ਸ੍ਰੀ ਹਰਿਗੋਬਿੰਦਪੁਰ (ਬਟਾਲਾ), 21 ਅਕਤੂਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਗੁਰਦਾਸਪੁਰ ਰੋਡ 'ਤੇ ਸਥਿਤ ਪਿੰਡ ਧੀਰੋਵਾਲ ਵਿਖੇ ਅੱਜ ਦੁਪਹਿਰ ਕੰਬਾਇਨ ਅਤੇ ਮੋਟਰਸਾਈਕਲ ਦਰਮਿਆਨ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਕੰਬਾਈਨ ਥੱਲੇ ਆਉਣ ਨਾਲ ਪਿਓ-ਧੀ ਦੀ ਮੌਕੇ 'ਤੇ ਮੌਤ ਹੋ ਗਈ | ਜਾਣਕਾਰੀ ਅਨੁਸਾਰ ਚਰਨਜੀਤ ਸਿੰਘ ਆਪਣੀ ਪੁੱਤਰੀ ਤਰਨਪ੍ਰੀਤ ਕੌਰ (9), ਜੋ ਕਿ 5ਵੀਂ ਜਮਾਤ ਵਿਚ ਘੁਮਾਣ ਵਿਖੇ ਇਕ ਸਕੂਲ ਵਿਚ ਪੜ੍ਹਦੀ ਸੀ, ਨਾਲ ਹੀਰੋ ਡੀਲੈਕਸ ਮੋਟਰਸਾਈਕਲ ਨੰਬਰ ਪੀ.ਬੀ.18-ਐਕਸ5954 'ਤੇ ਗੁਰਦਾਸਪੁਰ-ਹਰਚੋਵਾਲ ਵਾਲੇ ਪਾਸੇ ਤੋਂ ਆਪਣੇ ਪਿੰਡ ਗਾਲੋਵਾਲ ਨੂੰ ਆ ਰਿਹਾ ਸੀ ਅਤੇ ਜਦੋਂ ਪਿੰਡ ਧੀਰੋਵਾਲ ਦੇ ਡੇਰਿਆਂ ਨੇੜੇ ਪੁੱਜਾ ਤਾਂ ਸ੍ਰੀ ਹਰਿਗੋਬਿੰਦਪੁਰ ਵਾਲੇ ਪਾਸੇ ਵਲੋਂ ਆ ਰਹੀ ਕੰਬਾਈਨ ਵਿਚ ਵੱਜਣ ਕਾਰਨ ਦੋਵੇਂ ਪਿਓ-ਧੀ ਮੌਕੇ 'ਤੇ ਹੀ ਦਮ ਤੋੜ ਗਏ | ਇਸ ਸਮੇਂ ਲੜਕੀ ਤਰਨਪ੍ਰੀਤ ਕੌਰ ਨੇ ਆਪਣੇ ਨਾਲ ਆਪਣਾ ਕੁੱਤਾ ਵੀ ਚੁੱਕਿਆ ਹੋਇਆ ਸੀ ਤੇ ਉਹ ਵੀ ਕੰਬਾਈਨ ਥੱਲੇ ਆਉਣ ਕਾਰਨ ਮਰ ਗਿਆ | ਮਿ੍ਤਕ ਚਰਨਜੀਤ ਸਿੰਘ ਦਾ ਜੱਦੀ ਪਿੰਡ (ਹੰਬੋਵਾਲ) ਜ਼ਿਲ੍ਹਾ ਗੁਰਦਾਸਪੁਰ ਸੀ ਅਤੇ ਉਹ ਇਸ ਸਮੇਂ ਆਪਣੇ ਪਰਿਵਾਰ ਸਮੇਤ ਆਪਣੇ ਸਹੁਰੇ ਪਿੰਡ ਗਾਲੋਵਾਲ ਨੇੜੇ ਸ੍ਰੀ ਹਰਿਗੋਬਿੰਦਪੁਰ ਵਿਖੇ ਰਹਿੰਦਾ ਸੀ | ਤਰਨਪ੍ਰੀਤ ਕੌਰ, ਚਰਨਜੀਤ ਸਿੰਘ ਦੀ ਇਕਲੋਤੀ ਧੀ ਸੀ | ਮਿ੍ਤਕ ਚਰਨਜੀਤ ਸਿੰਘ ਆਪਣੇ ਪਿੱਛੇ ਪਤਨੀ ਛੱਡ ਗਿਆ | ਘਟਨਾ ਦੀ ਸੂਚਨਾ ਮਿਲਣ 'ਤੇ ਸ੍ਰੀ ਹਰਿਗੋਬਿੰਦਪੁਰ ਪੁਲਿਸ ਸਬ ਡਵੀਜ਼ਨ ਦੇ ਡੀ.ਐੱਸ.ਪੀ. ਹਰੀਸ਼ ਬਹਿਲ, ਥਾਣਾ ਮੁਖੀ ਸੁਖਵਿੰਦਰ ਸਿੰਘ, ਏ.ਐੱਸ.ਆਈ. ਰਵਿੰਦਰ ਸਿੰਘ, ਏ.ਐੱਸ.ਆਈ. ਸਕੱਤਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਮਿ੍ਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ |
ਕੰਬਾਈਨ ਥੱਲੇ ਆਉਣ ਕਾਰਨ ਪਿਓ-ਧੀ ਦੀ ਮੌਤ <br/>
ਅਜੀਤ ਡੈਸਕ
22-10-2025