ਸਮਾਣਾ, 4 ਦਸੰਬਰ (ਸਾਹਿਬ ਸਿੰਘ)-ਆਵਾਜਾਈ ਪੁਲਿਸ ਸਮਾਣਾ ਨੇ ਬਾਬਾ ਬੰਦਾ ਸਿੰਘ ਬਹਾਦਰ ਚੌਕ 'ਚ ਨਾਕੇਬੰਦੀ ਕਰਕੇ 10 ਸਕੂਲੀ ਬੱਸਾਂ ਦੇ ਬੇ-ਨਿਯਮੀਆਂ ਕਾਰਨ ਚਲਾਨ ਕੱਟੇ | ਇਸ ਮੌਕੇ ਪੁਲਿਸ ਉਪ-ਕਪਤਾਨ (ਆਵਾਜਾਈ) ਪਟਿਆਲਾ ਪੁਨੀਤ ਸਿੰਘ ਚਹਿਲ, ਆਰ. ਟੀ. ਓ. ਮਨਜੋਤ ਸਿੰਘ, ਨਾਇਬ ਤਹਿਸੀਲਦਾਰ ਇੰਦਰਜੀਤ ਕੌਰ, ਆਵਾਜਾਈ ਪੁਲਿਸ ਸਮਾਣਾ ਦੇ ਮੁਖੀ ਝਿਰਮਲ ਸਿੰਘ, ਜਸਪਾਲ ਸਿੰਘ ਮੌਜੂਦ ਸਨ | ਸ. ਚਹਿਲ ਨੇ ਉਨ੍ਹਾਂ ਦੱਸਿਆ ਕਿ ਸਕੂਲਾਂ 'ਚ ਬੱਚਿਆਂ ਦੀ ਢੋਆ-ਢੁਆਈ ਵਾਲੀਆਂ ਬੱਸਾਂ ਵਿਚ ਕੰਡਕਟਰ, ਸੀਟ ਬੈਲਟਾਂ, ਮੁੱਢਲੀ ਸਹਾਇਤਾ ਡੱਬਾ ਨਾ ਹੋਣ ਕਾਰਨ ਚਲਾਨ ਕੱਟੇ ਗਏ ਹਨ | ਉਨ੍ਹਾਂ ਦੇ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਅੱਗੇ ਤੋਂ ਕਿਸੇ ਵੀ ਸਕੂਲੀ ਵਾਹਨ ਦੇ ਡਰਾਈਵਰ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਿਚ ਅਣਗਹਿਲੀ ਵਰਤੀ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ | ਦੱਸਣਯੋਗ ਹੈ ਕਿ ਮੰਗਲਵਾਰ ਸ਼ਾਮ ਨੂੰ ਇਕ ਨਿੱਜੀ ਸਕੂਲ ਦੀ ਬੱਸ ਪਿੰਡ ਗਾਜੀਪੁਰ ਵਿਖੇ ਜਦੋਂ ਵਿਦਿਆਰਥੀ ਗੁਰਸਤਿਕਾਰ ਸਿੰਘ ਨੂੰ ਉਤਾਰਨ ਤੋਂ ਬਾਅਦ ਜਦੋਂ ਉਹ ਸੜਕ ਪਾਰ ਕਰ ਰਿਹਾ ਸੀ ਤਾਂ ਇਕ ਮੋਟਰਸਾਈਕਲ ਸਵਾਰ ਨੇ ਉਸ ਬੱਚੇ ਨੂੰ ਟੱਕਰ ਮਾਰ ਦਿੱਤੀ | ਜਿਸ ਕਾਰਨ ਉਸ ਦੇ ਮੱਥੇ, ਬੁੱਲ੍ਹ ਅਤੇ ਅੱਖਾਂ 'ਚ ਗੰਭੀਰ ਸੱਟਾਂ ਲੱਗੀਆਂ ਸਨ | ਉਸ ਦਾ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਵਿਖੇ ਹੋਇਆ ਸੀ |