈਂਗ ਦੇ ਗੈਂਗਸਟਰ ਹੈਰੀ ਬਾਕਸਰ ਨੇ ਇਕ ਆਡੀਓ ਜਾਰੀ ਕਰਕੇ ਗੋਲਡੀ ਬਰਾੜ ਨੂੰ ਚੁਣੌਤੀ ਦਿੱਤੀ | ਉਸ ਨੇ ਦਾਅਵਾ ਕੀਤਾ ਕਿ ''ਗੋਲਡੀ ਨੂੰ ਬਦਮਾਸ਼ੀ ਵਿਚ ਲਿਆਉਣ ਵਾਲੇ ਉਹ ਸਨ, ਹੁਣ ਉਸ ਦਾ ਅੰਤ ਵੀ ਉਹੀ ਕਰਨਗੇ |'' ਉਸ ਨੇ ਗੋਲਡੀ ਨੂੰ ਪਤਾ ਸਾਂਝਾ ਕਰਨ ਦੀ ਸਿੱਧੀ ਚੁਣੌਤੀ ਦਿੰਦਿਆਂ ਕਿਹਾ ਕਿ 'ਆ ਕੇ ਮਿਲ ਲੈ, ਤੇਰੀ ਬਦਮਾਸ਼ੀ ਕੱਢ ਦੇਵਾਂਗੇ |

ਪਿਛਲੀ ਖ਼ਬਰ ਇਕੋ ਸਮੇਂ ਚੋਣਾਂ ਨਾਲ ਸੰਵਿਧਾਨ ਦੇ ਮੂਲ ਢਾਂਚੇ ਨੂੰ ਨੁਕਸਾਨ ਨਹੀਂ ਪੁੱਜੇਗਾ-ਕਾਨੂੰਨ ਕਮਿਸ਼ਨ ਅਗਲੀ ਖ਼ਬਰ ਰਾਹੁਲ ਗਾਂਧੀ ਉਸ ਹੁਕਮ 'ਤੇ ਟਿੱਪਣੀ ਨਾ ਕਰਨ ਜਿਸ ਨੂੰ ਚੁਣੌਤੀ ਨਹੀਂ ਦਿੱਤੀ-ਪੁਣੇ ਅਦਾਲਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।