ਦੇਵੀਗੜ੍ਹ, 4 ਦਸੰਬਰ (ਰਾਜਿੰਦਰ ਸਿੰਘ ਮੌਜੀ)-ਬਲਾਕ ਸੰਮਤੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਅੰਤਿਮ ਦਿਨ ਮਾਹੌਲ ਕੁੱਝ ਗਰਮ ਰਿਹਾ ਅਤੇ ਵਿਰੋਧੀ ਤੇ ਸੱਤਾਧਾਰੀ ਧਿਰ ਦੇ ਆਗੂਆਂ ਵਿਚ ਧੱਕਾਮੁੱਕੀ ਤੇ ਬਹਿਸ ਵੀ ਹੋਈ | ਬਲਾਕ ਸੰਮਤੀ ਭੁਨਰਹੇੜੀ ਦੇ 19 ਜ਼ੋਨਾਂ 'ਚ ਹੋਣ ਵਾਲੀ ਬਲਾਕ ਸੰਮਤੀ ਦੀ ਚੋਣ ਵਾਸਤੇ 35 ਉਮੀਦਵਾਰਾਂ ਨੇ ਆਪੋ-ਆਪਣੇ ਕਾਗ਼ਜ਼ ਭਰੇ | ਇਸ ਤਰ੍ਹਾਂ 19 ਜ਼ੋਨਾਂ 'ਚੋਂ ਕੁੱਲ 42 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਮਾਰਕੀਟ ਕਮੇਟੀ ਦੁੱਧਨ ਸਾਧਾਂ ਵਿਖੇ ਦਾਖਲ ਕਰਵਾਏ ਗਏ | ਵਰਨਣਯੋਗ ਹੈ ਕਿ ਬਲਾਕ ਸੰਮਤੀ ਭੁਨਰਹੇੜੀ ਦੇ 19 ਜ਼ੋਨਾਂ 'ਚੋਂ ਨਾਮਜ਼ਦਗੀਆਂ ਭਰਨ ਦਾ ਅੱਜ ਅੰਤਿਮ ਦਿਨ ਸੀ, ਜਿਸ ਨੂੰ ਲੈ ਕੇ ਸੱਤਾਧਾਰੀ ਧਿਰ ਤੇ ਵਿਰੋਧੀ ਧਿਰਾਂ ਦੇ ਉਮੀਦਵਾਰ ਸਵੇਰ ਤੋਂ ਹੀ ਆਪੋ-ਆਪਣੇ ਕਾਗ਼ਜ਼ ਭਰਨ ਲਈ ਰਿਟਰਨਿੰਗ ਅਫ਼ਸਰਾਂ ਤੇ ਦਫ਼ਤਰ ਮਾਰਕੀਟ ਕਮੇਟੀ ਦੁੱਧਨ ਸਾਧਾਂ ਵਿਖੇ ਆਪਣੇ ਸਮਰਥਕਾਂ ਨਾਲ ਪਹੁੰਚੇ, ਜਿਨ੍ਹਾਂ 'ਚ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸੀਨੀਅਰ ਕਾਂਗਰਸੀ ਆਗੂ ਹਰਿੰਦਰਪਾਲ ਸਿੰਘ ਹੈਰੀਮਾਨ, ਜੋਗਿੰਦਰ ਸਿੰਘ ਕਾਕੜਾ, ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਜਿੰਦਰ ਸਿੰਘ ਵਿਰਕ ਤੇ ਫੌਜਇੰਦਰ ਸਿੰਘ ਮੁਖਮੈਲਪੁਰ ਪਹੁੰਚੇ | ਨਾਮਜ਼ਦਗੀਆਂ ਭਰਨ ਦੀ ਪ੍ਰਤੀਕਿਰਿਆ ਸ਼ਾਮ ਤੱਕ ਚਲਦੀ ਰਹੀ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਭਾਵੇਂ ਕਿ ਨਾਮਜ਼ਦਗੀਆਂ ਭਰਨ ਦੇ ਅੰਤਿਮ ਦਿਨ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ ਜਿਸ ਕਾਰਨ ਨਾਮਜ਼ਦਗੀਆਂ ਭਰਨ ਦੇ ਅੰਤਿਮ ਦਿਨ ਵੱਖ-ਵੱਖ ਉਮੀਦਵਾਰਾਂ ਨੇ ਆਪਣੇ ਸਮਰਥਕਾਂ ਨਾਲ ਆਪੋ-ਆਪਣੇ ਕਾਗ਼ਜ਼ ਦਾਖਲ ਕਰਵਾ ਦਿੱਤੇ |