ਅਟਾਰੀ ਸਰਹੱਦ (ਅੰਮਿ੍ਤਸਰ), 21 ਅਕਤੂਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਪੰਜਾਬ ਅੰਦਰ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਲਈ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ.ਐਸ.ਆਈ. ਦੇ ਇਸ਼ਾਰੇ 'ਤੇ ਮੰਗਵਾਏ ਗਏ ਮਾਰੂ ਹਥਿਆਰ ਸਮੇਤ ਪੰਜਾਬ ਪੁਲਿਸ ਨੇ ਅੱਤਵਾਦੀ ਮਾਡਿਊਲ ਦੇ ਕਾਰਕੁਨਾਂ ਨੂੰ ਗਿ੍ਫ਼ਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ | ਪੰਜਾਬ ਪੁਲਿਸ ਵਲੋਂ ਅਨੁਸਾਰ ਖੁਫ਼ੀਆ ਜਾਣਕਾਰੀ 'ਤੇ ਅਧਾਰਿਤ ਕੀਤੀ ਗਈ ਕਾਰਵਾਈ ਵਿਚ ਅੰਮਿ੍ਤਸਰ ਦਿਹਾਤੀ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਰਦਿਆਂ ਅੰਮਿ੍ਤਸਰ ਤੋਂ ਦੋ ਅੱਤਵਾਦੀ ਕਾਰਕੁਨਾਂ ਮਹਿਕਦੀਪ ਸਿੰਘ ਉਰਫ਼ ਮਹਿਕ ਅਤੇ ਆਦਿਤਿਆ ਉਰਫ਼ ਅਧੀ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਪਾਸੋਂ ਇਕ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰ. ਪੀ. ਜੀ.) ਅਤੇ ਲਾਂਚਰ ਬਰਾਮਦ ਕੀਤਾ ਹੈ, ਜੋ ਕਿ ਗਿ੍ਫ਼ਤਾਰ ਕੀਤੇ ਗਏ ਅੱਤਵਾਦੀ ਕਾਰਕੁਨਾਂ ਵਲੋਂ ਪਾਕਿਸਤਾਨ ਤੋਂ ਮੰਗਵਾਇਆ ਗਿਆ ਹੈ | ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਦੋਸ਼ੀ ਪਾਕਿਸਤਾਨ ਦੇ ਆਈ. ਐਸ. ਆਈ. ਆਪਰੇਟਰ, ਜਿਸ ਨੇ ਹਥਿਆਰ ਭੇਜੇ ਹਨ ਅਤੇ ਹਰਪ੍ਰੀਤ ਸਿੰਘ ਉਰਫ਼ ਵਿੱਕੀ, ਜੋ ਇਸ ਸਮੇਂ ਫਿਰੋਜ਼ਪੁਰ ਜੇਲ੍ਹ ਵਿਚ ਬੰਦ ਹੈ, ਦੇ ਸੰਪਰਕ ਵਿਚ ਸਨ | ਉਨ੍ਹਾਂ ਦੱਸਿਆ ਕਿ ਆਰ.ਪੀ.ਜੀ. ਦੀ ਵਰਤੋਂ ਅੱਤਵਾਦੀ ਹਮਲੇ ਲਈ ਕੀਤੀ ਜਾਣੀ ਸੀ | ਇਸ ਸੰਬੰਧੀ ਪੁਲਿਸ ਥਾਣਾ ਘਰਿੰਡਾ (ਅੰਮਿ੍ਤਸਰ) ਵਿਖੇ ਪਰਚਾ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਤੇ ਕੇਂਦਰੀ ਏਜੰਸੀ ਵਲੋਂ ਪੂਰੇ ਨੈੱਟਵਰਕ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ |
ਪਾਕਿ ਤੋਂ ਮੰਗਵਾਏ ਆਰ.ਪੀ.ਜੀ. ਅਤੇ ਲਾਂਚਰ ਸਮੇਤ ਦੋ ਕਾਬੂ <br/>
ਅਜੀਤ ਡੈਸਕ
22-10-2025