ਗੁਰੂਗ੍ਰਾਮ, 3 ਦਸੰਬਰ (ਪੀ.ਟੀ.ਆਈ.)-ਨੂਹ ਜ਼ਿਲ੍ਹੇ ਦੇ ਇਕ ਵਕੀਲ, ਜਿਸ ਨੂੰ ਨਵੰਬਰ 'ਚ ਪਾਕਿਸਤਾਨੀ ਖੁਫ਼ੀਆ ਏਜੰਸੀ ਆਈ.ਐਸ.ਆਈ. ਲਈ ਜਾਸੂਸੀ ਕਰਨ ਦੇ ਦੋਸ਼ 'ਚ ਗਿ੍ਫ਼ਤਾਰ ਕੀਤਾ ਗਿਆ ਸੀ, ਨੇ ਪਿਛਲੇ ਤਿੰਨ ਮਹੀਨਿਆਂ 'ਚ ਅੱਤਵਾਦ ਫੰਡਿੰਗ ਲਈ ਪੈਸੇ ਦਾ ਲੈਣ-ਦੇਣ ਕਰਨ ਲਈ ਕਥਿਤ ਤੌਰ 'ਤੇ 5 ਵਾਰ ਪੰਜਾਬ ਦਾ ਦੌਰਾ ਕੀਤਾ | ਇਕ ਸੀਨੀਅਰ ਜਾਂਚ ਅਧਿਕਾਰੀ ਨੇ ਦੱਸਿਆ ਕਿ ਕਥਿਤ ਦੋਸ਼ੀ ਰਿਜਵਾਨ ਨੇ ਅੱਤਵਾਦ ਫੰਡਿੰਗ ਵਿਚ ਸ਼ਾਮਿਲ ਹਵਾਲਾ ਵਪਾਰੀਆਂ ਨਾਲ ਕਥਿਤ ਤੌਰ 'ਤੇ ਲਗਭਗ 45 ਲੱਖ ਰੁਪਏ ਦਾ ਲੈਣ-ਦੇਣ ਕੀਤਾ | ਮੰਨਿਆ ਜਾਂਦਾ ਹੈ ਕਿ ਇਸ ਅੱਤਵਾਦ ਫੰਡਿੰਗ ਨੈੱਟਵਰਕ ਦੇ ਪਠਾਨਕੋਟ ਨਾਲ ਸੰਬੰਧ ਹਨ | ਕਿਹਾ ਜਾਂਦਾ ਹੈ ਕਿ ਹਵਾਲਾ ਵਪਾਰੀਆਂ ਨੇ ਥੋੜ੍ਹੇ ਸਮੇਂ ਵਿਚ 1 ਕਰੋੜ ਰੁਪਏ ਤੋਂ ਵੱਧ ਲੈਣ-ਦੇਣ ਕੀਤਾ, ਜਿਨ੍ਹਾਂ ਵਿਚੋਂ ਜ਼ਿਆਦਾਤਰ ਦਾ ਮਕਸਦ ਪੰਜਾਬ ਵਿਚ ਅੱਤਵਾਦੀ ਨੈੱਟਵਰਕ ਨੂੰ ਮਜ਼ਬੂਤ ਕਰਨਾ ਸੀ | ਇਸ ਸੰਬੰਧ 'ਚ ਨੂਹ ਪੁਲਿਸ ਨੇ ਸ਼ੁਰੂ 'ਚ ਰਿਜਵਾਨ ਦੇ ਦੋਸਤ ਮੁਸ਼ੱਰਫ ਨੂੰ ਹਿਰਾਸਤ 'ਚ ਲਿਆ ਸੀ, ਜਿਸ ਨੂੰ ਪੁੱਛਗਿੱਛ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ | ਇਸ ਤੋਂ ਬਾਅਦ ਟੀਮ ਨੇ ਪੰਜਾਬ ਦੇ ਜਲੰਧਰ 'ਚ ਮਲੇਸ਼ੀਆ ਪੱਟੀ ਦੇ ਰਹਿਣ ਵਾਲੇ ਅਜੈ ਅਰੋੜਾ ਨੂੰ ਗਿ੍ਫਤਾਰ ਕੀਤਾ | ਪੁਲਿਸ ਨੇ ਕਿਹਾ ਕਿ ਉਸ 'ਤੇ ਹਵਾਲਾ ਰਾਹੀਂ ਰਿਜ਼ਵਾਨ ਨੂੰ ਪੈਸੇ ਭੇਜਣ ਅਤੇ ਲੈਣ-ਦੇਣ 'ਚ ਸਹੂਲਤ ਦੇਣ ਦਾ ਦੋਸ਼ ਹੈ | ਅਰੋੜਾ ਦੀ ਗਿ੍ਫ਼ਤਾਰੀ ਤੋਂ ਬਾਅਦ ਟੀਮ ਨੇ ਪੰਜਾਬ ਦੇ ਅੰਮਿ੍ਤਸਰ 'ਚ ਤਿੰਨ ਹੋਰ ਸ਼ੱਕੀਆਂ ਨੂੰ ਗਿ੍ਫ਼ਤਾਰ ਕੀਤਾ | ਪੁਲਿਸ ਇਸ ਸਮੇਂ ਸੰਦੀਪ ਸਿੰਘ, ਅਮਨਦੀਪ ਅਤੇ ਜਸਕਰਨ ਤੋਂ ਪੁੱਛਗਿੱਛ ਕਰ ਰਹੀ ਹੈ, ਜਿਨ੍ਹਾਂ ਨੂੰ 8 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਰੱਖਿਆ ਗਿਆ ਹੈ |