ਮੰਡੀ ਗੋਬਿੰਦਗੜ੍ਹ, 21 ਅਕਤੂਬਰ (ਰਾਜੇਸ਼ ਸ਼ਰਮਾ)-ਮੰਡੀ ਗੋਬਿੰਦਗੜ੍ਹ ਦੇ ਨਜ਼ਦੀਕੀ ਪਿੰਡ ਕੋਟਲਾ ਡਡਹੇੜੀ ਵਿਖੇ ਇਕ ਨੌਜਵਾਨ ਵਲੋਂ ਆਪਣੇ ਪਿਓ ਅਤੇ ਚਾਚੇ 'ਤੇ ਕਾਤਲਾਨਾ ਹਮਲਾ ਕਰ ਦਿੱਤਾ ਗਿਆ | ਇਸ ਹਮਲੇ ਵਿਚ ਚਾਚੇ ਦੀ ਮੌਤ ਹੋ ਗਈ, ਜਦੋਂਕਿ ਪਿਓ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ | ਜਾਣਕਾਰੀ ਅਨੁਸਾਰ ਸਤਿੰਦਰ ਕੌਰ ਪਤਨੀ ਜਸਪਾਲ ਸਿੰਘ ਵਾਸੀ ਪਿੰਡ ਕੋਟਲਾ ਡਡਹੇੜੀ ਨੇ ਥਾਣਾ ਗੋਬਿੰਦਗੜ੍ਹ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦਸਿਆ 19 ਅਕਤੂਬਰ ਨੂੰ ਘਰ ਵਿਚ ਮੈਂ ਅਤੇ ਮੇਰਾ ਪਤੀ ਜਸਪਾਲ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਕੋਟਲਾ ਡਡਹੇੜੀ ਮੌਜੂਦ ਸਨ | ਉਸ ਨੇ ਦੱਸਿਆ ਕਿ ਮੇਰੇ ਜੇਠ ਅਮਰਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਦਾ ਲੜਕਾ ਯਾਦਵਿੰਦਰ ਸਿੰਘ ਉਰਫ਼ ਕਾਕਾ ਘਰ ਦੀ ਛੱਤ ਉਪਰ ਘੁੰਮ ਰਿਹਾ ਸੀ, ਜੋ ਸਾਡੇ ਘਰ ਦੀਆਂ ਪੌੜੀਆਂ ਰਾਹੀਂ ਹੇਠਾਂ ਉਤਰ ਕੇ ਵਿਹੜੇ ਵਿਚ ਆ ਗਿਆ, ਜਿਸ ਨੇ ਹੱਥ ਵਿਚ ਕਹੀ ਫੜ੍ਹੀ ਹੋਈ ਸੀ | ਇਸ ਦੌਰਾਨ ਯਾਦਵਿੰਦਰ ਸਿੰਘ ਨੇ ਮੇਰੇ ਪਤੀ ਜਸਪਾਲ ਸਿੰਘ ਨੂੰ ਫੜ੍ਹ ਲਿਆ ਤੇ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਕਹੀ ਨਾਲ ਮੇਰੇ ਪਤੀ ਜਸਪਾਲ ਸਿੰਘ ਦੇ ਸਿਰ ਵਿਚ ਵਾਰ ਕਰ ਦਿੱਤਾ | ਇਸ ਦੌਰਾਨ ਰੌਲਾ ਸੁਣ ਮੇਰਾ ਜੇਠ ਅਮਰਜੀਤ ਸਿੰਘ ਅਤੇ ਉਸ ਦਾ ਲੜਕਾ ਗੁਰਪ੍ਰੀਤ ਸਿੰਘ ਵੀ ਆ ਗਏ | ਇਸ ਦੌਰਾਨ ਯਾਦਵਿੰਦਰ ਸਿੰਘ ਨੇ ਕਹੀ ਨਾਲ ਮੇਰੇ ਜੇਠ ਅਮਰਜੀਤ ਸਿੰਘ 'ਤੇ ਵੀ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੇ ਕਈ ਸੱਟਾਂ ਲੱਗੀਆਂ ਅਤੇ ਅਮਰਜੀਤ ਸਿੰਘ ਵੀ ਹੇਠਾਂ ਡਿੱਗ ਗਿਆ | ਇਸ ਝਗੜੇ ਵਿਚ ਜਸਪਾਲ ਸਿੰਘ ਦੀ ਮੌਤ ਹੋ ਗਈ, ਜਦੋਂਕਿ ਅਮਰਜੀਤ ਸਿੰਘ ਨੂੰ ਜ਼ਖ਼ਮੀ ਹਾਲਤ ਵਿਚ ਇਲਾਜ ਲਈ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਵਿਖੇ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇ ਕੇ ਉਸ ਨੂੰ ਜੀ.ਐਮ.ਸੀ.ਐਚ. ਸੈਕਟਰ 32 ਚੰਡੀਗੜ੍ਹ ਲਈ ਰੈਫ਼ਰ ਕਰ ਦਿੱਤਾ | ਪੁਲਿਸ ਨੇ ਮਿ੍ਤਕ ਜਸਪਾਲ ਸਿੰਘ ਦੀ ਪਤਨੀ ਸਤਿੰਦਰ ਕੌਰ ਦੇ ਬਿਆਨਾਂ 'ਤੇ ਕਥਿਤ ਦੋਸ਼ੀ ਯਾਦਵਿੰਦਰ ਸਿੰਘ 'ਤੇ ਮੁਕੱਦਮਾ ਦਰਜ ਕਰਕੇ ਮਿ੍ਤਕ ਜਸਪਾਲ ਸਿੰਘ ਦੀ ਲਾਸ਼ ਦੇ ਪੋਸਟਮਾਰਟਮ ਉਪਰੰਤ ਅੰਤਿਮ ਸੰਸਕਾਰ ਲਈ ਵਾਰਸਾਂ ਹਵਾਲੇ ਕਰ ਦਿੱਤਾ | ਪੁਲਿਸ ਨੇ ਕਥਿਤ ਦੋਸ਼ੀ ਯਾਦਵਿੰਦਰ ਸਿੰਘ ਨੂੰ ਗਿ੍ਫ਼ਤਾਰ ਵੀ ਕਰ ਲਿਆ ਹੈ |
ਭਤੀਜੇ ਵਲੋਂ ਕਹੀ ਮਾਰ ਕੇ ਚਾਚੇ ਦੀ ਹੱਤਿਆ, ਪਿਓ ਨੂੰ ਕੀਤਾ ਗੰਭੀਰ ਜ਼ਖ਼ਮੀ <br/>
ਅਜੀਤ ਡੈਸਕ
22-10-2025